ਟਰੂਡੋ ਦੇ 2 ਹੋਰ ਮੰਤਰੀਆਂ ਵੱਲੋਂ ਚੋਣ ਲੜਨ ਤੋਂ ਨਾਂਹ
ਕੈਨੇਡਾ ਦੇ ਨਿਆਂ ਮੰਤਰੀ ਅਰਿਫ਼ ਵੀਰਾਨੀ ਅਤੇ ਕੌਮਾਂਤਰੀ ਵਪਾਰ ਮਾਮਲਿਆਂਬਾਰੇ ਮੰਤਰੀ ਮੈਰੀ ਐਂਗ ਵੱਲੋਂ ਅਗਲੀਆਂ ਫੈਡਰਲ ਚੋਣਾਂ ਲੜਨ ਤੋਂ ਨਾਂਹ ਕਰ ਦਿਤੀ ਗਈ ਹੈ।

ਔਟਵਾ : ਕੈਨੇਡਾ ਦੇ ਨਿਆਂ ਮੰਤਰੀ ਅਰਿਫ਼ ਵੀਰਾਨੀ ਅਤੇ ਕੌਮਾਂਤਰੀ ਵਪਾਰ ਮਾਮਲਿਆਂਬਾਰੇ ਮੰਤਰੀ ਮੈਰੀ ਐਂਗ ਵੱਲੋਂ ਅਗਲੀਆਂ ਫੈਡਰਲ ਚੋਣਾਂ ਲੜਨ ਤੋਂ ਨਾਂਹ ਕਰ ਦਿਤੀ ਗਈ ਹੈ। ਦਸੰਬਰ ਮਗਰੋਂ ਜਸਟਿਨ ਟਰੂਡੋ ਦੇ 6 ਮੰਤਰੀ ਚੋਣ ਲੜਨ ਤੋਂ ਨਾਂਹ ਕਰ ਚੁੱਕੇ ਹਨ ਅਤੇ ਇਹ ਅੰਕੜਾ ਸੱਤ ਹੋ ਜਾਂਦਾ ਹੈ ਜੇ ਟਰੂਡੋ ਨੂੰ ਵੀ ਇਸ ਵਿਚ ਜੋੜ ਦਿਤਾ ਜਾਵੇ। ਅਰਿਫ਼ ਵੀਰਾਨੀ ਅਤੇ ਮੈਰੀ ਐਂਗ ਵੱਲੋਂ ਵੱਖੋ ਵੱਖਰੇ ਬਿਆਨ ਜਾਰੀ ਕਰਦਿਆਂ ਸਿਆਸਤ ਤੋਂ ਸੰਨਿਆਸ ਦਾ ਐਲਾਨ ਕੀਤਾ ਗਿਆ। ਟੋਰਾਂਟੋ ਤੋਂ ਐਮ.ਪੀ. ਅਰਿਫ਼ ਵੀਰਾਨੀ ਨੇ ਕਿਹਾ ਕਿ ਪਾਰਕਡੇਲ-ਹਾਈ ਪਾਰਕ ਤੋਂ ਲਗਾਤਾਰ ਤਿੰਨ ਵਾਰ ਐਮ.ਪੀ. ਚੁਣੇ ਜਾਣ ਅਤੇ ਲੋਕਾਂ ਦੀ ਸੇਵਾ ਕਰਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਪਰ ਦਿਲ ’ਤੇ ਪੱਥਰ ਰੱਖ ਕੇ ਸਿਆਸਤ ਤੋਂ ਲਾਂਭੇ ਹੋਣ ਦਾ ਫੈਸਲਾ ਲੈਣਾ ਪਿਆ।
ਦਸੰਬਰ ਮਗਰੋਂ 6 ਮੰਤਰੀ ਲੈ ਚੁੱਕੇ ਹਨ ਸਿਆਸਤ ਤੋਂ ਸੰਨਿਆਸ
ਦੱਸ ਦੇਈਏ ਕਿ ਅਰਿਫ਼ ਵੀਰਾਨੀ 2015 ਵਿਚ ਪਹਿਲੀ ਵਾਰ ਐਮ.ਪੀ. ਚੁਣੇ ਗਏ ਸਨ ਅਤੇ 2023 ਵਿਚ ਨਿਆਂ ਮੰਤਰੀ ਬਣਨ ਤੋਂ ਪਹਿਲਾਂ ਉਨ੍ਹਾਂ ਵੱਲੋਂ ਇੰਮੀਗ੍ਰੇਸ਼ਨ, ਹੈਰੀਟੇਜ ਅਤੇ ਨਿਆਂ ਮੰਤਰਾਲੇ ਵਿਚ ਪਾਰਲੀਮਾਨੀ ਸਕੱਤਰ ਦੀ ਜ਼ਿੰਮੇਵਾਰੀ ਅਦਾ ਕੀਤੀ ਗਈ। ਅਰਿਫ਼ ਵੀਰਾਨੀ ਨੇ ਕਿਹਾ ਕਿ ਉਹ ਅਗਲੀਆਂ ਫੈਡਰਲ ਚੋਣਾਂ ਤੱਕ ਬਤੌਰ ਮੰਤਰੀ ਅਤੇ ਐਮ.ਪੀ. ਸੇਵਾ ਨਿਭਾਉਂਦੇ ਰਹਿਣਗੇ। ਉਧਰ ਮੈਰੀ ਐਂਗ 2017 ਵਿਚ ਮਾਰਖਮ-ਥੌਰਨਹਿਲ ਦੀ ਜ਼ਿਮਨੀ ਚੋਣ ਦੌਰਾਨ ਪਹਿਲੀ ਵਾਰ ਐਮ.ਪੀ. ਚੁਣੇ ਗਏ ਅਤੇ 2018 ਵਿਚ ਉਨ੍ਹਾਂ ਨੂੰ ਛੋਟੇ ਕਾਰੋਬਾਰਾਂ ਨਾਲ ਸਬੰਧਤ ਮੰਤਰੀ ਬਣਾਇਆ ਗਿਆ। ਇਸ ਮਗਰੋਂ 2019 ਵਿਚ ਉਨ੍ਹਾਂ ਨੂੰ ਕੌਮਾਂਤਰੀ ਵਪਾਰ ਮਾਮਲਿਆਂ ਬਾਰੇ ਮੰਤਰਾਲਾ ਸੌਂਪਿਆ ਗਿਆ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ, ਹੰਗਾਮੀ ਮਾਮਲਿਆਂ ਬਾਰੇ ਮੰਤਰੀ ਹਰਜੀਤ ਸਿੰਘ ਸੱਜਣ, ਪੇਂਡੂ ਵਿਕਾਸ ਮੰਤਰੀ ਗੂਡੀ ਹਚਿੰਗਜ਼ ਅਤੇ ਸਾਬਕਾ ਸੈਰ ਸਪਾਟਾ ਮੰਤਰੀ ਸੋਰਾਇਆ ਮਾਰਟੀਨੇਜ਼ ਵੀ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਚੁੱਕੇ ਹਨ।