2 ਲੱਖ ਪ੍ਰਵਾਸੀਆਂ ਨੂੰ ਮਿਲੀ ਕੈਨੇਡਾ ਦੀ ਪੀ.ਆਰ.
ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਕੋਲ ਅਰਜ਼ੀਆਂ ਦਾ ਬੈਕਲਾਗ ਵਧ ਕੇ 8 ਲੱਖ 43 ਹਜ਼ਾਰ ਤੱਕ ਪੁੱਜ ਚੁੱਕਾ ਹੈ ਅਤੇ ਬੀਤੀ 30 ਜੂਨ ਤੱਕ 21 ਲੱਖ 89 ਹਜ਼ਾਰ ਤੋਂ ਵੱਧ ਅਰਜ਼ੀਆਂ ਵਿਚਾਰ ਅਧੀਨ ਸਨ।

By : Upjit Singh
ਟੋਰਾਂਟੋ : ਕੈਨੇਡਾ ਦੇ ਇੰਮੀਗ੍ਰੇਸ਼ਨ ਵਿਭਾਗ ਕੋਲ ਅਰਜ਼ੀਆਂ ਦਾ ਬੈਕਲਾਗ ਵਧ ਕੇ 8 ਲੱਖ 43 ਹਜ਼ਾਰ ਤੱਕ ਪੁੱਜ ਚੁੱਕਾ ਹੈ ਅਤੇ ਬੀਤੀ 30 ਜੂਨ ਤੱਕ 21 ਲੱਖ 89 ਹਜ਼ਾਰ ਤੋਂ ਵੱਧ ਅਰਜ਼ੀਆਂ ਵਿਚਾਰ ਅਧੀਨ ਸਨ। ਤਾਜ਼ਾ ਅੰਕੜਿਆਂ ਮੁਤਾਬਕ ਮੌਜੂਦਾ ਵਰ੍ਹੇ ਦੇ ਪਹਿਲੇ ਛੇ ਮਹੀਨੇ ਮਹੀਨੇ ਦੌਰਾਨ 207,600 ਪ੍ਰਵਾਸੀਆਂ ਨੂੰ ਕੈਨੇਡਾ ਦੀ ਪੀ.ਆਰ. ਮਿਲੀ ਜਦਕਿ 1 ਅਪ੍ਰੈਲ ਤੋਂ 30 ਜੂਨ ਦਰਮਿਆਨ 63,300 ਪ੍ਰਵਾਸੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ। ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਵਾਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਪਹਿਲੇ ਛੇ ਮਹੀਨੇ ਦੌਰਾਨ 2 ਲੱਖ 70 ਹਜ਼ਾਰ ਸਟੱਡੀ ਪਰਮਿਟ ਐਪਲੀਕੇਸ਼ਨਜ਼ ਦਾ ਨਿਪਟਾਰਾ ਕੀਤਾ ਗਿਆ ਜਦਕਿ ਨਵੇਂ ਵਰਕ ਪਰਮਿਟ ਅਤੇ ਵਰਕ ਪਰਮਿਟ ਦੀ ਮਿਆਦ ਵਿਚ ਵਾਧੇ ਵਾਲੀਆਂ 6 ਲੱਖ 74 ਹਜ਼ਾਰ ਐਪਲੀਕੇਸ਼ਨਜ਼ ਦੀ ਪ੍ਰੋਸੈਸਿੰਗ ਕੀਤੀ ਗਈ।
63 ਹਜ਼ਾਰ ਤੋਂ ਵੱਧ ਕੈਨੇਡੀਅਨ ਸਿਟੀਜ਼ਨ ਬਣੇ
ਸਟੱਡੀ ਵੀਜ਼ਾ ਸ਼੍ਰੇਣੀ ਵਿਚ ਬੈਕਲਾਗ ਤੇਜ਼ੀ ਨਾਲ ਹੇਠਾਂ ਆਉਣ ਦਾਅਵਾ ਕੀਤਾ ਗਿਆ ਹੈ ਅਤੇ ਇੰਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਫਰਵਰੀ ਵਿਚ 45 ਫੀ ਸਦੀ ਅਰਜ਼ੀਆਂ ਬੈਕਲਾਗ ਵਿਚ ਸਨ ਪਰ ਜੂਨ ਵਿਚ ਇਹ ਅੰਕੜਾ ਸਿਰਫ਼ 18 ਫੀ ਸਦੀ ਰਹਿ ਗਿਆ। ਇਸ ਦੇ ਉਲਟ ਵਰਕ ਪਰਮਿਟ ਵਾਲੀਆਂ ਅਰਜ਼ੀਆਂ ਦਾ ਬੈਕਲਾਗ ਜੂਨ ਦੌਰਾਨ 40 ਫੀ ਸਦੀ ਦਰਜ ਕੀਤਾ ਗਿਆ ਜੋ ਮਈ ਵਿਚ 38 ਫ਼ੀ ਸਦੀ ਦਰਜ ਕੀਤਾ ਗਿਆ ਸੀ। ਟੈਂਪਰੇਰੀ ਰੈਜ਼ੀਡੈਂਟ ਵੀਜ਼ਾ ਸ਼੍ਰੇਣੀ ਵਿਚ ਕੁਲ 10 ਲੱਖ 40 ਹਜ਼ਾਰ ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਗਈ ਜਿਨ੍ਹਾਂ ਵਿਚੋਂ 3 ਲੱਖ 80 ਹਜ਼ਾਰ ਬੈਕਲਾਗ ਵਿਚ ਮੰਨੀਆਂ ਗਈਆਂ। ਜੂਨ ਦੇ ਅੰਤ ਤੱਕ ਪਰਮਾਨੈਂਟ ਰੈਜ਼ੀਡੈਂਸੀ ਲਈ ਲਈ ਆਈਆਂ ਅਰਜ਼ੀਆਂ ਦੀ ਕੁਲ ਗਿਣਤੀ 8 ਲੱਖ 96 ਹਜ਼ਾਰ ਦਰਜ ਕੀਤੀ ਗਈ ਜਿਨ੍ਹਾਂ ਵਿਚੋਂ 4 ਲੱਖ 80 ਹਜ਼ਾਰ ਅਰਜ਼ੀਆਂ ਦਾ ਨਿਪਟਾਰਾ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਤੈਅਸ਼ੁਦਾ ਸਮਾਂ ਹੱਦ ਦੇ ਅੰਦਰ ਕਰ ਦਿਤਾ ਗਿਆ ਜਾਂ ਨੇੜੇ ਭਵਿੱਖ ਵਿਚ ਕਰ ਦਿਤਾ ਜਾਵੇਗਾ ਪਰ 4 ਲੱਖ 15 ਹਜ਼ਾਰ ਅਰਜ਼ੀਆਂ ਨੂੰ ਬੈਕਲਾਗ ਵਿਚ ਮੰਨਿਆ ਜਾ ਰਿਹਾ ਹੈ। ਫੈਮਿਲੀ ਸਪੌਂਸਰਸ਼ਿਪ ਅਰਜ਼ੀਆਂ ਵਿਚੋਂ 14 ਫੀ ਸਦੀ ਬੈਕਲਾਗ ਵਿਚ ਚੱਲ ਰਹੀਆਂ ਹਨ ਜਦਕਿ ਵਿਜ਼ਟਰ ਵੀਜ਼ਾ ਦੇ ਮਾਮਲੇ ਵਿਚ ਬੈਕਲਾਗ 53 ਫੀ ਸਦੀ ਦੱਸਿਆ ਜਾ ਰਿਹਾ ਹੈ ਜੋ ਕਿਸੇ ਵੀ ਸ਼੍ਰੇਣੀ ਵਿਚ ਸਭ ਤੋਂ ਵੱਧ ਬਣਦਾ ਹੈ।
ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਵਧ ਕੇ 8.43 ਲੱਖ ਹੋਇਆ
ਸਿਟੀਜ਼ਨਸ਼ਿਪ ਸ਼੍ਰੇਣੀ ਦਾ ਜ਼ਿਕਰ ਕੀਤਾ ਜਾਵੇ 2 ਲੱਖ 52 ਹਜ਼ਾਰ 700 ਅਰਜ਼ੀਆਂ ਵਿਚੋਂ 2 ਲੱਖ 5 ਹਜ਼ਾਰ 300 ਦਾ ਸਮੇਂ ਸਿਰ ਨਿਪਟਾਰਾ ਕਰ ਦਿਤਾ ਗਿਆ। ਇੰਮੀਗ੍ਰੇਸ਼ਨ ਵਿਭਾਗ ਨੇ ਦੱਸਿਆ ਕਿ ਸਿਟੀਜ਼ਨਸ਼ਿਪ ਅਰਜ਼ੀਆਂ ਦਾ ਬੈਕਲਾਗ ਘਟ ਕੇ ਸਿਰਫ 19 ਫੀ ਸਦੀ ਰਹਿ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਮਈ ਮਹੀਨੇ ਦੌਰਾਨ ਕੁਲ 8 ਲੱਖ 2 ਹਜ਼ਾਰ ਅਰਜ਼ੀਆਂ ਬੈਕਲਾਗ ਵਿਚ ਸਨ ਜੋ ਜੂਨ ਵਿਚ 5 ਫੀ ਸਦੀ ਵਾਧੇ ਨਾਲ 8 ਲੱਖ 43 ਹਜ਼ਾਰ ਦੇ ਅੰਕੜੇ ’ਤੇ ਪੁੱਜੀਆਂ। ਦੂਜੇ ਪਾਸੇ 2024 ਦੌਰਾਨ ਇੰਮੀਗ੍ਰੇਸ਼ਨ ਵਿਭਾਗ ਵੱਲੋਂ 70 ਲੱਖ ਤੋਂ ਵੱਧ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਗਈ ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ।


