ਕੈਨੇਡਾ ’ਚ ਭਾਰਤੀ ਕਾਰੋਬਾਰੀਆਂ ’ਤੇ ਗੋਲੀਆਂ ਚਲਾਉਣ ਵਾਲੇ 2 ਕਾਬੂ
ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਆਰ.ਸੀ.ਐਮ.ਪੀ. ਵੱਲੋਂ ਸਰੀ ਨਾਲ ਸਬੰਧਤ 2 ਸ਼ੱਕੀਆ ਨੂੰ ਕਾਬੂ ਕੀਤਾ ਗਿਆ ਹੈ।

ਵੈਨਕੂਵਰ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਤੋਂ ਜਬਰੀ ਵਸੂਲੀ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਆਰ.ਸੀ.ਐਮ.ਪੀ. ਵੱਲੋਂ ਸਰੀ ਨਾਲ ਸਬੰਧਤ 2 ਸ਼ੱਕੀਆ ਨੂੰ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਬੀ.ਸੀ. ਦੇ ਲੋਅਰ ਮੇਨਲੈਂਡ ਇਲਾਕੇ ਵਿਚ ਗੋਲੀਬਾਰੀ, ਅਗਜ਼ਨੀ ਅਤੇ ਹੋਰ ਵਾਰਦਾਤਾਂ ਨਾਲ ਸਬੰਧਤ ਕਾਰਵਾਈ ਤਹਿਤ ਗ੍ਰਿਫ਼ਤਾਰ ਦੋਹਾਂ ਸ਼ੱਕੀਆਂ ਵਿਰੁੱਧ ਫ਼ਿਲਹਾਲ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ ਪਰ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ ਦੋਵੇਂ 2023 ਤੋਂ ਵਾਪਰ ਰਹੀਆਂ ਵਾਰਦਾਤਾਂ ਵਿਚ ਸ਼ਾਮਲ ਹੋ ਸਕਦੇ ਹਨ। ਪੁਲਿਸ ਵੱਲੋਂ ਸ਼ੱਕੀਆਂ ਦੀ ਪਛਾਣ ਜਾਂ ਇੰਮੀਗ੍ਰੇਸ਼ਨ ਸਟੇਟਸ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ। ਆਰ.ਸੀ.ਐਮ.ਪੀ. ਦੇ ਚੀਫ਼ ਸੁਪਰਡੈਂਟ ਡੰਕਨ ਪਾਊਂਡ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਦਾ ਮਕਸਦ ਜਬਰੀ ਵਸੂਲੀ ਦੇ ਮਾਮਲਿਆਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰਨਾ ਹੈ ਅਤੇ ਇਹ ਵੀ ਹੋ ਸਕਦਾ ਹੈ ਕਿ ਦੋਹਾਂ ਸ਼ੱਕੀਆਂ ਨੂੰ ਬਗੈਰ ਕੋਈ ਦੋਸ਼ ਆਇਦ ਕੀਤਿਆਂ ਰਿਹਾਅ ਕਰ ਦਿਤਾ ਜਾਵੇ।
ਆਰ.ਸੀ.ਐਮ.ਪੀ. ਵੱਲੋਂ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਵੱਡੀ ਕਾਰਵਾਈ
ਪੁਲਿਸ ਵੱਲੋਂ ਪੀੜਤ ਕਾਰੋਬਾਰੀਆਂ ਨੂੰ ਅੱਗੇ ਆਉਣ ਦਾ ਸੱਦਾ ਦਿਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਕਿਸੇ ਕਾਰੋਬਾਰੀ ਨੂੰ ਐਕਸਟੌਰਸ਼ਨ ਕਾਲ ਆਈ ਹੈ ਤਾਂ ਇਸ ਬਾਰੇ ਪੁਲਿਸ ਨੂੰ ਇਤਲਾਹ ਦਿਤੀ ਜਾਵੇ। ਆਰ.ਸੀ.ਐਮ.ਪੀ. ਵੱਲੋਂ ਮਿਊਂਸਪਲ, ਪ੍ਰੋਵਿਨਸ਼ੀਅਲ ਅਤੇ ਫੈਡਰਲ ਪੱਧਰ ’ਤੇ ਤਾਲਮੇਲ ਸਥਾਪਤ ਕਰਦਿਆਂ 2024 ਵਿਚ ਸਾਊਥ ਏਸ਼ੀਅਨ ਕਾਰੋਬਾਰੀਆਂ ਨਾਲ ਸਬੰਧਤ ਮਾਮਲਿਆਂ ਦੀ ਪੜਤਾਲ ਆਰੰਭੀ ਗਈ। ਇਸ ਮੁਹਿੰਮ ਵਿਚ ਐਬਸਫੋਰਡ ਪੁਲਿਸ, ਬੀ.ਸੀ. ਵਿਖੇ ਆਰ.ਸੀ.ਐਮ.ਪੀ. ਦਾ ਮੇਜਰ ਕ੍ਰਾਈਮ ਸੈਕਸ਼ਨ, ਆਰ.ਸੀ.ਐਮ.ਪੀ. ਫੈਡਰਲ ਪੁਲਿਸਿੰਗ ਅਤੇ ਸਰੀ ਪੁਲਿਸ ਦਾ ਇਕ ਅਪਰਾਧ ਵਿਸ਼ਲੇਸ਼ਕ ਸ਼ਾਮਲ ਹੈ। ਸਰੀ ਦੀ ਮੇਅਰ ਬਰੈਂਡਾ ਲੌਕ ਨੇ ਤਾਜ਼ਾ ਗ੍ਰਿਫ਼ਤਾਰੀਆਂ ਮਗਰੋਂ ਆਰ.ਸੀ.ਐਮ.ਪੀ. ਦੀ ਪਿੱਠ ਥਾਪੜੀ। ਸੋਸ਼ਲ ਮੀਡੀਆ ਰਾਹੀਂ ਇਕ ਪੋਸਟ ਸਾਂਝੀ ਕਰਦਿਆਂ ਉਨ੍ਹਾਂ ਕਿਹਾ ਕਿ ਸਰੀ ਸ਼ਹਿਰ ਵਿਚ ਗੁੰਡਾਗਰਦੀ ਸਿਰ ਚੜ੍ਹ ਬੋਲ ਰਹੀ ਹੈ ਪਰ ਇਹ ਕਾਰਵਾਈ ਬਦਮਾਸ਼ਾਂ ਵਾਸਤੇ ਸਪੱਸ਼ਟ ਸੁਨੇਹਾ ਹੈ ਕਿ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਸਰੀ ਦੀ ਨਿੱਜਰ ਟ੍ਰਕਿੰਗ ਦੇ ਮਾਲਕ ਰਘਬੀਰ ਸਿੰਘ ਨਿੱਜਰ ਨੂੰ 24 ਘੰਟੇ ਵਿਚ ਦੋ ਵਾਰ ਨਿਸ਼ਾਨਾ ਬਣਾਇਆ ਗਿਆ। ਇਕ ਅਣਪਛਾਤੇ ਬੰਦੂਕਧਾਰੀ ਨੇ ਸਰੀ ਦੇ ਉੱਤਰ-ਪੱਛਮੀ ਇਲਾਕੇ ਵਿਚ ਉਨ੍ਹਾਂ ਦੀ ਟ੍ਰਕਿੰਗ ਕੰਪਨੀ ਦੇ ਦਫ਼ਤਰ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਫਰਾਰ ਹੋ ਗਿਆ।
ਪੁਲਿਸ ਵੱਲੋਂ ਪੀੜਤ ਕਾਰੋਬਾਰੀਆਂ ਨੂੰ ਅੱਗੇ ਆਉਣ ਦਾ ਸੱਦਾ
ਸਰੀ ਦੇ ਗੁਰਦਵਾਰਾ ਸਾਹਿਬ ਵਿਚ ਗੋਲੀਆਂ ਮਾਰ ਕੇ ਕਤਲ ਕੀਤੇ ਹਰਦੀਪ ਸਿੰਘ ਨਿੱਜਰ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਰਘਬੀਰ ਸਿੰਘ ਨਿੱਜਰ ਮੁਤਾਬਕ ਧਮਕੀਆਂ ਭਰੀਆਂ ਫੋਨ ਕਾਲਜ਼ ਦਾ ਸਿਲਸਿਲਾ ਤਕਰੀਬਨ ਇਕ ਸਾਲ ਪਹਿਲਾਂ ਸ਼ੁਰੂ ਹੋਇਆ ਜਦੋਂ ਕਿਸੇ ਅਣਪਛਾਤੇ ਸ਼ਖਸ ਨੇ ਉਨ੍ਹਾਂ ਦੇ ਦਫ਼ਤਰ ਵਿਚ ਕਾਲ ਕਰਦਿਆਂ ਮੋਟੀ ਰਕਮ ਦੀ ਮੰਗ ਕੀਤੀ। ਕਾਲ ਕਰਨ ਵਾਲਾ ਖੁਦ ਨੂੰ ਲਾਰੈਂਸ ਬਿਸ਼ਨੋਈ ਗਿਰੋਹ ਦਾ ਮੈਂਬਰ ਦੱਸ ਰਿਹਾ ਸੀ। ਦੂਜੇ ਪਾਸੇ ਸਰੀ ਵਿਖੇ ਇਕ ਬੈਂਕੁਇਟ ਹਾਲ ਦੇ ਮਾਲਕ ਸਤੀਸ਼ ਕੁਮਾਰ ਤੋਂ 20 ਲੱਖ ਡਾਲਰ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਰਕਮ ਨਾ ਦੇਣ ਦੀ ਸੂਰਤ ਵਿਚ ਪਰਵਾਰ ਸਣੇ ਖ਼ਤਮ ਕਰਨ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ। ਸਤੀਸ਼ ਕੁਮਾਰ ਦੇ ਸੱਦੇ ’ਤੇ ਪਿਛਲੇ ਦਿਨੀਂ ਭਾਈਚਾਰੇ ਦਾ ਇਕੱਠ ਹੋਇਆ ਜਿਸ ਵਿਚ ਫੈਡਰਲ, ਪ੍ਰੋਵਿਨਸ਼ੀਅਲ ਅਤੇ ਮਿਊਂਸਪਲ ਸਿਆਸਤਦਾਨਾਂ ਨੇ ਵੀ ਸ਼ਮੂਲੀਅਤ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਛੇ ਮਹੀਨੇ ਦੌਰਾਨ ਜਬਰੀ ਵਸੂਲੀ ਦੀਆਂ ਧਮਕੀਆਂ ਵਾਲੇ 10 ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਵੱਡੀ ਗਿਣਤੀ ਵਿਚ ਸ਼ਿਕਾਇਤਾਂ ਪੁਲਿਸ ਕੋਲ ਪੁਜਦੀਆਂ ਹੀ ਨਹੀਂ।