Begin typing your search above and press return to search.

Canada ਵਿਚ ਪੈਦਾ ਹੋਈਆਂ 14 ਹਜ਼ਾਰ ਨਵੀਆਂ jobs

ਕੈਨੇਡੀਅਨ ਅਰਥਚਾਰੇ ਵਿਚ 14 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਮਗਰੋਂ ਕੁਝ ਰਾਹਤ ਮਿਲਦੀ ਨਜ਼ਰ ਆਈ ਅਤੇ ਮਾਰਚ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ 6.7 ਫ਼ੀ ਸਦੀ ਦੇ ਅੰਕੜੇ ’ਤੇ ਸਥਿਰ ਰਹੀ

Canada ਵਿਚ ਪੈਦਾ ਹੋਈਆਂ 14 ਹਜ਼ਾਰ ਨਵੀਆਂ jobs
X

Upjit SinghBy : Upjit Singh

  |  11 April 2026 5:57 PM IST

  • whatsapp
  • Telegram

ਟੋਰਾਂਟੋ : ਕੈਨੇਡੀਅਨ ਅਰਥਚਾਰੇ ਵਿਚ 14 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣ ਮਗਰੋਂ ਕੁਝ ਰਾਹਤ ਮਿਲਦੀ ਨਜ਼ਰ ਆਈ ਅਤੇ ਮਾਰਚ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ 6.7 ਫ਼ੀ ਸਦੀ ਦੇ ਅੰਕੜੇ ’ਤੇ ਸਥਿਰ ਰਹੀ। ਜਨਵਰੀ ਅਤੇ ਫ਼ਰਵਰੀ ਦੌਰਾਨ 1 ਲੱਖ 10 ਹਜ਼ਾਰ ਨੌਕਰੀਆਂ ਦੇ ਵੱਡੇ ਨੁਕਸਾਨ ਮਗਰੋਂ ਰੁਜ਼ਗਾਰ ਖੇਤਰ ਵਿਚ ਮਾਮੂਲੀ ਸੁਧਾਰ ਜ਼ਰੂਰ ਹੋਇਆ ਹੈ ਪਰ ਬੈਂਕ ਆਫ਼ ਕੈਨੇਡਾ ਵੱਲੋਂ 29 ਅਪ੍ਰੈਲ ਦੀ ਮੀਟਿੰਗ ਦੌਰਾਨ ਵਿਆਜ ਦਰਾਂ ਵਿਚ ਕਟੌਤੀ ਕੀਤੇ ਜਾਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਦੂਜੇ ਪਾਸੇ ਤੇਲ ਕੀਮਤਾਂ ਵਿਚ ਵਾਧੇ ਮਗਰੋਂ ਮਹਿੰਗਾਈ ਵੀ ਸਿਰ ਚੜ੍ਹ ਬੋਲ ਰਹੀ ਹੈ ਅਤੇ ਆਰਥਿਕ ਮਾਹਰ ਬੇਫ਼ਿਕਰੀ ਵਾਲੇ ਮੂਡ ਵਿਚ ਨਹੀਂ ਜਾ ਸਕਦੇ। ਕੇ.ਪੀ.ਐਮ.ਜੀ. ਦੇ ਚੀਫ਼ ਇਕੌਨੋਮਿਸਟ ਅਲੀ ਜਾਫ਼ਰੀ ਨੇ ਦੱਸਿਆ ਕਿ ਕਿਸੇ ਵੀ ਮੁਲਕ ਦੀ ਵਸੋਂ ਵਿਚ ਵਾਧਾ ਰੁਜ਼ਗਾਰ ਖੇਤਰ ਨੂੰ ਪ੍ਰਭਾਵਤ ਕਰਦਾ ਹੈ। ਮਿਸਾਲ ਵਜੋਂ 2026 ਦੇ ਪਹਿਲੇ ਤਿੰਨੇ ਮਹੀਨੇ ਦੌਰਾਨ ਕਿਰਤੀ ਬਾਜ਼ਾਰ ਵਿਚ 24 ਹਜ਼ਾਰ ਨਵੇਂ ਕਾਮੇ ਸ਼ਾਮਲ ਹੋਏ ਪਰ 2025 ਦੇ ਪਹਿਲੇ ਤਿੰਨ ਮਹੀਨੇ ਦੌਰਾਨ ਇਹ ਅੰਕੜਾ ਡੇਢ ਲੱਖ ਦਰਜ ਕੀਤਾ ਗਿਆ।

ਰੁਜ਼ਗਾਰ ਖੇਤਰ ਦੇ ਨਵੇਂ ਅੰਕੜੇ ਆਏ ਸਾਹਮਣੇ

ਰਾਜਾਂ ਦੇ ਆਧਾਰ ’ਤੇ ਬੇਰੁਜ਼ਗਾਰੀ ਦਰ ਨੂੰ ਪਰਖਿਆ ਜਾਵੇ ਤਾਂ ਬ੍ਰਿਟਿਸ਼ ਕੋਲੰਬੀਆ ਵਿਚ ਬੇਰੁਜ਼ਗਾਰਾਂ ਦੀ ਗਿਣਤੀ 0.6 ਫ਼ੀ ਸਦੀ ਵਾਧੇ ਨਾਲ 6.7 ਫ਼ੀ ਸਦੀ ਹੋ ਗਈ ਅਤੇ ਕੋਰੋਨਾ ਮਹਾਂਮਾਰੀ ਵਾਲਾ ਸਮਾਂ ਛੱਡ ਦਿਤਾ ਜਾਵੇ ਤਾਂ ਬੇਰੁਜ਼ਗਾਰੀ ਦਰ ਦਾ ਸਿਖਰਲਾ ਪੱਧਰ ਫ਼ਰਵਰੀ 2016 ਵਿਚ ਦਰਜ ਕੀਤਾ ਗਿਆ। ਉਨਟਾਰੀਓ ਵਿਚ ਬੇਰੁਜ਼ਗਾਰਾਂ ਦੀ ਗਿਣਤੀ 7.6 ਫ਼ੀ ਸਦੀ ਦੇ ਅੰਕੜੇ ’ਤੇ ਸਥਿਰ ਰਹੀ ਅਤੇ ਫ਼ਰਵਰੀ ਦੇ ਮੁਕਾਬਲੇ ਕੋਈ ਤਬਦੀਲੀ ਦਰਜ ਨਾ ਕੀਤੀ ਗਈ। ਇਨ੍ਹਾਂ ਦੋਹਾਂ ਰਾਜਾਂ ਦੇ ਉਲਟ ਕਿਊਬੈਕ ਵਿਚ ਬੇਰੁਜ਼ਗਾਰੀ ਦਰ ਘਟ ਕੇ 5.4 ਫ਼ੀ ਸਦੀ ਹੋ ਗਈ। ਕੈਨੇਡਾ ਵਿਚ ਬੇਰੁਜ਼ਗਾਰੀ ਦਰ ਦਾ ਸਭ ਤੋਂ ਹੇਠਲਾ ਪੱਧਰ ਸਸਕੈਚਵਨ ਵਿਚ ਦਰਜ ਕੀਤਾ ਗਿਆ ਜਿਥੇ ਬੇਰੁਜ਼ਗਾਰਾਂ ਦੀ ਗਿਣਤੀ 5 ਫ਼ੀ ਸਦੀ ਹੇਠਾਂ ਚੱਲ ਰਹੀ ਹੈ। ਉਮਰ ਵਰਗ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 25 ਸਾਲ ਤੋਂ 54 ਸਾਲ ਉਮਰ ਵਾਲੇ ਕਾਮਿਆਂ ਦੀ ਬੇਰੁਜ਼ਗਾਰੀ ਦਰ 5.8 ਫ਼ੀ ਸਦੀ ਦਰਜ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਛੇ ਮਹੀਨੇ ਦੌਰਾਨ ਕੈਨੇਡੀਅਨ ਅਰਥਚਾਰੇ ਵਿਚੋਂ 40 ਹਜ਼ਾਰ ਫੁੱਲ ਟਾਈਮ ਨੌਕਰੀਆਂ ਖ਼ਤਮ ਹੋਈਆਂ ਪਰ 80 ਹਜ਼ਾਰ ਤੋਂ ਵੱਧ ਪਾਰਟ ਟਾਈਮ ਨੌਕਰੀਆਂ ਦਾ ਵਾਧਾ ਦਰਜ ਕੀਤਾ ਗਿਆ।

ਸਸਕੈਚਵਨ ਵਿਚ ਬੇਰੁਜ਼ਗਾਰੀ ਦਰ ਸਭ ਤੋਂ ਘੱਟ

ਹੋਲਸੇਲ, ਰਿਟੇਲ ਅਤੇ ਹੋਟਲ-ਰੈਸਟੋਰੈਂਟ ਵਰਗੇ ਖੇਤਰਾਂ ਵਿਚ ਰੁਜ਼ਗਾਰ ਵਾਧਾ ਦਰ ਮੱਠੀ ਪੈ ਚੁੱਕੀ ਹੈ ਅਤੇ ਜ਼ਿਆਦਾਤਰ ਮੌਕੇ ਪਾਰਟ ਟਾਈਮ ਜੌਬਜ਼ ਵਿਚ ਨਜ਼ਰ ਆ ਰਹੇ ਹਨ। ਡਸ਼ਾਰਡਿਨ ਗਰੁੱਪ ਦਾ ਮੰਨਣਾ ਹੈ ਜਨਵਰੀ ਤੋਂ ਮਾਰਚ ਦਰਮਿਆਨ ਕੈਨੇਡਾ ਦਾ ਜੀ.ਡੀ.ਪੀ. 1.5 ਫ਼ੀ ਸਦੀ ਤੋਂ 2 ਫ਼ੀ ਸਦੀ ਦਰਮਿਆਨ ਵਧ ਸਕਦਾ ਹੈ ਜਦਕਿ ਬੈਂਕ ਆਫ਼ ਕੈਨੇਡਾ ਦੀ ਪੇਸ਼ੀਨਗੋਈ ਮੁਤਾਬਕ ਜੀ.ਡੀ.ਪੀ. ਵਿਚ 1.8 ਫ਼ੀ ਸਦੀ ਵਾਧਾ ਹੋਣ ਦੇ ਆਸਾਰ ਹਨ। ਦੋਹਾਂ ਧਿਰਾਂ ਦੇ ਅੰਕੜੇ ਵਿਚ ਬਹੁਤ ਫ਼ਰਕ ਨਜ਼ਰ ਨਹੀਂ ਆਉਂਦਾ ਅਤੇ ਭਵਿੱਖ ਵਿਚ ਅਰਥਚਾਰੇ ਨੂੰ ਵਧੇਰੇ ਹੁਲਾਰਾ ਮਿਲਣ ਦੀਆਂ ਸੰਭਾਵਨਾਵਾਂ ਵਧਣਗੀਆਂ। ਇਸੇ ਦੌਰਾਨ ਰੀਅਲ ਅਸਟੇਟ ਬਾਰੇ ਨਵੇਂ ਅੰਕੜੇ ਉਭਰ ਕੇ ਸਾਹਮਣੇ ਆ ਰਹੇ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ 2026 ਦੇ ਦੂਜੇ ਅੱਧ ਦੌਰਾਨ ਮਕਾਨ ਦੀ ਵਿਕਰੀ ਅਤੇ ਕੀਮਤਾਂ ਵਿਚ ਉਛਾਲ ਆ ਸਕਦਾ ਹੈ ਜੋ ਇਸ ਵੇਲੇ ਬੇਹੱਦ ਹੇਠਲੇ ਪੱਧਰ ’ਤੇ ਚੱਲ ਰਹੀਆਂ ਹਨ। ਰੀਅਲ ਅਸਟੇਟ ਖੇਤਰ ਵਿਚ ਰੌਣਕਾਂ ਪਰਤੀਆਂ ਤਾਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਰਫ਼ਤਾਰ ਵੀ ਤੇਜ਼ ਹੋ ਸਕਦੀ ਹੈ।

Next Story
ਤਾਜ਼ਾ ਖਬਰਾਂ
Share it