ਵੈਨਕੂਵਰ ਹਵਾਈ ਅੱਡੇ ਤੋਂ 149 ਕਿਲੋ ਚਿੱਟਾ ਫੜਿਆ
ਕੈਨੇਡੀਅਨ ਬਾਰਡਰ ਏਜੰਟਾਂ ਵੱਲੋਂ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ 149 ਕਿਲੋ ਮੈਥਮਫੈਟਾਮਿਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ਜੋ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹਾਂਗਕਾਂਗ ਭੇਜੀ ਜਾ ਰਹੀ ਸੀ।

ਵੈਨਕੂਵਰ : ਕੈਨੇਡੀਅਨ ਬਾਰਡਰ ਏਜੰਟਾਂ ਵੱਲੋਂ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ 149 ਕਿਲੋ ਮੈਥਮਫੈਟਾਮਿਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ਜੋ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹਾਂਗਕਾਂਗ ਭੇਜੀ ਜਾ ਰਹੀ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਦੀ ਅੰਦਾਜ਼ਨ ਬਾਜ਼ਾਰ ਕੀਮਤ 5 ਲੱਖ ਡਾਲਰ ਬਣਦੀ ਹੈ ਅਤੇ ਛੇ ਜਣਿਆਂ ਨੂੰ ਹਿਰਾਸਤ ਵਿਚ ਲੈਂਦਿਆਂ ਆਰ.ਸੀ.ਐਮ.ਪੀ. ਦੇ ਸਪੁਰਦ ਕਰ ਦਿਤਾ ਗਿਆ। ਸੀ.ਬੀ.ਐਸ.ਏ. ਦੇ ਪੈਸੇਫਿਕ ਰੀਜਨ ਦੀ ਡਾਇਰੈਕਟਰ ਨੀਨਾ ਪਟੇਲ ਨੇ ਦੱਸਿਆ ਕਿ ਬਾਰਡਰ ਅਫਸਰਾਂ ਨੇ ਨਸ਼ਾ ਤਸਕਰਾਂ ਦੇ ਮਨਸੂਬੇ ਨਾਕਾਮਯਾਬ ਕਰਦਿਆਂ ਭਾਰੀ ਮਿਕਦਾਰ ਵਿਚ ਨਸ਼ਾ ਬਰਾਮਦ ਕੀਤਾ ਜੋ ਕੌਮਾਂਤਰੀ ਹਵਾਈ ਅੱਡੇ ’ਤੇ ਵਰਤੀ ਜਾ ਰਹੀ ਮੁਸਤੈਦੀ ਦਾ ਪ੍ਰਤੱਖ ਸਬੂਤ ਹੈ।
ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹਾਂਗਕਾਂਗ ਭੇਜੀ ਜਾ ਰਹੀ ਸੀ ਖੇਪ
ਨੀਨਾ ਪਟੇਲ ਮੁਤਾਬਕ ਪਹਿਲੀ ਬਰਾਮਦਗੀ 18 ਜਨਵਰੀ ਨੂੰ ਕੀਤੀ ਗਈ ਜਦੋਂ ਬਾਰਡਰ ਅਫਸਰਾਂ ਨੇ ਦੋ ਸੂਟਕੇਸਿਜ਼ ਵਿਚੋਂ ਬੇਬੀ ਯੋਡਾ ਗਿਫ਼ਟ ਰੈਪ ਵਾਲੇ ਪੈਕਟ ਬਰਾਮਦ ਕਰਦਿਆਂ ਇਨ੍ਹਾਂ ਵਿਚੋਂ 35.7 ਕਿਲੋ ਚਿੱਟਾ ਜ਼ਬਤ ਕੀਤਾ। ਬਾਰਡਰ ਏਜੰਸੀ ਮੁਤਾਬਕ ਚਿੱਟੇ ਦੀ ਇਹ ਖੇਪ ਹਾਂਗਕਾਂਗ ਭੇਜੀ ਜਾਣੀ ਸੀ। ਸਿਰਫ ਦੋ ਹਫ਼ਤੇ ਬਾਅਦ ਬਾਰਡਰ ਅਫਸਰਾਂ ਵੱਲੋਂ ਹਾਂਗਕਾਂਗ ਲਿਜਾਏ ਜਾ ਰਹੇ ਦੋ ਸੂਟਕੇਸਿਜ਼ ਵਿਚੋਂ 28.5 ਕਿਲੋ ਚਿੱਟਾ ਬਰਾਮਦ ਕੀਤਾ ਗਿਆ ਜੋ ਕੌਫੀ ਬੈਗਜ਼ ਵਿਚ ਲੁਕਾ ਕੇ ਲਿਜਾਇਆ ਜਾ ਰਿਹਾ ਸੀ। ਇਸ ਮਗਰੋਂ 16 ਫਰਵਰੀ ਨੂੰ ਬਾਰਡਰ ਅਫ਼ਸਰਾਂ ਵੱਲੋਂ ਆਸਟ੍ਰੇਲੀਆ ਜਾ ਰਹੇ ਇਕ ਮੁਸਾਫ਼ਰ ਦੇ ਸਮਾਨ ਵਿਚੋਂ 23.5 ਕਿਲੋ ਮੈਥਮਫੈਟਾਮਿਨ ਬਰਾਮਦ ਕੀਤੀ ਗਈ। ਸ਼ਾਤਰ ਨਸ਼ਾ ਤਸਕਰਾਂ ਵੱਲੋਂ ਮੈਥਮਫੈਟਾਮਿਨ ਨੂੰ ਤੌਲੀਏ ਵਿਚ ਲਪੇਟ ਕੇ ਰੱਖਿਆ ਗਿਆ ਸੀ ਅਤੇ ਇਸ ਦੀ ਸਮੈੱਲ ਦਬਾਉਣ ਵਾਸਤੇ ਸਿਰਕੇ ਦਾ ਛਿੜਕਾਅ ਕੀਤਾ ਗਿਆ। ਇਸੇ ਦੌਰਾਨ 19 ਫਰਵਰੀ ਨੂੰ ਵੈਨਕੂਵਰ ਹਵਾਈ ਅੱਡੇ ’ਤੇ ਦੋ ਸ਼ਿਪਮੈਂਟਸ ਵਿਚੋਂ 19.2 ਕਿਲੋ ਅਤੇ 16.4 ਕਿਲੋ ਮੈਥਮਫੈਟਾਮਿਨ ਬਰਾਮਦ ਕੀਤੀ ਗਈ ਜੋ ਆਸਟ੍ਰੇਲੀਆ ਲਿਜਾਈ ਜਾ ਰਹੀ ਸੀ। 19 ਫਰਵਰੀ ਨੂੰ ਹੀ ਨਿਊੂਜ਼ੀਲੈਂਡ ਜਾ ਰਹੇ ਇਕ ਮੁਸਾਫ਼ਰ ਕੋਲੋਂ 25.5 ਕਿਲੋ ਮੈਥਮਫੈਟਾਮਿਨ ਜ਼ਬਤ ਕੀਤੀ ਗਈ ਜਿਸ ਨੂੰ ਵੈਕਿਊੂਮ ਸੀਲਡ ਪੈਕਟਾਂ ਅੰਦਰ ਰੱਖਿਆ ਗਿਆ ਸੀ।
6 ਸ਼ੱਕੀਆਂ ਨੂੰ ਆਰ.ਸੀ.ਐਮ.ਪੀ. ਦੇ ਸਪੁਰਦ ਕੀਤਾ
ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਵਿਚ ਵੱਖ ਵੱਖ ਥਾਵਾਂ ’ਤੇ ਗੈਰਕਾਨੂੰਨੀ ਤਰੀਕੇ ਨਾਲ ਤਿਆਰ ਨਸ਼ੀਲੇ ਪਦਾਰਥਾਂ ਨੂੰ ਜਿਥੇ ਸੜਕੀ ਰਸਤੇ ਅਮਰੀਕਾ ਭੇਜਣ ਦੇ ਯਤਨ ਕੀਤੇ ਜਾਂਦੇ ਹਨ, ਉਥੇ ਹੀ ਨਸ਼ਾ ਤਸਕਰਾਂ ਵੱਲੋਂ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਯੂਰਪੀ ਮੁਲਕਾਂ ਵੱਲ ਵੀ ਜਾਲ ਵਿਛਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ। ਕੈਨੇਡਾ ਤੋਂ ਫੈਂਟਾਨਿਲ ਦੀ ਵੱਡੇ ਪੱਧਰ ’ਤੇ ਤਸਕਰੀ ਦਾ ਦੋਸ਼ ਲਾਉਂਦਿਆਂ ਹੀ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਟੈਰਿਫਸ ਦੀ ਧਮਕੀ ਦਿਤੀ ਗਈ। ਹਾਲਾਂਕਿ ਅਮਰੀਕਾ ਪੁੱਜਣ ਵਾਲੀ ਫੈਂਟਾਨਿਲ ਵਿਚ ਕੈਨੇਡਾ ਦਾ ਯੋਗਦਾਨ ਇਕ ਫ਼ੀ ਸਦੀ ਵੀ ਨਹੀਂ ਬਣਦਾ।