ਕੈਨੇਡਾ ਵਿਚ 2 ਭਾਰਤੀ ਠੱਗ ਆਏ ਕਾਬੂ
ਕੈਨੇਡਾ ਦੇ ਲੋਕਾਂ ਤੋਂ ਲੱਖਾਂ ਡਾਲਰ ਠੱਗਣ ਦੇ ਮਾਮਲੇ ਵਿਚ 2 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ

By : Upjit Singh
ਐਡਮਿੰਟਨ : ਕੈਨੇਡਾ ਦੇ ਲੋਕਾਂ ਤੋਂ ਲੱਖਾਂ ਡਾਲਰ ਠੱਗਣ ਦੇ ਮਾਮਲੇ ਵਿਚ 2 ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੀ ਹਾਂ, 42 ਸਾਲ ਦੇ ਯੁਵਰਾਜ ਵਰਮਾ ਅਤੇ 50 ਸਾਲ ਦੇ ਰੋਹਿਤ ਸੇਠੀ ਨੇ ਕਥਿਤ ਤੌਰ ’ਤੇ ਇਕ ਵੱਡੇ ਰੀਅਲ ਅਸਟੇਟ ਪ੍ਰੌਜੈਕਟ ਦੇ ਨਾਂ ’ਤੇ ਲੋਕਾਂ ਤੋਂ 6.8 ਮਿਲੀਅਨ ਡਾਲਰ ਇਕੱਠੇ ਕੀਤੇ ਪਰ ਲੋਕਾਂ ਨੂੰ ਨਾ ਮਕਾਨ ਮਿਲੇ ਅਤੇ ਨਾ ਹੀ ਰਕਮ ਵਾਪਸ ਮਿਲ ਸਕੀ। ਐਲਬਰਟਾ ਸਕਿਉਰਟੀਜ਼ ਕਮਿਸ਼ਨ ਅਤੇ ਆਰ.ਸੀ.ਐਮ.ਪੀ. ਦੀ ਇੰਟੈਗਰੇਟਿਡ ਮਾਰਕਿਟ ਐਨਫੋਰਸਮੈਂਟ ਟੀਮ ਵੱਲੋਂ ਕੀਤੀ ਪੜਤਾਲ ਮੁਤਾਬਕ ਐਡਮਿੰਟਨ ਦੇ ਯੁਵਰਾਜ ਵਰਮਾ ਅਤੇ ਰੋਹਿਤ ਸੇਠੀ ਨੇ 2018 ਤੋਂ 2020 ਦਰਮਿਆਨ ਕੈਨਕੌਮ ਡਿਵੈਲਪਮੈਂਟ ਲਿਮ. ਅਤੇ ਰੌਕਸਡੇਲ ਗਾਰਡਨਜ਼ ਲਿਮ. ਵਰਗੀਆਂ ਕਈ ਕੰਪਨੀਆਂ ਦਾ ਨਾਂ ਵਰਤ ਕੇ ਮੋਟੀ ਰਕਮ ਇਕੱਤਰ ਕੀਤੀ ਅਤੇ ਲੋਕਾਂ ਨੂੰ ਰੀਅਲ ਅਸਟੇਟ ਪ੍ਰੌਜੈਕਟ ਰਾਹੀਂ ਹੋਣ ਵਾਲੇ ਲਾਭ ਵਿਚੋਂ ਹਿੱਸਾ ਦੇਣ ਦਾ ਲਾਰਾ ਵੀ ਲਾਇਆ।
ਮਕਾਨ ਬਣਾਉਣ ਦੇ ਨਾਂ ’ਤੇ 6.8 ਮਿਲੀਅਨ ਡਾਲਰ ਦਾ ਘਪਲਾ
ਨਿਵੇਸ਼ ਕਰਨ ਵਾਲਿਆਂ ਨੂੰ ਲਾਟਰੀ ਟਿਕਟ ਵੀ ਦਿਤੀ ਗਈ ਜਿਸ ਰਾਹੀਂ ਐਲਬਰਟਾ ਦੀ ਲੈਡਕ ਕਾਊਂਟੀ ਵਿਚ ਇਕ ਆਲੀਸ਼ਾਨ ਮਕਾਨ ਦਾ ਡਰਾਅ ਕੱਢਿਆ ਜਾਣਾ ਸੀ। ਲਾਟਰੀ ਨਿਕਲੀ ਅਤੇ ਜੇਤੂ ਵੀ ਐਲਾਨਿਆ ਗਿਆ ਪਰ ਅੱਜ ਤੱਕ ਕਿਸੇ ਨੂੰ ਆਲੀਸ਼ਾਨ ਮਕਾਨ ਨਹੀਂ ਮਿਲਿਆ। ਯੁਵਰਾਜ ਵਰਮਾ ਅਤੇ ਰੋਹਿਤ ਸੇਠੀ ਵਿਰੁੱਧ ਮੌਰਗੇਜ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦੇ ਦੋਸ਼ ਵੀ ਲੱਗੇ ਹਨ। ਦੋਹਾਂ ਨੂੰ ਸ਼ਰਤਾਂ ਦੇ ਆਧਾਰ ’ਤੇ ਰਿਹਾਅ ਕਰ ਦਿਤਾ ਗਿਆ ਹੈ ਅਤੇ ਐਡਮਿੰਟਨ ਦੀ ਅਦਾਲਤ ਵਿਚ ਪਹਿਲੀ ਪੇਸ਼ੀ 1 ਅਕਤੂਬਰ ਨੂੰ ਹੋਵੇਗੀ। ਜ਼ਮਾਨਤ ਸ਼ਰਤਾਂ ਵਿਚ ਕਿਸੇ ਨਿਵੇਸ਼ਕ ਨਾਲ ਸੰਪਰਕ ਨਾ ਕਰਨਾ ਅਤੇ ਹੋਰਨਾਂ ਵਾਸਤੇ ਸਕਿਉਰਟੀਜ਼ ਦੀ ਖਰੀਦ ਜਾਂ ਵਿਕਰੀ ’ਤੇ ਪਾਬੰਦੀ ਸ਼ਾਮਲ ਹੈ। ਇਥੇ ਦਸਣਾ ਬਣਦਾ ਹੈ ਕਿ ਜੁਆਇੰਟ ਸੀਰੀਅਸ ਔਫੈਂਸਿਜ਼ ਟੀਮ ਵੱਲੋਂ ਕੀਤੀ ਗਈ ਕਾਰਵਾਈ ਤਹਿਤ ਯੁਵਰਾਜ ਵਰਮਾ ਅਤੇ ਰੋਹਿਤ ਸੇਠੀ ਵਿਰੁੱਧ ਪੰਜ ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਠੱਗੀ, ਲੋਕਾਂ ਨੂੰ ਫੋਕੇ ਲਾਰੇ ਲਾਉਣ, ਫਰਜ਼ੀ ਟਿਕਟ ਸਕੀਮ ਚਲਾਉਣ ਅਤੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਕੈਨੇਡਾ ਦੇ ਰੀਅਲ ਅਸਟੇਟ ਖੇਤਰ ਨਾਲ ਸਬੰਧਤ ਵੱਡੀ ਠੱਗੀ ਦਾ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਰੀਅਲ ਅਸਟੇਟ ਏਜੰਟ ਮਕਾਨਾਂ ਦੀ ਵਿਕਰੀ ਵਧਾਉਣ ਦੇ ਯਤਨ ਵਿਚ ਜੁਟੇ ਹੋਏ ਹਨ।
ਮੌਰਗੇਜ ਫਰੌਡ ਨੇ ਚਿੰਤਾ ਵਿਚ ਪਾਏ 80 ਫੀ ਸਦੀ ਕੈਨੇਡੀਅਨ
ਇਕ ਤਾਜ਼ਾ ਸਰਵੇਖਣ ਮੁਤਾਬਕ 80 ਫ਼ੀ ਸਦੀ ਕੈਨੇਡੀਅਨਜ਼ ਦਾ ਮੰਨਣਾ ਹੈ ਕਿ ਮੌਰਗੇਜ ਫਰੌਡ ਦੀਆਂ ਘਟਨਾਵਾਂ ਕਰ ਕੇ ਹਾਊਸਿੰਗ ਮਾਰਕਿਟ ਵਿਚ ਅਜੀਬੋ-ਹਾਲਾਤ ਪੈਦਾ ਹੋ ਚੁੱਕੇ ਹਨ। ਸਰਵੇਖਣ ਦੌਰਾਨ 2 ਹਜ਼ਾਰ ਤੋਂ ਵੱਧ ਲੋਕਾਂ ਦੀ ਰਾਏ ਦਰਜ ਕੀਤੀ ਗਈ ਜਿਨ੍ਹਾਂ ਵਿਚੋਂ 78 ਫੀ ਸਦੀ ਨੇ ਕਿਹਾ ਕਿ ਇਮਾਨਦਾਰ ਗਾਹਕ ਠੱਗੀ ਠੋਰੀ ਦੀਆਂ ਵਾਰਦਾਤਾਂ ਤੋਂ ਬੇਹੱਦ ਡਰੇ ਹੋਏ ਹਨ। ਅਗਲੇ ਚਾਰ-ਪੰਜ ਸਾਲ ਦੌਰਾਨ ਮਕਾਨ ਖਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਵਿਚੋਂ 65 ਫੀ ਸਦੀ ਡਰੇ ਹੋਏ ਹਨ ਅਤੇ ਕਿਸੇ ਠੱਗ ਦੇ ਚੁੰਗਲ ਵਿਚ ਫਸਣਾ ਨਹੀਂ ਚਾਹੁੰਦੇ। 72 ਫੀ ਸਦੀ ਲੋਕਾਂ ਦਾ ਮੰਨਣਾ ਹੈ ਕਿ ਲੈਂਡਰਜ਼ ਅਤੇ ਮੌਰਗੇਜ ਬ੍ਰੋਕਰਜ਼ ਨੂੰ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਉਹ ਸਿੱਧੇ ਤੌਰ ’ਤੇ ਸੀ.ਆਰ.ਏ. ਤੋਂ ਕਰਜ਼ਾ ਲੈਣ ਵਾਲੇ ਦੀ ਆਮਦਨ ਬਾਰੇ ਤਸਦੀਕ ਕਰ ਸਕਣ।


