Canada ਵਿਚ 2 ਪੰਜਾਬਣਾਂ ਨੇ ਲੁੱਟਿਆ beauty parlor
ਕੈਨੇਡਾ ਵਿਚ ਵਾਪਰੀ ਹੈਰਾਨਕੁੰਨ ਵਾਰਦਾਤ ਦੌਰਾਨ ਦੋ ਪੰਜਾਬਣ ਮੁਟਿਆਰਾਂ ਸਲੌਨ ਵਿਚ ਬਣਿਆ 800 ਡਾਲਰ ਦਾ ਬਿਲ ਅਦਾ ਕੀਤੇ ਬਗੈਰ ਹੀ ਫ਼ਰਾਰ ਹੋ ਗਈਆਂ ਅਤੇ ਹੁਣ ਕੈਲਗਰੀ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ

By : Upjit Singh
ਕੈਲਗਰੀ : ਕੈਨੇਡਾ ਵਿਚ ਵਾਪਰੀ ਹੈਰਾਨਕੁੰਨ ਵਾਰਦਾਤ ਦੌਰਾਨ ਦੋ ਪੰਜਾਬਣ ਮੁਟਿਆਰਾਂ ਸਲੌਨ ਵਿਚ ਬਣਿਆ 800 ਡਾਲਰ ਦਾ ਬਿਲ ਅਦਾ ਕੀਤੇ ਬਗੈਰ ਹੀ ਫ਼ਰਾਰ ਹੋ ਗਈਆਂ ਅਤੇ ਹੁਣ ਕੈਲਗਰੀ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਹਾਰਵੈਸਟ ਹੇਅਰ ਸਲੌਨ ਐਂਡ ਸਪਾਅ ਦੀ ਹੇਅਰ ਸਟਾਈਲਿਸਟ ਰਾਜੀ ਵਿਰਕ ਨੇ ਦੱਸਿਆ ਕਿ ਦੋ ਮੁਟਿਆਰਾਂ ਇਕ ਛੋਟੀ ਬੱਚੀ ਨਾਲ ਉਨ੍ਹਾਂ ਕੋਲ ਆਈਆਂ ਅਤੇ ਹੇਅਰ ਕੱਟ ਤੋਂ ਲੈ ਕੇ ਹੇਅਰ ਕਲਰਿੰਗ ਤੱਕ ਹਰ ਕੰਮ ਕਰਵਾਇਆ। ਰਾਜੀ ਵਿਰਕ ਮੁਤਾਬਕ ਇਕ ਮੁਟਿਆਰ ਨੂੰ ਹੇਅਰ ਕਲਰ ਚੰਗਾ ਨਾ ਲੱਗਾ ਤਾਂ ਦੁਬਾਰਾ ਕਰ ਕੇ ਦਿਤਾ ਅਤੇ ਦੋਹਾਂ ਉਤੇ ਕਈ ਘੰਟੇ ਖਰਚ ਕੀਤੇ ਪਰ ਜਦੋਂ ਬਿਲ ਅਦਾ ਕਰਨ ਦੀ ਵਾਰੀ ਆਈ ਤਾਂ ਇਕ ਮੁਟਿਆਰ, ਛੋਟੀ ਬੱਚੀ ਨਾਲ ਪਹਿਲਾਂ ਹੀ ਸਲੌਨ ਤੋਂ ਬਾਹਰ ਨਿਕਲ ਗਈ ਜਦਕਿ ਦੂਜੀ ਨੇ ਕਾਰ ਵਿਚ ਪਰਸ ਹੋਣ ਦਾ ਬਹਾਨਾ ਬਣਾਇਆ ਅਤੇ ਇਕ ਵਾਰ ਬਾਹਰ ਜਾਣ ਮਗਰੋਂ ਮੁੜ ਨਾ ਪਰਤੀ।
ਕੈਲਗਰੀ ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ
25 ਵਰਿ੍ਹਆਂ ਤੋਂ ਹੇਅਰ ਸਟਾਈਲਿਸਟ ਵਜੋਂ ਕੰਮ ਕਰ ਰਹੀ ਰਾਜੀ ਵਿਰਕ ਦਾ ਕਹਿਣਾ ਸੀ ਕਿ ਇਸ ਤੋਂ ਪਹਿਲਾਂ ਕਦੇ ਵੀ ਅਜਿਹੀ ਘਟਨਾ ਨਹੀਂ ਵਾਪਰੀ। ਸਵਾਲ ਸਿਰਫ਼ ਪੈਸੇ ਦਾ ਨਹੀਂ, ਗਾਹਕ ਉਤੇ ਬਣੇ ਭਰੋਸੇ ਦਾ ਵੀ ਹੈ। ਅਜਿਹੀ ਕੋਈ ਵੀ ਘਟਨਾ ਤੁਹਾਡਾ ਦਿਲ ਤੋੜ ਦਿੰਦੀ ਹੈ ਕਿਉਂਕਿ ਇਮਾਨਦਾਰੀ ਨਾਲ ਕੰਮ ਕਰਨ ਮਗਰੋਂ ਬਣਦਾ ਮਿਹਨਤਾਨਾ ਨਾ ਮਿਲੇ ਤਾਂ ਬਹੁਤ ਮਾੜਾ ਲਗਦਾ ਹੈ। ਲੋਕਾਂ ਦੀ ਸੋਚ ਪਤਾ ਨਹੀਂ ਕਿਹੋ ਜਿਹੀ ਹੈ ਕਿ ਕਿਸੇ ਵੀ ਜਗ੍ਹਾ ’ਤੇ ਜਾਉ ਅਤੇ ਬਗੈਰ ਅਦਾਇਗੀ ਤੋਂ ਕੰਮ ਕਰਵਾ ਕੇ ਪਰਤ ਆਉ। ਦੂਜੇ ਪਾਸੇ ਹਾਰਵੈਸਟ ਹੇਅਰ ਸਲੌਨ ਐਂਡ ਸਪਾਅ ਦੀ ਮਾਲਕ ਬੇਅੰਤ ਧਾਲੀਵਾਲ ਦਾ ਕਹਿਣਾ ਸੀ ਕਿ 19 ਦਸੰਬਰ ਨੂੰ ਵਾਪਰੀ ਇਸ ਘਟਨਾ ਮਗਰੋਂ ਉਨ੍ਹਾਂ ਵੱਲੋਂ ਨਵੀਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਮਿਸਾਲ ਵਜੋਂ ਪਹਿਲਾਂ ਗਾਹਕ ਦੀ ਪਛਾਣ ਹਾਸਲ ਕੀਤੀ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਕੁਝ ਅਦਾਇਗੀ ਕਰਨ ਵਾਸਤੇ ਵੀ ਆਖਿਆ ਜਾਂਦਾ ਹੈ। ਇਸੇ ਦੌਰਾਨ ਰਾਜੀ ਵਿਰਕ ਨੇ ਕਿਹਾ ਕਿ ਉਹ ਮੁਟਿਆਰਾਂ ਦੀਆਂ ਤਸਵੀਰਾਂ ਜਨਤਕ ਕਰਨਾ ਚਾਹੁੰਦੇ ਹਨ ਤਾਂਕਿ ਭਵਿੱਖ ਵਿਚ ਅਜਿਹਾ ਕਿਸੇ ਹੋਰ ਨਾਲ ਨਾ ਹੋਵੇ। ਕੈਲਗਰੀ ਪੁਲਿਸ ਵੱਲੋਂ ਇਸ ਮੁੱਦੇ ’ਤੇ ਫ਼ਿਲਹਾਲ ਕੋਈ ਟਿੱਪਣੀ ਸਾਹਮਣੇ ਨਹੀਂ ਆਈ।


