ਲਿਬਰਲ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਏ 2 ਹੋਰ ਉਮੀਦਵਾਰ
ਲਿਬਰਲ ਲੀਡਰਸ਼ਿਪ ਦੌੜ ਵਿਚ ਐਤਵਾਰ ਨੂੰ ਦੋ ਉਮੀਦਵਾਰ ਹੋਰ ਸ਼ਾਮਲ ਹੋ ਗਏ।
By : Upjit Singh
ਔਟਵਾ : ਲਿਬਰਲ ਲੀਡਰਸ਼ਿਪ ਦੌੜ ਵਿਚ ਐਤਵਾਰ ਨੂੰ ਦੋ ਉਮੀਦਵਾਰ ਹੋਰ ਸ਼ਾਮਲ ਹੋ ਗਏ। ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਹਾਊਸ ਲੀਡਰ ਕਰੀਨਾ ਗੂਲਡ ਵੱਲੋਂ ਆਪਣੀ ਉਮੀਦਵਾਰੀ ਦਾ ਰਸਮੀ ਐਲਾਨ ਕਰ ਦਿਤਾ ਗਿਆ ਪਰ ਕ੍ਰਿਸਟੀਆ ਫਰੀਲੈਂਡ ਨੂੰ ਵੱਡਾ ਝਟਕਾ ਲੱਗਾ ਜਦੋਂ ਇਕ ਦਰਜਨ ਤੋਂ ਵੱਧ ਮੁਜ਼ਾਹਰਾਕਾਰੀਆਂ ਨੇ ਹੰਗਾਮਾ ਕਰ ਦਿਤਾ। ਮੁਜ਼ਾਹਰਾਕਾਰੀਆਂ ਵਿਚੋਂ ਕੁਝ ਦੇ ਹੱਥਾਂ ਵਿਚ ਗਾਜ਼ਾ ਦੀ ਜੰਗ ਨਾਲ ਸਬੰਧਤ ਬੈਨਰ ਚੁੱਕੇ ਹੋਏ ਸਨ।
ਕ੍ਰਿਸਟੀਆ ਫਰੀਲੈਂਡ ਦੇ ਸਮਾਗਮ ਵਿਚ ਰੌਲਾ-ਰੱਪਾ
ਸਮਾਗਮ ਵਿਚ ਕਈ ਵਾਰ ਰੌਲਾ-ਰੱਪਾ ਪੈਣ ਮਗਰੋਂ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਇਹ ਤਰੀਕਾ ਬਿਲਕੁਲ ਵੀ ਠੀਕ ਨਹੀਂ। ਤੁਹਾਡੇ ਸੋਚਣ ਦਾ ਨਜ਼ਰੀਆ ਵੱਖਰਾ ਹੋ ਸਕਦਾ ਹੈ ਪਰ ਤੁਸੀਂ ਹੋਰਨਾਂ ਨੂੰ ਬੋਲਣ ਤੋਂ ਰੋਕ ਨਹੀਂ ਸਕਦੇ। ਇਸੇ ਦੌਰਾਨ ਮਾਹੌਲ ਸੁਖਾਵਾਂ ਹੋਇਆ ਤਾਂ ਫਰੀਲੈਂਡ ਨੇ ਖੁਦ ਨੂੰ ਜੁਝਾਰੂ ਕਰਾਰ ਦਿੰਦਿਆਂ ਕਿਹਾ ਕਿ ਉਹ ਟਰੰਪ ਵੱਲੋਂ ਲਾਏ ਜਾਣ ਵਾਲੇ 25 ਫੀ ਸਦੀ ਟੈਕਸਾਂ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਹਨ। ਸਾਬਕਾ ਵਿੱਤ ਮੰਤਰੀ ਨੇ ਜਸਟਿਨ ਟਰੂਡੋ ਤੋਂ ਦੂਰੀ ਬਣਾਉਣ ਦਾ ਯਤਨ ਕਰਦਿਆਂ ਕਿਹਾ ਕਿ ਦਸੰਬਰ ਵਿਚ ਅਸਤੀਫ਼ਾ ਦੇਣ ਤੋਂ ਪਹਿਲਾਂ ਹੀ ਕਈ ਮੁੱਦਿਆਂ ’ਤੇ ਪ੍ਰਧਾਨ ਮੰਤਰੀ ਨਾਲ ਅਸਹਿਮਤੀ ਵਾਲਾ ਮਾਹੌਲ ਪੈਦਾ ਹੋ ਗਿਆ। ਫਰੀਲੈਂਡ ਨੇ ਕਿਹਾ ਕਿ ਲਿਬਰਲ ਲੀਡਰਸ਼ਿਪ ਦੌੜ ਵਿਚ ਉਹ ਜੇਤੂ ਰਹਿਣ ਜਾਂ ਨਾ ਰਹਿਣ ਪਰ ਅਕਤੂਬਰ ਵਿਚ ਹੋਣ ਵਾਲੀਆਂ ਪਾਰਲੀਮਾਨੀ ਚੋਣਾਂ ਜ਼ਰੂਰ ਲੜਨਗੇ। ਇਸੇ ਦੌਰਾਨ ਕਰੀਨਾ ਗੂਲਡ ਨੇ ਹਾਊਸ ਲੀਡਰ ਦਾ ਅਹੁਦਾ ਛੱਡਣ ਦਾ ਐਲਾਨ ਕਰਦਿਆਂ ਕਿਹਾ ਕਿ ਲਿਬਰਲ ਲੀਡਰ ਚੁਣੇ ਜਾਣ ’ਤੇ ਉਹ ਕਾਰਬਨ ਟੈਕਸ ਨੂੰ ਖਤਮ ਕਰਨ ਦੀ ਬਜਾਏ ਇਸ ਨੂੰ ਕੁਝ ਸਮੇਂ ਲਈ ਰੋਕਣ ਦੀ ਯੋਜਨਾ ਬਣਾ ਰਹੇ ਹਨ।
ਮਾਰਕ ਕਾਰਨੀ ਦੇ ਹਮਾਇਤੀਆਂ ਦੀ ਗਿਣਤੀ ਵਧਣ ਲੱਗੀ
ਦੂਜੇ ਪਾਸੇ ਮਾਰਕ ਕਾਰਨੀ ਦੇ ਹਮਾਇਤੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਵਿਦੇਸ਼ ਮੰਤਰੀ ਮੈਲਨੀ ਜੌਲੀ, ਐਮਰਜੰਸੀ ਮਾਮਲਿਆਂ ਬਾਰੇ ਮੰਤਰੀ ਹਰਜੀਤ ਸਿੰਘ ਸੱਜਣ, ਵੰਨ-ਸੁਵੰਨਤਾ ਮਾਮਲਿਆਂ ਬਾਰੇ ਮੰਤਰੀ ਕਮਲ ਖਹਿਰਾ ਅਤੇ ਬਰੈਂਪਟਨ ਨੌਰਥ ਤੋਂ ਐਮ.ਪੀ. ਰੂਬੀ ਸਹੋਤਾ ਵੱਲੋਂ ਕੈਨੇਡਾ ਦੀ ਵਾਗਡੋਰ ਮਾਰਕ ਕਾਰਨੀ ਦੇ ਹੱਥਾਂ ਵਿਚ ਸੌਂਪਣ ਦਾ ਸੱਦਾ ਦਿਤਾ ਗਿਆ ਹੈ। ਕ੍ਰਿਸਟੀਆ ਫਰੀਲੈਂਡ ਦੀ ਹਮਾਇਤ ਕਰਨ ਵਾਲਿਆਂ ਵਿਚ ਸਾਬਕਾ ਮੰਤਰੀ ਮਾਰਕ ਹੌਲੈਂਡ, ਮੈਰੀ ਕੈਲੂਡ ਬੀਬੀਓ ਅਤੇ ਡਿਐਨ ਲਾਬਾਊਥੀਲੀਅਰ ਦੇ ਨਾਂ ਸ਼ਾਮਲ ਦੱਸੇ ਜਾ ਰਹੇ ਹਨ।