1.14 ਲੱਖ ਲੋਕਾਂ ਨੇ ਛੱਡਿਆ ਕੈਨੇਡਾ
ਕੈਨੇਡਾ ਵਿਚ ਇੰਮੀਗ੍ਰੇਸ਼ਨ ਬੰਦਿਸ਼ਾਂ ਦਾ ਅਸਰ ਨਜ਼ਰ ਆਉਣ ਲੱਗਾ ਅਤੇ ਮੌਜੂਦਾ ਵਰ੍ਹੇ ਦੌਰਾਨ 1 ਲੱਖ 14 ਹਜ਼ਾਰ ਲੋਕ ਆਪਣੇ ਜੱਦੀ ਮੁਲਕ ਪਰਤ ਗਏ

By : Upjit Singh
ਟੋਰਾਂਟੋ : ਕੈਨੇਡਾ ਵਿਚ ਇੰਮੀਗ੍ਰੇਸ਼ਨ ਬੰਦਿਸ਼ਾਂ ਦਾ ਅਸਰ ਨਜ਼ਰ ਆਉਣ ਲੱਗਾ ਅਤੇ ਮੌਜੂਦਾ ਵਰ੍ਹੇ ਦੌਰਾਨ 1 ਲੱਖ 14 ਹਜ਼ਾਰ ਲੋਕ ਆਪਣੇ ਜੱਦੀ ਮੁਲਕ ਪਰਤ ਗਏ। 1971 ਤੋਂ ਬਾਅਦ ਪਹਿਲੀ ਵਾਰ ਕੈਨੇਡਾ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਮੁਲਕ ਵਿਚ ਦਾਖਲ ਹੋਣ ਵਾਲਿਆਂ ਤੋਂ ਵੱਧ ਦਰਜ ਕੀਤੀ ਗਈ। ਇਸ ਰੁਝਾਨ ਦੇ ਸਿੱਟੇ ਵਜੋਂ ਕੈਨੇਡੀਅਨ ਵਸੋਂ ਵਿਚ ਵਾਧੇ ਦੀ ਰਫ਼ਤਾਰ ਤਕਰੀਬਨ ਸਿਫ਼ਰ ’ਤੇ ਆ ਚੁੱਕੀ ਹੈ ਜੋ 2021 ਤੋਂ 2024 ਦਰਮਿਆਨ 10 ਲੱਖ ਸਾਲਾਨਾ ਤੋਂ ਉਪਰ ਦਰਜ ਕੀਤੀ ਗਈ। ਦੂਜੇ ਪਾਸੇ 1 ਜਨਵਰੀ ਤੋਂ 31 ਅਗਸਤ ਦਰਮਿਆਨ 2 ਲੱਖ 76 ਹਜ਼ਾਰ 900 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਗਿਆ ਜਦਕਿ 1 ਲੱਖ 4 ਹਜ਼ਾਰ ਪ੍ਰਵਾਸੀਆਂ ਨੇ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕੀਤੀ।
ਇੰਮੀਗ੍ਰੇਸ਼ਨ ਬੰਦਿਸ਼ਾਂ ਦਾ ਅਸਰ ਆਉਣ ਲੱਗਾ ਨਜ਼ਰ
ਵਿਜ਼ਟਰ ਵੀਜ਼ਾ ’ਤੇ ਕੈਨੇਡਾ ਆਉਣ ਵਾਲਿਆਂ ਦੇ ਮੁਕਾਬਲੇ ਮੁਲਕ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ ਵਧ ਗਈ ਅਤੇ ਆਰਜ਼ੀ ਤੌਰ ’ਤੇ ਕੈਨੇਡਾ ਵਿਚ ਮੌਜੂਦ ਲੋਕਾਂ ਦੀ ਗਿਣਤੀ 31 ਲੱਖ 50 ਹਜ਼ਾਰ ਤੋਂ ਘਟ ਕੇ 30 ਲੱਖ 24 ਹਜ਼ਾਰ ’ਤੇ ਰਹਿ ਗਈ ਹੈ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਮੌਜੂਦਾ ਵਰ੍ਹੇ ਦੀ ਦੂਜੀ ਤਿਮਾਹੀ ਦੌਰਾਨ ਕੈਨੇਡਾ ਦੀ ਆਬਾਦੀ ਵਿਚ 0.1 ਫੀ ਸਦੀ ਵਾਧਾ ਹੋਇਆ ਜਾਂ ਦੂਜੇ ਸ਼ਬਦਾਂ ਵਿਚ ਕਹਿ ਲਿਆ ਜਾਵੇ ਕਿ 47 ਹਜ਼ਾਰ ਲੋਕਾਂ ਦਾ ਵਾਧਾ ਦਰਜ ਕੀਤਾ ਗਿਆ। ਮੁਲਕ ਦੀ ਕੁਲ ਵਸੋਂ 4 ਕਰੋੜ 16 ਲੱਖ 50 ਹਜ਼ਾਰ ਹੈ ਅਤੇ ਸਾਲਾਨਾ ਆਧਾਰ ’ਤੇ ਇਸ ਵਿਚ 0.9 ਫ਼ੀ ਸਦੀ ਵਾਧਾ ਹੋਇਆ ਹੈ ਜੋ 2016 ਮਗਰੋਂ ਸਭ ਤੋਂ ਹੇਠਲਾ ਪੱਧਰ ਮੰਨਿਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ 2021 ਤੋਂ 2024 ਦਰਮਿਆਨ ਹਰ ਤਿੰਨ ਮਹੀਨੇ ਬਾਅਦ ਕੈਨੇਡਾ ਦੀ ਆਬਾਦੀ ਵਿਚ 2 ਲੱਖ 15 ਹਜ਼ਾਰ ਦਾ ਵਾਧਾ ਹੁੰਦਾ ਰਿਹਾ ਅਤੇ ਇਸ ਮੁੱਖ ਕਾਰਨ ਕੌਮਾਂਤਰੀ ਵਿਦਿਆਰਥੀ ਅਤੇ ਟੈਂਪਰੇਰੀ ਫੌਰਨ ਵਰਕਰਜ਼ ਰਹੇ।
54 ਸਾਲ ’ਚ ਪਹਿਲੀ ਵਾਰ ਆਉਣ ਵਾਲਿਆਂ ਤੋਂ ਜਾਣ ਵਾਲਿਆਂ ਦੀ ਗਿਣਤੀ ਵਧੀ
ਇਸ ਸਾਲ ਅਪ੍ਰੈਲ ਤੋਂ ਜੁਲਾਈ ਦੌਰਾਨ ਕੈਨੇਡਾ ਪੁੱਜੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 32 ਹਜ਼ਾਰ ਘਟ ਗਈ ਜਦਕਿ ਪਿਛਲੇ ਸਾਲ 18 ਫ਼ੀ ਸਦੀ ਕਮੀ ਦਰਜ ਗਈ ਸੀ। ਕੈਨੇਡਾ ਵਿਚ ਹਾਊਸਿੰਗ ਸੰਕਟ ਅਤੇ ਹੈਲਥ ਕੇਅਰ ਸੈਕਟਰ ਉਤੇ ਪੈ ਰਹੇ ਦਬਾਅਦ ਲਈ ਟੈਂਪਰੇਰੀ ਰੈਜ਼ੀਡੈਂਟਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਜਿਸ ਮਗਰੋਂ ਫੈਡਰਲ ਸਰਕਾਰ ਨੇ ਸਟੱਡੀ ਵੀਜ਼ਿਆਂ ਵਿਚ ਕਟੌਤੀ ਸਣੇ ਕਈ ਬੰਦਿਸ਼ਾਂ ਲਾਗੂ ਕਰ ਦਿਤੀਆਂ। ਸਿਰਫ ਐਨਾ ਹੀ ਨਹੀਂ ਮੌਜੂਦਾ ਵਰ੍ਹੇ ਦੌਰਾਨ ਪੱਕੇ ਤੌਰ ’ਤੇ ਕੈਨੇਡਾ ਆਉਣ ਵਾਲਿਆਂ ਦੀ ਗਿਣਤੀ 5 ਲੱਖ ਤੋਂ ਘਟਾ ਕੇ 3 ਲੱਖ 95 ਹਜ਼ਾਰ ਕੀਤੀ ਗਈ ਅਤੇ 2026 ਦਾ ਟੀਚਾ 3 ਲੱਖ 80 ਹਜ਼ਾਰ ਤੈਅ ਕੀਤਾ ਗਿਆ।
ਕੌਮਾਂਤਰੀ ਵਿਦਿਆਰਥੀ ਘਟੇ, ਵਿਜ਼ਟਰ ਵੀਜ਼ਾ ਵਾਲਿਆਂ ਦੀ ਗਿਣਤੀ ਵੀ ਹੇਠਾਂ ਆਈ
ਯੂਨੀਵਰਸਿਟੀ ਆਫ਼ ਵਾਟਰਲੂ ਦੇ ਲੇਬਰ ਇਕੌਨੋਮਿਸਟ ਮੀਕਲ ਸਕਰਡ ਦਾ ਕਹਿਣਾ ਸੀ ਕਿ 2025 ਦੀ ਅੰਤਮ ਤਿਮਾਹੀ ਅਤੇ ਨਵੇਂ ਸਾਲ ਵਿਚ ਦਾਖਲ ਹੁੰਦਿਆਂ ਵੱਡੀ ਗਿਣਤੀ ਵਿਚ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਐਕਸਪਾਇਰ ਹੋਣਗੇ ਜਿਸ ਰਾਹੀਂ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਹੋਰ ਤੇਜ਼ੀ ਨਾਲ ਹੇਠਾਂ ਜਾ ਸਕਦੀ ਹੈ। 2024 ਦੇ ਮੁਕਾਬਲੇ ਇਸ ਸਾਲ 90 ਹਜ਼ਾਰ ਸਟੱਡੀ ਵੀਜ਼ੇ ਘੱਟ ਜਾਰੀ ਕੀਤੇ ਗਏ ਪਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਕਾਬੂ ਹੇਠ ਲਿਆਉਣ ਵਿਚ ਕੁਝ ਹੋਰ ਸਮਾਂ ਲੱਗ ਸਕਦਾ ਹੈ। ਦੱਸ ਦੇਈਏ ਕਿ ਕੈਨੇਡਾ ਸਰਕਾਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਨੂੰ ਕੁਲ ਆਬਾਦੀ ਦਾ 5 ਫੀ ਸਦੀ ’ਤੇ ਲਿਆਉਣਾ ਚਾਹੁੰਦੀ ਹੈ ਪਰ ਹੁਣ ਵੀ ਇਹ ਅੰਕੜਾ 7.3 ਫ਼ੀ ਸਦੀ ਬਣਦਾ ਹੈ।


