Canada ਵਿਚ 2 ਪੰਜਾਬੀ truck drivers ਕਾਬੂ
ਅਮਰੀਕਾ ਵਿਚ ਦੋ ਪੰਜਾਬੀ ਟਰੱਕ ਡਰਾਈਵਰਾਂ ਦੀ ਗ੍ਰਿਫਤਾਰੀ ਮਗਰੋਂ ਕੈਨੇਡਾ ਦੇ ਬਾਰਡਰ ਅਫ਼ਸਰਾਂ ਵੱਲੋਂ ਸਰਕਰਨ ਵੀਰ ਸਿੰਘ ਅਤੇ ਚਮਕੌਰ ਸਿੰਘ ਕੋਲੋਂ 111 ਕਿਲੋ ਤੋਂ ਵੱਧ ਕੋਕੀਨ ਜ਼ਬਤ ਕਰਨ ਦਾ ਦਾਅਵਾ ਕੀਤਾ ਗਿਆ ਹੈ

By : Upjit Singh
ਸਾਰਨੀਆ, : ਅਮਰੀਕਾ ਵਿਚ ਦੋ ਪੰਜਾਬੀ ਟਰੱਕ ਡਰਾਈਵਰਾਂ ਦੀ ਗ੍ਰਿਫਤਾਰੀ ਮਗਰੋਂ ਕੈਨੇਡਾ ਦੇ ਬਾਰਡਰ ਅਫ਼ਸਰਾਂ ਵੱਲੋਂ ਸਰਕਰਨ ਵੀਰ ਸਿੰਘ ਅਤੇ ਚਮਕੌਰ ਸਿੰਘ ਕੋਲੋਂ 111 ਕਿਲੋ ਤੋਂ ਵੱਧ ਕੋਕੀਨ ਜ਼ਬਤ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਉਨਟਾਰੀਓ ਦੇ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਆ ਰਹੇ ਇਕ ਟਰੱਕ ਨੂੰ ਰੋਕਿਆ ਗਿਆ ਅਤੇ ਸ਼ੱਕ ਪੈਦਾ ਹੋਣ ’ਤੇ ਡੂੰਘਾਈ ਨਾਲ ਤਲਾਸ਼ੀ ਦੌਰਾਨ ਲੱਖਾਂ ਡਾਲਰ ਮੁੱਲ ਦੀ ਕੋਕੀਨ ਬਰਾਮਦ ਹੋਈ। ਨੋਵਾ ਸਕੋਸ਼ੀਆ ਦੇ ਡਾਰਟਮਥ ਨਾਲ ਸਬੰਧਤ 29 ਸਾਲ ਦੇ ਸਰਕਰਨ ਵੀਰ ਸਿੰਘ ਅਤੇ ਉਨਟਾਰੀਓ ਦੇ ਬੈਲਵਿਲ ਨਾਲ ਸਬੰਧਤ 25 ਸਾਲ ਦੇ ਚਮਕੌਰ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਆਰ.ਸੀ.ਐਮ.ਪੀ. ਦੇ ਸਪੁਰਦ ਕਰ ਦਿਤਾ ਗਿਆ। ਦੋਹਾਂ ਵਿਰੁੱਧ ਕੋਕੀਨ ਦੀ ਦਰਾਮਦ ਕਰਨ ਅਤੇ ਤਸਕਰੀ ਦੇ ਮਕਸਦ ਨਾਲ ਕੋਕੀਨ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।
ਸੀ.ਬੀ.ਐਸ. ਏ. ਨੇ ਬਰਾਮਦ ਕੀਤੀ 111 ਕਿਲੋ ਤੋਂ ਵੱਧ ਕੋਕੀਨ
ਦੋਹਾਂ ਦਾ ਮੁਕੱਦਮਾ ਸਾਰਨੀਆ ਦੀ ਉਨਟਾਰੀਓ ਕੋਰਟ ਆਫ਼ ਜਸਟਿਸ ਦੇ ਵਿਚਾਰ ਅਧੀਨ ਹੈ ਅਤੇ ਫ਼ਿਲਹਾਲ ਦੋਸ਼ ਸਾਬਤ ਨਹੀਂ ਕੀਤੇ ਗਏ। ਜਨਵਰੀ 2025 ਤੋਂ ਹੁਣ ਤੱਕ ਦੱਖਣੀ ਉਨਟਾਰੀਓ ਵਿਚ ਸੀ.ਬੀ.ਐਸ.ਏ. ਵੱਲੋਂ ਅਮਰੀਕਾ ਤੋਂ ਆਈ 1,743 ਕਿਲੋ ਕੋਕੀਨ ਬਰਾਮਦ ਕੀਤੀ ਗਈ ਹੈ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਤਾਜ਼ਾ ਬਰਾਮਦਗੀ ਮਗਰੋਂ ਕਿਹਾ ਕਿ ਮੁਲਕ ਦੀਆਂ ਸਰਹੱਦਾਂ ’ਤੇ ਹਰ ਵੇਲੇ ਚੌਕਸੀ ਵਰਤੀ ਜਾ ਰਹੀ ਹੈ ਅਤੇ ਨਸ਼ਿਆਂ ਨੂੰ ਕੈਨੇਡਾ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਸੀ.ਬੀ.ਐਸ.ਏ. ਅਤੇ ਆਰ.ਸੀ.ਐਮ.ਪੀ. ਦੇ ਅਫ਼ਸਰ ਸਾਡੀਆਂ ਕਮਿਊਨਿਟੀਜ਼ ਨੂੰ ਨਸ਼ਿਆਂ ਤੋਂ ਸੁਰੱਖਿਅਤ ਰੱਖਣ ਲਈ ਵਚਨਬੱਧ ਹਨ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਅਮਰੀਕਾ ਦੇ ਨੇਬਰਾਸਕਾ ਸੂਬੇ ਵਿਚ 30 ਸਾਲ ਦੇ ਅਰਵਿੰਦਰਜੀਤ ਸਿੰਘ ਨੂੰ 109 ਕਿਲੋ ਕੋਕੀਨ ਸਣੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਨੂੰ ਗੰਭੀਰ ਅਪਰਾਧ ਦੇ ਦੋਸ਼ ਹੇਠ ਜਲਦ ਡਿਪੋਰਟ ਕੀਤਾ ਜਾ ਸਕਦਾ ਹੈ।
ਸਰੀ ਪੁਲਿਸ ਨੇ ਵੀ ਗ੍ਰਿਫ਼ਤਾਰ ਕੀਤਾ ਇਕ ਸਾਊਥ ਏਸ਼ੀਅਨ
ਦੂਜੇ ਪਾਸੇ ਬੀ.ਸੀ. ਦੇ ਸਰੀ ਸ਼ਹਿਰ ਤੋਂ ਇਕ ਸਾਊਥ ਏਸ਼ੀਅਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਪੰਜਾਬੀ ਕਾਰੋਬਾਰੀਆਂ ਦੇ ਘਰਾਂ ਉਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ 22 ਸਾਲ ਦੇ ਅਵਤਾਰ ਸਿੰਘ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਇਸ ਤੋਂ ਪਹਿਲਾਂ ਆਰ.ਸੀ.ਐਮ.ਪੀ. ਨੇ 28 ਸਾਲ ਦੇ ਸੰਦੀਪ ਸਿੰਘ ਅਤੇ ਜਗਦੀਪ ਸਿੰਘ ਵਿਰੁੱਧ ਦੋਸ਼ ਆਇਦ ਕਰਨ ਦਾ ਐਲਾਨ ਕੀਤਾ ਸੀ। ਜਗਦੀਪ ਸਿੰਘ ਫ਼ਰਾਰ ਹੈ ਅਤੇ ਉਸ ਵਿਰੁੱਧ ਕੈਨੇਡਾ ਪੱਧਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ। ਇਸੇ ਦੌਰਾਨ ਓਹਾਇਓ ਸੂਬੇ ਵਿਚ ਹੌਲਨਾਕ ਹਾਦਸੇ ਦੌਰਾਨ ਇਕ ਟਰੱਕ ਨੇ ਕਈ ਗੱਡੀਆਂ ਨੂੰ ਦਰੜ ਦਿਤਾ ਅਤੇ ਪਿਉ-ਪੁੱਤ ਦੀ ਮੌਤ ਹੋ ਗਈ। ਇੰਟਰਸਟੇਟ 75 ’ਤੇ ਵਾਪਰੇ ਹਾਦਸੇ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਦੇ ਇੰਮੀਗ੍ਰੇਸ਼ਨ ਸਟੇਟਸ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਅਤੇ ਅੰਗਰੇਜ਼ੀ ਵਿਚ ਮੁਹਾਰਤ ਨਾਲ ਸਬੰਧਤ ਟੈਸਟ ਦਾ ਵੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਮਰਨ ਵਾਲਿਆਂ ਦੀ ਸ਼ਨਾਖ਼ਤ ਹਰਸ਼ਲ ਗਿਪਸਨ ਅਤੇ 11 ਸਾਲ ਦੇ ਬੱਚੇ ਵਜੋਂ ਕੀਤੀ ਗਈ ਹੈ।


