ਕੈਨੇਡਾ ’ਚ 2 ਗੁਜਰਾਤੀ ਪਰਵਾਰ ਆਏ ਪੁਲਿਸ ਦੇ ਅੜਿੱਕੇ
ਕੈਨੇਡਾ ਪੁਲਿਸ ਵੱਲੋਂ 2 ਗੁਜਰਾਤੀ ਪਰਵਾਰਾਂ ਦੇ 5 ਮੈਂਬਰਾਂ ਨੂੰ ਕਾਬੂ ਕਰਦਿਆਂ ਐਮਾਜ਼ੌਨ ਫੁਲਫ਼ਿਲਮੈਂਟ ਸੈਂਟਰ ਵਿਚੋਂ 20 ਲੱਖ ਡਾਲਰ ਦਾ ਸਮਾਨ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ

By : Upjit Singh
ਅਜੈਕਸ : ਕੈਨੇਡਾ ਪੁਲਿਸ ਵੱਲੋਂ 2 ਗੁਜਰਾਤੀ ਪਰਵਾਰਾਂ ਦੇ 5 ਮੈਂਬਰਾਂ ਨੂੰ ਕਾਬੂ ਕਰਦਿਆਂ ਐਮਾਜ਼ੌਨ ਫੁਲਫ਼ਿਲਮੈਂਟ ਸੈਂਟਰ ਵਿਚੋਂ 20 ਲੱਖ ਡਾਲਰ ਦਾ ਸਮਾਨ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਗ੍ਰਿਫ਼ਤਾਰ ਭਾਰਤੀ ਲੋਕਾਂ ਵਿਚੋਂ ਦੋ ਜਣੇ ਐਮਾਜ਼ੌਨ ਦੇ ਮੁਲਾਜ਼ਮ ਦੱਸੇ ਜਾ ਰਹੇ ਹਨ ਜਿਨ੍ਹਾਂ ਵੱਲੋਂ ਹੋਰਨਾਂ ਦੀ ਮਿਲੀ ਭੁਗਤ ਨਾਲ ਆਨਲਾਈਨ ਰਿਟੇਲਰ ਦਾ ਭਾਰੀ ਭਰਕਮ ਵਿੱਤੀ ਨੁਕਸਾਨ ਕੀਤਾ ਗਿਆ। ਡਰਹਮ ਰੀਜਨਲ ਪੁਲਿਸ ਨੇ ਦੱਸਿਆ ਕਿ ਬੀਤੇ ਨਵੰਬਰ ਮਹੀਨੇ ਦੌਰਾਨ ਅਜੈਕਸ ਦੇ ਸਲਮ ਰੋਡ ’ਤੇ ਸਥਿਤ ਐਮਾਜ਼ੌਨ ਦੇ ਫੁਲਫਿਲਮੈਂਟ ਸੈਂਟਰ ਵਿਖੇ ਕੰਮ ਕਰਦੇ 2 ਮੁਲਾਜ਼ਮਾਂ ਵਿਰੁੱਧ ਪੜਤਾਲ ਆਰੰਭੀ ਗਈ। ਐਮਾਜ਼ੌਨ ਦੀ ਲੌਸ ਪ੍ਰਿਵੈਨਸ਼ਨ ਟੀਮ ਨੇ ਸ਼ਿਕਾਇਤ ਕੀਤੀ ਸੀ ਕਿ ਕੁਝ ਮੁਲਾਜ਼ਮ ਪਿਛਲੇ ਦੋ ਸਾਲ ਤੋਂ ਸਮਾਨ ਚੋਰੀ ਕਰ ਕੇ ਲਿਜਾ ਰਹੇ ਹਨ ਪਰ ਉਨ੍ਹਾਂ ਨੂੰ ਕਾਬੂ ਕਰਨਾ ਔਖਾ ਹੋ ਗਿਆ ਹੈ।
2 ਮਿਲੀਅਨ ਡਾਲਰ ਤੋਂ ਵੱਧ ਮੁੱਲ ਦਾ ਸਮਾਨ ਚੋਰੀ ਕਰਨ ਦੇ ਦੋਸ਼
ਡਰਹਮ ਪੁਲਿਸ ਨੇ ਮਾਮਲਾ ਆਪਣੇ ਹੱਥਾਂ ਵਿਚ ਲਿਆ ਅਤੇ ਲੌਸ ਪ੍ਰਿਵੈਨਸ਼ਨ ਟੀਮ ਦੀ ਮਦਦ ਨਾਲ ਦੋ ਮੁਲਾਜ਼ਮਾਂ ਦੀ ਸ਼ਨਾਖਤ ਕਰਦਿਆਂ ਹਿਰਾਸਤ ਵਿਚ ਲੈ ਲਿਆ। ਇਸੇ ਦੌਰਾਨ ਪੁਲਿਸ ਨੇ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਸਕਾਰਬ੍ਰੋਅ ਦੇ ਇਕ ਘਰ ਵਿਚ ਛਾਪਾ ਮਾਰਿਆ ਅਤੇ ਤਿੰਨ ਹੋਰਨਾਂ ਸ਼ੱਕੀਆਂ ਨੂੰ ਕਾਬੂ ਕਰਨ ਵਿਚ ਸਫ਼ਲ ਰਹੀ। ਘਰ ਵਿਚੋਂ ਪੁਲਿਸ ਨੇ ਢਾਈ ਲੱਖ ਡਾਲਰ ਤੋਂ ਵੱਧ ਮੁੱਲ ਦਾ ਇਲੈਕਟ੍ਰਾਨਿਕ ਸਾਜ਼ੋ-ਸਾਮਾਨ ਅਤੇ 50 ਹਜ਼ਾਰ ਡਾਲਰ ਨਕਦ ਵੱਖਰੇ ਤੌਰ ’ਤੇ ਬਰਾਮਦ ਕੀਤੇ। ਗ੍ਰਿਫ਼ਤਾਰ ਕੀਤੇ ਚਾਰ ਜਣੇ ਸਕਾਰਬ੍ਰੋਅ ਨਾਲ ਸਬੰਧਤ ਹਨ ਜਦਕਿ ਇਕ ਨਿਊ ਮਾਰਕਿਟ ਨਾਲ ਸਬੰਧਤ ਦੱਸਿਆ ਗਿਆ ਜਿਨ੍ਹਾਂ ਦੀ ਉਮਰ 28 ਸਾਲ ਤੋਂ 36 ਸਾਲ ਦਰਮਿਆਨ ਦੱਸੀ ਜਾ ਰਹੀ ਹੈ।
ਐਮਾਜ਼ੌਨ ਦੇ ਫੁਲਫ਼ਿਲਮੈਂਟ ਸੈਂਟਰ ਵਿਚ ਕੰਮ ਕਰਦੇ ਸਨ 2 ਸ਼ੱਕੀ
ਪੁਲਿਸ ਵੱਲੋਂ ਸ਼ੱਕੀਆਂ ਦੀ ਸ਼ਨਾਖ਼ਤ ਜਾਨਵੀਬੇਨ ਧਮੇਲੀਆ, ਯਸ਼ ਧਮੇਲੀਆ, ਮੇਹੁਲ ਬਲਦੇਵਭਾਈ, ਅਸ਼ੀਸ਼ ਕੁਮਾਰ ਸਵਾਣੀ ਅਤੇ ਬੰਸਰੀ ਸਵਾਣੀ ਵਜੋਂ ਕੀਤੀ ਗਈ ਹੈ ਜਿਨ੍ਹਾਂ ਵਿਰੁੱਧ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਅਤੇ ਅੱਗੇ ਵੇਚਣ ਦੇ ਮਕਸਦ ਨਾਲ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਮੇਹੁਲ ਬਲਦੇਵਭਾਈ ਅਤੇ ਅਸ਼ੀਸ਼ ਕੁਮਾਰ ਸਵਾਣੀ ਵਿਰੁੱਧ ਫਰੌਡ ਅਤੇ ਥੈਫ਼ਟ ਦੇ ਦੋਸ਼ ਵੀ ਲੱਗੇ ਹਨ ਪਰ ਇਨ੍ਹਾਂ ਵਿਚੋਂ ਕੋਈ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤਾ ਗਿਆ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਵਿਸਤਾਰਤ ਜਾਣਕਾਰੀ ਹੋਵੇ ਤਾਂ ਡਰਹਮ ਰੀਜਨਲ ਪੁਲਿਸ ਨਾਲ ਸੰਪਰਕ ਕੀਤਾ ਜਾਵੇ। ਲੋਕਾਂ ਨੂੰ ਸੱਦਾ ਦਿਤਾ ਗਿਆ ਹੈ ਕਿ ਉਹ ਬਗੈਰ ਬਿਲ ਵਾਲੀਆਂ ਇਲੈਕਟ੍ਰਾਨਿਕ ਵਸਤਾਂ ਜਾਂ ਚੋਰ ਚੀਜ਼ਾਂ ਨਾਲ ਖਰੀਦਣ ਜੋ ਚੋਰੀਸ਼ੁਦਾ ਹੋ ਸਕਦੀਆਂ ਹਨ।


