ਕੈਨੇਡਾ ਅਤੇ ਆਸਟ੍ਰੇਲੀਆ ’ਚ 2 ਪੰਜਾਬੀਆਂ ਨਾਲ ਵਰਤਿਆ ਭਾਣਾ
ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਇਕ ਹੋਰ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖ਼ਦ ਖਬਰ ਸਾਹਮਣੇ ਆਈ ਹੈ

By : Upjit Singh
ਸਰੀ/ਮੈਲਬਰਨ : ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਇਕ ਹੋਰ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖ਼ਦ ਖਬਰ ਸਾਹਮਣੇ ਆਈ ਹੈ। ਸਰੀ ਵਿਖੇ ਪੜ੍ਹ ਰਹੇ ਨੌਜਵਾਨ ਦੀ ਸ਼ਨਾਖ਼ਤ 24 ਸਾਲ ਦੇ ਬਲਤੇਜ ਸਿੰਘ ਧਾਲੀਵਾਲ ਵਜੋਂ ਕੀਤੀ ਗਈ ਹੈ ਜੋ ਬਰਨਾਲਾ ਜ਼ਿਲ੍ਹੇ ਦੇ ਪਿੰਡ ਛੀਨੀਵਾਲ ਨਾਲ ਸਬੰਧਤ ਸੀ। ਬਲਤੇਜ ਸਿੰਘ ਧਾਲੀਵਾਲ ਦਸੰਬਰ 2023 ਵਿਚ ਸਰੀ ਪੁੱਜਾ ਅਤੇ ਸੁਪਨਿਆਂ ਦੇ ਮੁਲਕ ਵਿਚ ਪੜ੍ਹਾਈ ਦੇ ਨਾਲ-ਨਾਲ ਕੰਮ ਵੀ ਕਰਨ ਲੱਗਾ। ਬਲਤੇਜ ਸਿੰਘ ਇਕ ਸਾਧਾਰਣ ਕਿਸਾਨ ਪਰਵਾਰ ਨਾਲ ਸਬੰਧਤ ਸੀ ਜਿਸ ਦੇ ਪਿਤਾ ਨਿਜੀ ਬੱਸ ਵਿਚ ਕੰਡਕਟਰ ਵਜੋਂ ਕੰਮ ਕਰਦੇ ਹਨ ਅਤੇ ਆਪਣੇ ਪੁੱਤ ਦੇ ਸੁਨਹਿਰੀ ਭਵਿੱਖ ਲਈ ਉਸ ਨੂੰ ਵਿਦੇਸ਼ ਭੇਜਿਆ।
ਸਰੀ ਵਿਖੇ ਬਲਤੇਜ ਸਿੰਘ ਧਾਲੀਵਾਲ ਨੇ ਦਮ ਤੋੜਿਆ
ਪਿੰਡ ਛੀਨੀਵਾਲ ਦੇ ਨਿਰਮਲ ਸਿੰਘ ਮੁਤਾਬਕ ਬਲਤੇਜ ਸਿੰਘ ਦੀ ਮੌਤ ਬਾਰੇ ਕੈਨੇਡਾ ਰਹਿੰਦੇ ਉਸ ਦੇ ਕਜ਼ਨ ਨੇ ਜਾਣਕਾਰੀ ਦਿਤੀ। ਬਲਤੇਜ ਸਿੰਘ ਦੀ ਦੇਹ ਪੰਜਾਬ ਭੇਜਣ ਲਈ ਬਰੈਂਪਟਨ ਦੇ ਜਗਜੀਤ ਸਿੰਘ ਭੁੱਲਰ ਵੱਲੋਂ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਦੂਜੇ ਪਾਸੇ ਆਸਟ੍ਰੇਲੀਆ ਦੇ ਬੈਵਰਿਜ ਸ਼ਹਿਰ ਵਿਚ ਹਰਜੋਤ ਸਿੰਘ ਦਾ ਦਿਹਾਂਤ ਹੋਣ ਦੀ ਦੁਖ਼ਦ ਖ਼ਬਰ ਸਾਹਮਣੇ ਆਈ ਹੈ। ਹਰਜੋਤ ਦੀ ਦੇਹ ਪੰਜਾਬ ਭੇਜਣ ਲਈ ਬੈਵਰਿਜ ਦੀ ਪਰਮਜੀਤ ਕੌਰ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ। ਪਰਮਜੀਤ ਕੌਰ ਮੁਤਾਬਕ ਹਰਜੋਤ ਸਿੰਘ ਦਾ ਮਾਪੇ ਆਖਰੀ ਵਾਰ ਆਪਣੇ ਪੁੱਤ ਦਾ ਚਿਹਰਾ ਦੇਖਣਾ ਚਾਹੁੰਦੇ ਹਨ ਅਤੇ ਇਹ ਸਭ ਕਮਿਊਨਿਟੀ ਦੀ ਮਦਦ ਨਾਲ ਹੀ ਸੰਭਵ ਹੈ।


