ਉਨਟਾਰੀਓ ’ਚ 13 ਸਾਲ ਦੇ ਮੁੰਡੇ ਵੱਲੋਂ ਬਜ਼ੁਰਗ ਔਰਤ ਦਾ ਕਤਲ
ਉਨਟਾਰੀਓ ਦੇ ਪਿਕਰਿੰਗ ਸ਼ਹਿਰ ਵਿਚ ਨਫ਼ਰਤ ਨਾਲ ਭਰੇ 13 ਸਾਲ ਦੇ ਇਕ ਮੁੰਡੇ ਨੇ ਆਪਣੇ ਘਰ ਦੇ ਬਾਹਰ ਖੜ੍ਹੀ ਇਕ ਬਜ਼ੁਰਗ ਔਰਤ ਦਾ ਛੁਰੇ ਮਾਰ ਕੇ ਕਤਲ ਕਰ ਦਿਤਾ।

ਪਿਕਰਿੰਗ : ਉਨਟਾਰੀਓ ਦੇ ਪਿਕਰਿੰਗ ਸ਼ਹਿਰ ਵਿਚ ਨਫ਼ਰਤ ਨਾਲ ਭਰੇ 13 ਸਾਲ ਦੇ ਇਕ ਮੁੰਡੇ ਨੇ ਆਪਣੇ ਘਰ ਦੇ ਬਾਹਰ ਖੜ੍ਹੀ ਇਕ ਬਜ਼ੁਰਗ ਔਰਤ ਦਾ ਛੁਰੇ ਮਾਰ ਕੇ ਕਤਲ ਕਰ ਦਿਤਾ। ਡਰਹਮ ਰੀਜਨਲ ਪੁਲਿਸ ਨੇ ਤਿੰਨ ਘੰਟੇ ਦੀ ਕਰੜੀ ਮੁਸ਼ੱਕਤ ਮਗਰੋਂ ਸ਼ੱਕੀ ਨੂੰ ਕਾਬੂ ਕਰ ਲਿਆ ਪਰ ਦੋਸ਼ ਆਇਦ ਕਰਨ ਦੀ ਪ੍ਰਕਿਰਿਆ ਬਕਾਇਆ ਰੱਖੀ ਗਈ ਹੈ। ਡਰਹਮ ਰੀਜਨਲ ਪੁਲਿਸ ਦੇ ਮੁਖੀ ਪੀਟਰ ਮੌਰੇਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਛੁਰੇ ਨਾਲ ਕਈ ਵਾਰ ਕਰਨ ਮਗਰੋਂ ਸ਼ੱਕੀ ਪੈਦਲ ਹੀ ਫਰਾਰ ਹੋਇਆ ਅਤੇ ਪੁਲਿਸ ਨੂੰ ਐਲਰਟ ਜਾਰੀ ਕਰਨਾ ਪਿਆ। ਮੌਰੇਰਾ ਦਾ ਕਹਿਣਾ ਸੀ ਕਿ ਕਤਲ ਦਾ ਮਕਸਦ ਹੁਣ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਦੀ ਨੌਕਰੀ ਦੌਰਾਨ ਉਨ੍ਹਾਂ ਨੇ ਅਜਿਹੀ ਵਾਰਦਾਤ ਕਦੇ ਨਹੀਂ ਦੇਖੀ।
ਵਾਰਦਾਤ ਮਗਰੋਂ ਦਹਿਲਿਆਂ ਪਿਕਰਿੰਗ ਸ਼ਹਿਰ
ਮੌਰੇਰਾ ਨੇ ਅੱਗੇ ਕਿਹਾ ਕਿ ਸੜਕ ਤੋਂ ਲੰਘ ਰਹੇ ਅੱਲ੍ਹੜ ਦੀ ਬਜ਼ੁਰਗ ਔਰਤ ਨਾਲ ਸੰਖੇਪ ਗੱਲਬਾਤ ਹੋਈ ਅਤੇ ਇਸ ਮਗਰੋਂ ਸ਼ੱਕੀ ਨੇ ਛੁਰੇ ਨਾਲ ਕਈ ਵਾਰ ਕਰ ਦਿਤੇ। ਵਾਰਦਾਤ ਮਗਰੋਂ ਸ਼ੱਕੀ ਦੇ ਫਰਾਰ ਹੋਣ ’ਤੇ ਪਿਕਰਿੰਗ ਵਿਚ ਕਮਿਊਨਿਟੀ ਸੈਂਟਰ ਅਤੇ ਲਾਇਬ੍ਰੇਰੀਆਂ ਸਣੇ ਸਾਰੀਆਂ ਜਨਤਕ ਥਾਵਾਂ ਬੰਦ ਕਰ ਦਿਤੀਆਂ ਗਈਆਂ। ਸ਼ਹਿਰ ਦੇ ਮੇਅਰ ਕੈਵਿਨ ਐਸ਼ ਨੇ ਕਿਹਾ ਕਿ ਪਿਕਰਿੰਗ ਵਾਸਤੇ ਵੀਰਵਾਰ ਦਾ ਦਿਨ ਬੇਹੱਦ ਖਰਾਬ ਰਿਹਾ। ਸਾਡੀ ਕਮਿਊਨਿਟੀ ਬੇਹੱਦ ਸੁਰੱਖਿਅਤ ਹੈ ਅਤੇ ਅਜਿਹੀਆਂ ਵਾਰਦਾਤਾਂ ਸਿੱਧੇ ਤੌਰ ’ਤੇ ਲੋਕਾਂ ਨੂੰ ਪ੍ਰਭਾਵਤ ਕਰਦੀਆਂ ਹਨ। ਉਮੀਦ ਕਰਦੇ ਹਾਂ ਕਿ ਇਹ ਤਰਾਸਦੀ ਜਲਦ ਹੀ ਬੀਤੇ ਦੀ ਗੱਲ ਬਣ ਜਾਵੇਗੀ। ਮੇਅਰ ਵੱਲੋਂ ਬਜ਼ੁਰਗ ਔਰਤ ਦੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਉਧਰ ਪਿਕਰਿੰਗ ਦੀ ਲਿਨ ਹਾਈਟਸ ਡਰਾਈਵ ’ਤੇ ਵਾਪਰੀ ਵਾਰਦਾਤ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਔਰਤ ਲਹੂ-ਲੁਹਾਣ ਹਾਲਤ ਵਿਚ ਪਈ ਸੀ ਅਤੇ ਐਮਰਜੰਸੀ ਕਾਮਿਆਂ ਵੱਲੋਂ ਉਸ ਨੂੰ ਟੋਰਾਂਟੋ ਦੇ ਟਰੌਮਾ ਸੈਂਟਰ ਲਿਜਾਇਆ ਗਿਆ ਜਿਥੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸ ਨੇ ਦਮ ਤੋੜ ਦਿਤਾ।
ਘਰ ਦੇ ਬਾਹਰ ਖੜ੍ਹੀ ਔਰਤ ਉਤੇ ਨਫ਼ਰਤੀ ਹਮਲਾ
ਇਸੇ ਦੌਰਾਨ 15 ਸਾਲ ਤੋਂ ਇਲਾਕੇ ਵਿਚ ਰਹਿ ਰਹੇ ਟਾਇਲਰ ਡਨਸਟੈਨ ਦਾ ਕਹਿਣਾ ਸੀ ਕਿ ਉਹ ਘਰ ਪਰਤਿਆ ਤਾਂ ਵੱਡੀ ਗਿਣਤੀ ਵਿਚ ਪੁਲਿਸ ਕਰੂਜ਼ਰਾਂ ਨਜ਼ਰ ਆਈਆਂ। ਟਾਇਲਰ ਨੇ ਦੱਸਿਆ ਕਿ ਅਤੀਤ ਵਿਚ ਉਹ ਕਈ ਵਾਰ ਬਜ਼ੁਰਗ ਔਰਤ ਨੂੰ ਮਿਲਿਆ ਪਰ ਅਜਿਹੀ ਅਣਕਿਆਸੀ ਤਰਾਸਦੀ ਦਾ ਸ਼ਿਕਾਰ ਹੋਣ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਦੱਸ ਦੇਈਏ ਕਿ ਵਾਰਦਾਤ ਮਗਰੋਂ ਸ਼ੱਕੀ ਦੀ ਭਾਲ ਕਰਨ ਵਿਚ ਟੋਰਾਂਟੋ ਪੁਲਿਸ ਅਤੇ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਮਦਦ ਕੀਤੀ ਅਤੇ ਸਾਢੇ ਅੱਠ ਵਜੇ ਤੱਕ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।