Begin typing your search above and press return to search.

ਬਰੈਂਪਟਨ 'ਚ ਹੋਈ 10ਵੀਂ ਵਰਲਡ ਪੰਜਾਬੀ ਕਾਨਫਰੰਸ, ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਵਿਦਵਾਨ

ਬਰੈਂਪਟਨ ਚ ਹੋਈ 10ਵੀਂ ਵਰਲਡ ਪੰਜਾਬੀ ਕਾਨਫਰੰਸ, ਵੱਖ-ਵੱਖ ਦੇਸ਼ਾਂ ਤੋਂ ਪਹੁੰਚੇ ਵਿਦਵਾਨ
X

Sandeep KaurBy : Sandeep Kaur

  |  12 July 2024 2:21 AM IST

  • whatsapp
  • Telegram

5 ਜੁਲਾਈ, ਬਰੈਂਪਟਨ (ਗੁਰਜੀਤ ਕੌਰ) - ਓਨਟਾਰੀਓ ਫਰੈਂਡਸ ਕਲੱਬ, ਪੰਜਾਬੀ ਬਿਜ਼ਨੈੱਸ ਪ੍ਰੋਫੈਸ਼ਨਲ ਐਸੋਸੀਏਸ਼ਨ ਤੇ ਜਗਤ ਪੰਜਾਬੀ ਸਭਾ ਵੱਲੋਂ ਬਰੈਂਪਟਨ 'ਚ 10ਵੀਂ ਵਰਲਡ ਪੰਜਾਬੀ ਕਾਨਫ਼ਰੰਸ ਕਰਵਾਈ ਗਈ, ਜਿਸ ਦਾ ਵਿਸ਼ਾ 'ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਪੰਜਾਬੀ ਨਾਇਕ' ਰੱਖਿਆ ਗਿਆ ਸੀ। ਕਾਨਫਰੰਸ ਦੇ ਉਦਘਾਟਨੀ ਸਮਾਗਮ ਜੋ ਕਿ 5 ਜੁਲਾਈ ਨੂੰ ਸੀ, ਉਸ 'ਚ ਮੁੱਖ ਮਹਿਮਾਨ ਵਜੋਂ ਚੀਫ਼ ਖਾਲਸਾ ਦੀਵਾਨ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਸ਼ਿਰਕਤ ਕੀਤੀ। ਸਵਾਗਤੀ ਸੈਸ਼ਨ ਦਾ ਸੰਚਾਲਨ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਸਰਦੂਲ ਸਿੰਘ ਥਿਆੜਾ ਵੱਲੋਂ ਸੰਭਾਲਿਆ ਗਿਆ। ਸਵਾਗਤੀ ਭਾਸ਼ਣ 'ਚ ਓਨਟਾਰੀਓ ਫਰੈਂਡਸ ਕਲੱਬ ਦੇ ਪ੍ਰਧਾਨ ਡਾ. ਸੰਤੋਖ ਸਿੰਘ ਸੰਧੂ ਨੇ ਮਹਿਮਾਨਾਂ, ਡੈਲੀਗੇਟ ਸਰੋਤਿਆਂ ਨੂੰ ਜੀ ਆਇਆਂ ਆਖਿਆ ਅਤੇ ਦਲਜੀਤ ਕੌਰ ਸੰਧੂ ਨੇ ਜਗਤ ਪੰਜਾਬੀ ਸਭਾ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ।

ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗਤ ਪੰਜਾਬੀ ਸਭਾ ਦੀਆਂ ਗਤੀਆਂ ਵਿਧੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਕ਼ਾਇਦਾ-ਏ-ਨੂਰ ਚੀਫ਼ ਖ਼ਾਲਸਾ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਦਫਤਰਾਂ ਤੱਕ ਪਹੁੰਚ ਗਿਆ ਹੈ। ਬਲਵਿੰਦਰ ਕੌਰ ਚੱਠਾ ਵੱਲੋਂ ਸੰਪਾਦਕ ਕਿਤਾਬ ਨੈਤਿਕਤਾ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ 'ਤੇ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਵਾਰਡ 9, 10 ਤੋਂ ਰੀਜ਼ਨਲ ਕੌਂਸਲਰ ਗੁਰਪ੍ਰਤਾਪ ਸਿੰਘ, ਵਾਰਡ 1, 5 ਤੋਂ ਰੀਜ਼ਨਲ ਕੌਸਲਰ ਪਾਲ ਵਿਸੇਂਟ, ਬਰੈਂਪਟਨ ਨੌਰਥ ਤੋਂ ਐੱਮਪੀ ਰੂਬੀ ਸਹੋਤਾ, ਬਰੈਂਪਟਨ ਈਸਟ ਤੋਂ ਐੱਮਪੀਪੀ ਹਰਦੀਪ ਸਿੰਘ ਨੇ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਬਰੈਂਪਟਨ ਇੱਕ ਮਿੰਨੀ ਪੰਜਾਬ ਬਣ ਚੁੱਕਿਆ ਹੈ ਅਤੇ ਜਗਤ ਪੰਜਾਬੀ ਸਭਾ ਪੰਜਾਬੀ, ਪੰਜਾਬੀਅਤ ਦੀ ਪ੍ਰਫੁੱਲਤਾ ਲਈ ਹਮੇਸ਼ਾ ਉਪਰਾਲੇ ਕਰਦੀ ਰਹੀ ਹੈ।

ਕਾਨਫ਼ਰੰਸ ਦੇ ਚੇਅਰਮੈਨ ਡਾ.ਅਜੈਬ ਸਿੰਘ ਚੱਠਾ ਨੇ ਹਾਲ 'ਚ ਹਾਜ਼ਰੀਨ ਲੋਕਾਂ ਦਾ ਧੰਨਵਾਦ ਕਰਦਿਆਂ ਕਾਨਫਰੰਸ ਦੇ ਵਿਸ਼ੇ ਪੰਜਾਬੀ ਭਾਸ਼ਾ ਦਾ ਭਵਿੱਖ ਤੇ ਲੋਕ ਨਾਇਕ ਬਾਰੇ ਗੱਲ ਕੀਤੀ। ਡਾ. ਸਤਨਾਮ ਸਿੰਘ ਜੱਸਲ ਨੇ ਕਾਨਫਰੰਸ ਦੇ ਉਦੇਸ਼ ਤੇ ਨਿਸ਼ਾਨਿਆਂ 'ਤੇ ਚਰਚਾ ਕਰਦਿਆਂ ਪੰਜਾਬੀ ਭਾਸ਼ਾ ਦੇ ਭਵਿੱਖ ਤੇ ਲੋਕ ਨਾਇਕਾਂ ਬਾਰੇ ਵਿਚਾਰਾਂ ਕੀਤੀਆਂ। ਵਰਲਡ ਪੰਜਾਬੀ ਕਾਨਫ਼ਰੰਸ ਦੇ ਪ੍ਰਧਾਨ ਤਰਲੋਚਨ ਸਿੰਘ ਅਟਵਾਲ ਨੇ ਆਖਿਆ ਕਿ ਅਸੀਂ ਪੰਜਾਬੀ ਭਾਸ਼ਾ ਦੇ ਸਕਾਰਾਤਮਿਕ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਰਹੇ ਹਾਂ। ਇਸ ਮੌਕੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਹੈ ਕਿ ਅਮਰ ਸਿੰਘ ਭੁੱਲਰ, ਡਾਕਟਰ ਸੰਤੋਖ ਸਿੰਘ ਸੰਧੂ, ਸਰਦੂਲ ਸਿੰਘ ਥਿਆੜਾ, ਡਾਕਟਰ ਰਮਨੀ ਬਤਰਾ, ਤਰਲੋਚਨ ਸਿੰਘ ਅਟਵਾਲ, ਪਿਆਰਾ ਸਿੰਘ ਕੁਦੋਵਾਲ, ਸੰਜੀਤ ਸਿੰਘ, ਗੁਰਦਰਸ਼ਨ ਸਿੰਘ ਸੀਰਾ, ਕਮਲਜੀਤ ਸਿੰਘ ਹੇਅਰ, ਹੈਪੀ ਮਾਂਗਟ ਤੇ ਪ੍ਰਭਜੋਤ ਸਿੰਘ ਰਾਠੌਰ ਦੇ ਸਹਿਯੋਗ ਨਾਲ 10 ਵੀਂ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ।

6 ਜੁਲਾਈ - ਵਰਲਡ ਪੰਜਾਬੀ ਕਾਨਫਰੰਸ ਦੇ ਦੂਜੇ ਦਿਨ ਵੀ ਕਾਫੀ ਮਹਿਮਾਨਾਂ ਅਤੇ ਬੁਲਾਰਿਆਂ ਵੱਲੋਂ ਸ਼ਿਰਕਤ ਕੀਤੀ ਗਈ। ਦੂਸਰੇ ਦਿਨ ਕਾਨਫਰੰਸ ਦੇ ਵਿਸ਼ੇ 'ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਪੰਜਾਬੀ ਨਾਇਕ' 'ਤੇ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਬੁਲਾਰਿਆਂ ਨੂੰ ਸਟੇਜ਼ 'ਤੇ ਬੋਲਣ ਲਈ 8 ਮਿੰਟ ਦਾ ਸਮਾਂ ਦਿੱਤਾ ਗਿਆ ਸੀ ਅਤੇ ਇਸ ਨਿਰਧਾਰਿਤ ਸਮੇਂ 'ਚ ਹੀ ਉਨ੍ਹਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਦੱਸਿਆ ਗਿਆ ਕਿ ਕਿਸ ਨੂੰ ਪੰਜਾਬੀ ਨਾਇਕ ਦਾ ਦਰਜਾ ਪ੍ਰਾਪਤ ਹੋਣਾ ਚਾਹੀਦਾ ਹੈ। ਬਾਬਾ ਬੰਦਾ ਸਿੰਘ ਬਹਾਦਰ, ਦੁੱਲਾ ਭੱਟੀ ਵਾਲਾ ਸਮੇਤ ਹੋਰ ਕਈ ਸ਼ਖਸੀਅਤਾਂ ਦੀ ਗੱਲ ਕੀਤੀ ਗਈ। ਕਾਨਫਰੰਸ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਕਾਨਫਰੰਸ ਦੀਆਂ ਤਿਆਰੀਆਂ ਕਾਫੀ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਕਾਨਫਰੰਸ ਚਿ ਪਹੁੰਚੇ ਬੁਲਾਰਿਆਂ ਵੱਲੋਂ ਪਹਿਲਾਂ ਹੀ ਕਾਨਫਰੰਸ ਦੇ ਵਿਸ਼ੇ ਸਬੰਧੀ ਪੇਪਰ ਤਿਆਰ ਕਰਵਾ ਲਏ ਜਾਂਦੇ ਹਨ ਅਤੇ ਕਾਨਫਰੰਸ ਤੋਂ ਬਾਅਦ ਇਸ ਦਾ ਨਤੀਜਾ ਕੱਢਿਆ ਜਾਂਦਾ ਹੈ।

ਦੂਸਰੇ ਦਿਨ ਦੇ ਪਹਿਲੇ ਸੈਸ਼ਨ 'ਚ ਪਿਆਰਾ ਸਿੰਘ ਕੁਦੋਵਾਲ, ਅਮਰਜੀਤ ਸਿੰਘ ਚਾਹਲ, ਧਰਮ ਸਿੰਘ ਗੁਰਾਇਆ, ਅਫਸਲ ਰਾਜ, ਸੰਤੋਖ ਸਿੰਘ ਜੱਸੀ , ਜਸਬੀਰ ਕੌਰ ਗਰੇਵਾਲ ਵੱਲੋਂ ਕਾਨਫਰੰਸ ਦੇ ਵਿਸ਼ੇ 'ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਬੁਲਾਰਿਆਂ ਨੇ ਕਿਹਾ "ਪੰਜਾਬੀ ਭਾਸ਼ਾ ਬਹੁਤ ਸੋਹਣੀ ਭਾਸ਼ਾ ਹੈ, ਸਾਨੂੰ ਪੰਜਾਬੀ ਬੋਲਣ 'ਤੇ ਮਾਣ ਮਹਿਸੂਸ ਹੁੰਦਾ ਹੈ, ਪਰ ਅਜੋਕੇ ਸਮੇਂ 'ਚ ਨਵੀਂ ਪੀੜੀ ਪੰਜਾਬੀ ਭਾਸ਼ਾ ਤੋਂ ਦੂਰ ਹੁੰਦੀ ਜਾ ਰਹੀ ਹੈ ਜਿਸ ਕਾਰਨ ਸਾਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਪੰਜਾਬੀ ਭਾਸ਼ਾ ਨੂੰ ਇਸੇ ਤਰ੍ਹਾਂ ਕਾਇਮ ਰੱਖਣ ਲਈ ਇਸ ਤਰ੍ਹਾਂ ਦੇ ਅਨੇਕਾਂ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।" ਬੁਲਾਰਿਆਂ ਨੇ ਕਿਹਾ ਕਿ ਇਸ ਸਾਲ ਦੀ ਕਾਨਫਰੰਸ ਦਾ ਲੋਕਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਪ੍ਰਬੰਧਕਾਂ ਵੱਲੋਂ ਵੀ ਕਾਨਫਰੰਸ ਦੇ ਵਧੀਆ ਪ੍ਰਬੰਧ ਕੀਤੇ ਗਏ ਹਨ।

ਇਸ ਦੇ ਨਾਲ ਹੀ ਬੁਲਾਰਿਆਂ ਦੇ ਵਿਚਾਰਾਂ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ ਹੋਏ ਸਨ। ਟ੍ਰਿਿਬਊਨ ਦੇ ਸਮਾਚਾਰ ਸੰਪਾਦਕ ਸ਼ਾਮ ਸਿੰਘ ਨੇ ਕਿਹਾ ਕਿ ਕਾਨਫਰੰਸ ਦਾ ਹਿੱਸਾ ਬਣ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ ਰਿਹਾ ਹੈ ਕਿਉਂਕਿ ਪੰਜਾਬ ਤੋਂ ਇੰਨੀ ਦੂਰ ਆ ਕੇ ਕੈਨੇਡਾ 'ਚ ਵੀ ਪੰਜਾਬੀਆਂ ਵੱਲੋਂ ਪੰਜਾਬੀ ਦੀ ਜੋਤ ਜਗਾਈ ਗਈ ਹੈ। ਉਨ੍ਹਾਂ ਕਿਹਾ ਕਿ ਬੁਲਾਰਿਆਂ ਵੱਲੋਂ ਆਪਣੇ ਭਾਸ਼ਣ 'ਚ ਸਿਰਫ਼ ਪੰਜਾਬੀ ਭਾਸ਼ਾ ਦੀ ਹੀ ਵਰਤੋਂ ਕੀਤੀ ਗਈ ਹੈ, ਕੋਈ ਅੰਗ੍ਰੇਜ਼ੀ, ਹਿੰਦੀ ਜਾਂ ਸੰਸਕ੍ਰਿਤ ਦੇ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਉਨ੍ਹਾਂ ਕਿਹਾ ਕਿ ਸ਼ੁੱਧ ਪੰਜਾਬੀ ਸੁਣ ਕੇ ਉਨ੍ਹਾਂ ਨੂੰ ਬਹੁਤ ਆਨੰਦ ਆਇਆ। ਕਾਨਫਰੰਸ 'ਚ ਪਹੁੰਚੇ ਹੋਰ ਮਹਿਮਾਨਾਂ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਵੀ ਕਾਨਫਰੰਸ 'ਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ ਕਿਉਂਕਿ ਇਹ ਸਭ ਕੁੱਝ ਉਨ੍ਹਾਂ ਦੇ ਚੰਗੇ ਭਵਿੱਖ ਲਈ ਹੀ ਕੀਤਾ ਜਾ ਰਿਹਾ ਹੈ।

7 ਜੁਲਾਈ - ਬਰੈਂਪਟਨ ਵਿੱਚ ਤਿੰਨ ਰੋਜ਼ਾ 10ਵੀਂ ਵਰਲਡ ਪੰਜਾਬੀ ਕਾਨਫਰੰਸ 7 ਜੁਲਾਈ ਨੂੰ ਸਫਲਤਾਪੂਰਵਕ ਸੰਪੰਨ ਹੋਈ। 5, 6 ਅਤੇ 7 ਜੁਲਾਈ, 2024 ਨੂੰ ਹੋਈ ਵਰਲਡ ਪੰਜਾਬੀ ਕਾਨਫਰੰਸ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਭਾਰਤ ਤੋਂ ਵੱਡੇ-ਵੱਡੇ ਵਿਦਵਾਨ ਪਹੁੰਚੇ। ਕਾਨਫਰੰਸ ਦੇ ਵਿਸ਼ੇੇ 'ਤੇ ਵੱਖ-ਵੱਖ ਬੁਲਾਰਿਆਂ ਵੱਲੋਂ ਤਿੰਨ ਦਿਨ ਆਪਣੇ ਵਿਚਾਰ ਪੇਸ਼ ਕੀਤੇ ਗਏ। ਕਾਨਫਰੰਸ ਦੇ ਤੀਸਰੇ ਦਿਨ ਵੀ ਕਾਫੀ ਲੋਕਾਂ ਵੱਲੋਂ ਕਾਨਫਰੰਸ ਵਿੱਚ ਹਾਜ਼ਰੀ ਲਗਵਾਈ ਗਈ। ਵਰਲਡ ਪੰਜਾਬੀ ਕਾਨਫਰੰਸ ਦੇ ਪ੍ਰਬੰਧਕਾਂ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ, ਪ੍ਰਬੰਧਕਾਂ ਜਗਤ ਪੰਜਾਬੀ ਸਭਾ ਦੇ ਪ੍ਰਧਾਨ ਸਰਦਾਰ ਸਰਦੂਲ ਸਿੰਘ ਥਿਆਰਾ, ਹਮਦਰਦ ਮੀਡੀਆ ਗਰੁੱਪ ਦੇ ਸੀਈਓ ਅਤੇ ਕਾਨਫਰੰਸ ਦੇ ਸਰਪ੍ਰਸਤ ਸਰਦਾਰ ਅਮਰ ਸਿੰਘ ਭੁੱਲਰ, ਕਾਨਫਰੰਸ ਦੇ ਪ੍ਰਧਾਨ ਤਰਲੋਚਨ ਸਿੰਘ ਅਟਵਾਲ, ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਦੇ ਪ੍ਰਧਾਨ ਰਮਨੀ ਬੱਤਰਾ ਵੱਲੋਂ ਪੰਜਾਬੀ ਕਾਨਫਰੰਸ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੁੱਖ ਮਹਿਮਾਨ, ਬਿਜ਼ਨਸਮੈਨ, ਕਲਾਕਾਰਾਂ ਅਤੇ ਬੁਲਾਰਿਆਂ ਦਾ ਸਨਮਾਨ ਵੀ ਕੀਤਾ ਗਿਆ। ਕਾਨਫਰੰਸ ਵਿੱਚ ਵਲੰਟੀਅਰ ਵਜੋਂ 16 ਸਾਲਾਂ ਸਹਿਜ ਮਾਂਗਟ ਵੱਲੋਂ ਕੰਮ ਕੀਤਾ ਗਿਆ ਅਤੇ ਪ੍ਰਬੰਧਕਾਂ ਦੀ ਮਦਦ ਕੀਤੀ ਗਈ।

ਬਰੈਂਪਟਨ ਸਾਊਥ ਤੋਂ ਮੈਂਬਰ ਆਫ ਪਾਰਲੀਮੈਂਟ ਸੋਨੀਆ ਸਿੱਧੂ ਜੀ ਅਤੇ ਬਰੈਂਪਟਨ ਈਸਟ ਤੋਂ ਮੈਂਬਰ ਆਫ ਪਾਰਲੀਮੈਂਟ ਮਨਿੰਦਰ ਸਿੱਧੂ ਜੀ ਕਾਨਫਰੰਸ ਵਿੱਚ ਸ਼ਾਮਲ ਹੋਏ ਅਤੇ ਇਸ ਮੌਕੇ 'ਤੇ ਉਨ੍ਹਾਂ ਵੱਲੋਂ ਪ੍ਰਬੰਧਕਾਂ ਦੀ ਤਾਰੀਫ ਕਰਦਿਆਂ ਕਿਹਾ ਗਿਆ ਕਿ ਪੰਜਾਬੀ ਭਾਸ਼ਾ ਨੂੰ ਬਚਾਉਣ ਲਈ ਉਨ੍ਹਾਂ ਵੱਲੋਂ ਬਹੁਤ ਚੰਗਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਚੌਥੇ ਨੰਬਰ 'ਤੇ ਆਉਂਦੀ ਹੈ। 10ਵੀਂ ਵਰਲਡ ਪੰਜਾਬੀ ਕਾਨਫਰੰਸ ਦੇ ਤੀਸਰੇ ਦਿਨ ਮੁੱਖ ਮਹਿਮਾਨ ਵਜੋਂ ਈਸਟ ਵੁੱਡ ਸੀਬੀ ਡਵੈਲਪਰਸ ਦੇ ਚੇਅਰਮੈਨ ਸਰਦਾਰ ਇੰਦਰਦੀਪ ਸਿੰਘ ਚੀਮਾ ਵੱਲੋਂ ਸ਼ਿਰਕਤ ਕੀਤੀ ਗਈ। ਕਾਨਫਰੰਸ ਦੌਰਾਨ ਉਨ੍ਹਾਂ ਵੱਲੋਂ ਦੋ ਨਵੇਂ ਐਵਾਰਡਾਂ ਪੁਰਸ਼ ਲੇਖਕਾਂ ਲਈ ਮਰਹੂਮ ਸੁਰਜੀਤ ਪਾਤਰ ਐਵਾਰਡ ਅਤੇ ਔਰਤਾਂ ਲਈ ਅੰਮ੍ਰਿਤਾ ਪ੍ਰੀਤਮ ਐਵਾਰਡ ਦਾ ਐਲਾਨ ਕੀਤਾ ਗਿਆ ਅਤੇ ਨਾਲ ਹੀ ਕਾਨਫਰੰਸ ਦੇ ਸਾਰੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਗਈ। ਇਸ ਦੇ ਨਾਲ ਹੀ ਕਾਨਫਰੰਸ ਵਿੱਚ ਉੱਘੇ ਕਲਾਕਾਰ ਵੀ ਪਹੁੰਚੇ ਸਨ ਜਿੰਨ੍ਹਾਂ ਵਿੱਚ ਅਦਾਕਾਰ ਅਤੇ ਕਾਮੇਡੀਅਨ ਬਾਲ ਮੁਕੰਦ ਸ਼ਰਮਾ ਸ਼ਾਮਲ ਸਨ। ਬਾਲ ਮੁਕੰਦ ਸ਼ਰਮਾ ਜੀ ਹੁਣ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਹਨ ਅਤੇ ਉਨ੍ਹਾਂ ਦੀ ਪਤਨੀ ਕੰਚਨ ਸ਼ਰਮਾ ਵੀ ਵਰਲਡ ਪੰਜਾਬੀ ਕਾਨਫਰੰਸ ਵਿੱਚ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਕਈ ਉੱਘੇ ਬਿਜ਼ਨਸਮੈਨ ਸਮੋਸਾ ਸਵੀਟ ਫੈਕਟਰੀ ਦੇ ਮਾਲਕ ਹਰਪਾਲ ਸਿੰਘ ਸੰਧੂ ਅਤੇ ਹਰਮਿੰਦਰ ਸੰਧੂ ਵੀ ਵਰਲਡ ਪੰਜਾਬੀ ਕਾਨਫਰੰਸ ਦਾ ਹਿੱਸਾ ਬਣੇ।

ਵਰਲਡ ਪੰਜਾਬੀ ਕਾਨਫਰੰਸ ਦੇ ਤੀਸਰੇ ਦਿਨ ਵੀ ਕਾਫੀ ਬੁਲਾਰੇ ਪਹੁੰਚੇ ਜਿੰਨ੍ਹਾਂ ਵੱਲੋਂ ਕਾਨਫਰੰਸ ਦੇ ਵਿਸ਼ੇ 'ਤੇ ਗੱਲ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਯੂਨੀਵਰਸਿਟੀ ਆਫ ਝਾਂਗ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾਕਟਰ ਨਬੀਲਾ ਰਹਿਮਾਨ ਵੱਲੋਂ ਵੀ ਆਪਣੇ ਵਿਚਾਰ ਕਾਨਫਰੰਸ ਵਿੱਚ ਸਾਂਝੇ ਕੀਤੇ ਗਏ। ਇੰਨ੍ਹਾਂ ਦੇ ਨਾਲ-ਨਾਲ ਹੋਰ ਵੀ ਕਈ ਬੁਲਾਰੇ ਮੌਜੂਦ ਸਨ। ਕਾਫੀ ਪੰਜਾਬੀ ਨਾਇਕਾਂ ਦੀ ਗੱਲ ਕੀਤੀ ਗਈ ਜਿੰਨ੍ਹਾਂ ਵਿੱਚ ਭਗਤ ਪੂਰਨ ਸਿੰਘ ਜੀ, ਮਨੁੱਖਤਾ ਦੀ ਸੇਵਾ ਵਾਲੇ ਸਰਦਾਰ ਗੁਰਪ੍ਰੀਤ ਸਿੰਘ ਜੀ ਸ਼ਾਮਲ ਸਨ। ਬੁਲਾਰਿਆਂ ਨੇ ਪੰਜਾਬੀ ਭਾਸ਼ਾ ਦੇ ਭਵਿੱਖ ਨੂੰ ਲੈ ਕੇ ਵੀ ਆਪਣੇ ਵਿਚਾਰ ਸਾਰਿਆਂ ਨਾਲ ਸਾਂਝੇ ਕੀਤੇ। ਕਾਨਫਰੰਸ ਦੇ ਅਖੀਰ ਵਿੱਚ ਸਰਦਾਰ ਗੁਰਵੀਰ ਸਿੰਘ ਸਰੌਦ ਵੱਲੋਂ ਕਾਨਫਰੰਸ ਦੇ ਤਿੰਨ ਦਿਨਾਂ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਪ੍ਰੋਫੈਸਰ ਡਾਕਟਰ ਸਤਨਾਮ ਸਿੰਘ ਜੱਸਲ ਵੱਲੋਂ ਵਿਦਾਇਗੀ ਭਾਸ਼ਣ ਦਿੱਤਾ ਗਿਆ। ਇਸ ਦੇ ਨਾਲ ਹੀ ਕਾਨਫਰੰਸ ਦੇ ਚੇਅਰਮੈਨ ਸਰਦਾਰ ਅਜੈਬ ਸਿੰਘ ਚੱਠਾ ਵੱਲੋਂ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੂਲਿਤ ਕਰਨ ਲਈ ਸਾਰਿਆਂ ਦੀ ਸਹਿਮਤੀ ਨਾਲ ਪੰਜ ਮਤੇ ਪਾਸ ਕੀਤੇ ਗਏ।

Next Story
ਤਾਜ਼ਾ ਖਬਰਾਂ
Share it