ਸੜਕ ਤੋਂ ਲੰਘਦੀਆਂ ਗੱਡੀਆਂ ’ਤੇ ਰੋੜੇ ਮਾਰਨ ਵਾਲੇ 2 ਗ੍ਰਿਫ਼ਤਾਰ
ਸੜਕ ਤੋਂ ਲੰਘਦੀਆਂ ਗੱਡੀਆਂ ’ਤੇ ਰੋੜੇ ਮਾਰਨ ਵਾਲੇ 2 ਜਣਿਆਂ ਨੂੰ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀਆਂ ਕਰਤੂਤਾਂ ਕਰ ਕੇ ਦੋ ਜਣਿਆਂ ਦੀ ਜਾਨ ’ਤੇ ਬਣ ਆਈ।

ਮਾਰਖਮ : ਸੜਕ ਤੋਂ ਲੰਘਦੀਆਂ ਗੱਡੀਆਂ ’ਤੇ ਰੋੜੇ ਮਾਰਨ ਵਾਲੇ 2 ਜਣਿਆਂ ਨੂੰ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀਆਂ ਕਰਤੂਤਾਂ ਕਰ ਕੇ ਖਤਰਨਾਕ ਹਾਦਸੇ ਵਾਪਰੇ ਅਤੇ ਦੋ ਜਣਿਆਂ ਦੀ ਜਾਨ ’ਤੇ ਬਣ ਆਈ। ਜਾਂਚਕਰਤਾਵਾਂ ਨੇ ਦੱਸਿਆ ਕਿ 20 ਸਤੰਬਰ 2024 ਅਤੇ 30 ਨਵੰਬਰ 2024 ਨੂੰ ਮਾਰਖਮ ਵਿਖੇ ਸੜਕ ਤੋਂ ਲੰਘਦੀਆਂ ਗੱਡੀਆਂ ਨੂੰ ਇੱਟਾਂ-ਰੋੜਿਆਂ ਨਾਲ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਵਿਚੋਂ ਇਕ ਘਟਨਾ ਦੌਰਾਨ ਕਾਰ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਦੋ ਜਣੇ ਗੰਭੀਰ ਜ਼ਖਮੀ ਹੋ ਗਏ।
ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਕੀਤੀ ਕਾਰਵਾਈ
ਦੂਜੇ ਪਾਸੇ ਯਾਰਕ ਰੀਜਨਲ ਪੁਲਿਸ ਦੇ ਅਧਿਕਾਰ ਖੇਤਰ ਵਾਲੇ ਇਲਾਕੇ ਵਿਚ ਵੀ ਇਕ ਘਟਨਾ ਸਾਹਮਣੇ ਆਈ ਅਤੇ ਹਾਈਵੇਅ 48 ’ਤੇ ਲੰਘ ਰਹੀ ਬੱਸ ’ਤੇ ਰੋੜਾ ਮਾਰਿਆ ਗਿਆ। ਇਸ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਮਾਰਖਮ ਅਤੇ ਰਿਚਮੰਡ ਹਿਲ ਨਾਲ ਸਬੰਧਤ ਸ਼ੱਕੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਕਿਉਂਕਿ ਕਥਿਤ ਅਪਰਾਧ ਵੇਲੇ ਦੋਹਾਂ ਦੀ ਉਮਰ 18 ਸਾਲ ਤੋਂ ਘੱਟ ਸੀ। ਦੂਜੇ ਪਾਸੇ ਯਾਰਕ ਰੀਜਨ ਅਤੇ ਲੰਡਨ ਵਿਖੇ ਵਾਪਰੇ ਵੱਖ ਵੱਖ ਹਾਦਸਿਆਂ ਦੌਰਾਨ 2 ਜਣਿਆਂ ਦੀ ਮੌਤ ਹੋ ਗਈ। ਯਾਰਕ ਰੀਜਨ ਦੇ ਹਾਦਸੇ ਬਾਰੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਵੈਸਟਨ ਰੋਡ ਅਤੇ ਹਾਈਵੇਅ 9 ’ਤੇ ਇਕ ਟ੍ਰੈਕਟਰ-ਟ੍ਰੇਲਰ ਅਤੇ ਐਸ.ਯੂ.ਵੀ. ਦੀ ਟੱਕਰ ਦੌਰਾਨ ਇਕ ਜਣੇ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ ਜਦਕਿ ਦੂਜੇ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ।
ਉਨਟਾਰੀਓ ਵਿਚ ਵੱਖ-ਵੱਖ ਹਾਦਸਿਆਂ ਦੌਰਾਨ 2 ਹਲਾਕ
ਉਧਰ ਲੰਡਨ ਵਿਖੇ ਹਾਈਵੇਅ 402 ’ਤੇ ਇਕ ਟਰੱਕ ਅਤੇ ਐਸ.ਯੂ.ਵੀ. ਦੀ ਟੱਕਰ ਦੌਰਾਨ 87 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ ਜਦਕਿ 2 ਹੋਰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਦੇ ਮੱਦੇਨਜ਼ਰ ਹਾਈਵੇਅ ਦਾ ਪੂਰਬ ਵੱਲ ਜਾ ਰਹੀਆਂ ਲੇਨਜ਼ ਨੂੰ ਪੰਜ ਘੰਟੇ ਬੰਦ ਰੱਖਿਆ ਗਿਆ।