Canada ਤੋਂ 50 ਪੰਜਾਬੀਆਂ ਨੂੰ Deport ’ਤੇ ਪਿਆ ਰੌਲਾ
ਕੈਨੇਡਾ ਤੋਂ 50 ਪੰਜਾਬੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਦਰਮਿਆਨ ਨਵਾਂ ਵਿਵਾਦ ਪੈਦਾ ਹੋ ਗਿਆ ਹੈ ਅਤੇ ਕਾਨੂੰਨ ਮਾਹਰਾਂ ਨੇ ਸਵਾਲ ਉਠਾਇਆ ਹੈ ਕਿ ਅਪਰਾਧੀਆਂ ਨੂੰ ਬਗੈਰ ਸਜ਼ਾ ਤੋਂ ਰਿਹਾਅ ਕਿਵੇਂ ਕੀਤਾ ਜਾ ਸਕਦਾ ਹੈ

By : Upjit Singh
ਟੋਰਾਂਟੋ : ਕੈਨੇਡਾ ਤੋਂ 50 ਪੰਜਾਬੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਦਰਮਿਆਨ ਨਵਾਂ ਵਿਵਾਦ ਪੈਦਾ ਹੋ ਗਿਆ ਹੈ ਅਤੇ ਕਾਨੂੰਨ ਮਾਹਰਾਂ ਨੇ ਸਵਾਲ ਉਠਾਇਆ ਹੈ ਕਿ ਅਪਰਾਧੀਆਂ ਨੂੰ ਬਗੈਰ ਸਜ਼ਾ ਤੋਂ ਰਿਹਾਅ ਕਿਵੇਂ ਕੀਤਾ ਜਾ ਸਕਦਾ ਹੈ। ਜੀ ਹਾਂ, ਉਨਟਾਰੀਓ ਦੇ ਬਰੈਂਪਟਨ ਤੋਂ ਲੈ ਕੇ ਬੀ.ਸੀ. ਦੇ ਸਰੀ ਤੱਕ ਸਾਊਥ ਏਸ਼ੀਅਨ ਲੋਕਾਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ’ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਬਗੈਰ ਕਿਸੇ ਮੁਕੱਦਮੇ ਤੋਂ ਮੁਲਕ ਵਿਚੋਂ ਕੱਢਿਆ ਜਾ ਰਿਹਾ ਹੈ ਪਰ ਸਿੱਖ ਫੈਡਰੇਸ਼ਨ ਕੈਨੇਡਾ ਦੇ ਵਕੀਲ ਪ੍ਰਭਜੋਤ ਸਿੰਘ ਨੇ ਕਿਹਾ ਕਿ ਦੇਸ਼ ਨਿਕਾਲੇ ਦੇ ਬਾਵਜੂਦ ਕਮਿਊਨਿਟੀ ਦੀਆਂ ਡੂੰਘੀਆਂ ਚਿੰਤਾਵਾਂ ਜਿਉਂ ਦੀਆਂ ਤਿਉਂ ਕਾਇਮ ਹਨ। ਸੀ.ਬੀ.ਸੀ. ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਤੋਂ ਕਿੰਨੇ ਜਣੇ ਡਿਪੋਰਟ ਕਰ ਦਿਤੇ ਗਏ ਜਾਂ ਕਿੰਨੇ ਕੀਤੇ ਜਾ ਰਹੇ ਹਨ, ਇਹ ਇਕ ਵੱਖਰਾ ਮਸਲਾ ਹੈ ਪਰ ਇਨ੍ਹਾਂ ਦੇ ਹੱਥਾਂ ਵਿਚ ਹਥਿਆਰ ਫੜਾਉਣ ਵਾਲੇ ਕੌਣ ਹਨ, ਇਸ ਬਾਰੇ ਕੋਈ ਜ਼ਿਕਰ ਨਹੀਂ ਹੋ ਰਿਹਾ।
ਬਗੈਰ ਸਜ਼ਾ ਤੋਂ ਘਰ ਛੱਡ ਕੇ ਆ ਰਹੀ ਕੈਨੇਡਾ ਸਰਕਾਰ
ਵੱਡੀ ਗਿਣਤੀ ਵਿਚ ਅਪਰਾਧੀਆਂ ਨੂੰ ਡਿਪੋਰਟ ਕਰਨ ਤੋਂ ਬਾਅਦ ਕਮਿਊਨਿਟੀ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇਗੀ, ਅਜਿਹਾ ਮਹਿਸੂਸ ਨਹੀਂ ਹੁੰਦਾ ਕਿਉਂਕਿ ਐਡਮਿੰਟਨ ਪੁਲਿਸ ਦੇ ਸੁਪਰਡੈਂਟ ਰਵਿੰਦਰ ਗਿੱਲ ਪ੍ਰਵਾਨ ਕਰ ਚੁੱਕੇ ਹਨ ਕਿ ਗੈਂਗਸਟਰਾਂ ਜਾਂ ਖ਼ਤਰਨਾਕ ਗਿਰੋਹਾਂ ਵੱਲੋਂ ਨਵੇਂ ਆਏ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੱਡੀ ਗਿਣਤੀ ਵਿਚ ਭਰਤੀ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਾਬਕਾ ਪੁਲਿਸ ਮੁਖੀ ਅਤੇ ਬੀ.ਸੀ. ਦੇ ਸਾਬਕਾ ਲੋਕ ਸੁਰੱਖਿਆ ਮੰਤਰੀ ਕਾਸ਼ ਹੀਡ ਦਾ ਕਹਿਣਾ ਹੈ ਕਿ ਅਪਰਾਧੀਆਂ ਨੂੰ ਘਰ ਛੱਡ ਕੇ ਆਉਣ ਦੀ ਸਹੂਲਤ ਦਿਤੀ ਜਾ ਰਹੀ ਹੈ ਅਤੇ ਉਹ ਵੀ ਕੈਨੇਡੀਅਨ ਲੋਕਾਂ ਦੀ ਜੇਬ ਉਤੇ ਬੋਝ ਪਾਉਂਦਿਆਂ। ਕਾਸ਼ ਹੀਡ ਨੇ ਸਿਆਸਤਦਾਨਾਂ ਅਤੇ ਪੁਲਿਸ ਮਹਿਕਮਿਆਂ ਨੂੰ ਸੱਦਾ ਦਿਤਾ ਕਿ ਮਸਲੇ ਨਾਲ ਨਜਿੱਠਣ ਲਈ ਵੱਖਰੀ ਪਹੁੰਚ ਅਖਤਿਆਰ ਕੀਤੀ ਜਾਵੇ। ਚੇਤੇ ਰਹੇ ਕਿ ਹਾਲ ਹੀ ਵਿਚ ਡਿਪੋਰਟ ਕੀਤੇ ਸੁਖਨਾਜ਼ ਸੰਧੂ ਵੱਲੋਂ ਖ਼ਾਲਿਸਤਾਨ ਹਮਾਇਤੀ ਹੋਣ ਦਾ ਦਾਅਵਾ ਕਰਦਿਆਂ ਡਿਪੋਰਟੇਸ਼ਨ ਰੱਦ ਕਰਨ ਦੀ ਅਪੀਲ ਕੀਤੀ ਗਈ ਪਰ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਹ ਖ਼ਾਲਿਸਤਾਨ ਲਹਿਰ ਦਾ ਸਰਗਰਮ ਮੈਂਬਰ ਨਹੀਂ। ਸੁਖਨਾਜ਼ ਸੰਧੂ ਨਾਬਾਲਗ ਉਮਰ ਵਿਚ ਕੈਨੇਡਾ ਪੁੱਜਾ ਅਤੇ ਆਪਣੀ ਮਾਂ ’ਤੇ ਨਿਰਭਰ ਹੋਣ ਕਰ ਕੇ ਦੋ ਸਾਲ ਬਾਅਦ ਪੀ.ਆਰ. ਮਿਲ ਗਈ। ਅਦਾਲਤੀ ਦਸਤਾਵੇਜ਼ ਕਹਿੰਦੇ ਹਨ ਕਿ ਉਹ ਜਨਵਰੀ 2017 ਤੋਂ ਅਕਤੂਬਰ 2018 ਤੱਕ ਸਕੂਲ ਗਿਆ ਪਰ ਬਾਅਦ ਵਿਚ ਪੜ੍ਹਾਈ ਛੱਡ ਦਿਤੀ ਅਤੇ ਐਮਾਜ਼ੌਨ ਵੇਅਰਾਊਸ ਵਿਚ ਕੰਮ ਕਰਨ ਲੱਗਾ। ਕਈ ਵਾਰ ਉਸ ਨੇ ਪੀਟਜ਼ਾ ਡਿਲੀਵਰੀ ਦਾ ਕੰਮ ਵੀ ਕੀਤਾ। ਇਸ ਦੇ ਉਲਟ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਅਤੇ ਪੁਲਿਸ ਦਾ ਰਿਕਾਰਡ ਵੱਖਰੀ ਕਹਾਣੀ ਬਿਆਨ ਕਰ ਰਿਹਾ ਹੈ ਜਿਸ ਮੁਤਾਬਕ ਉਹ ਸਰੀ ਵਿਖੇ ਨਸ਼ਾ ਤਸਕਰੀ ਅਤੇ ਹਿੰਸਕ ਵਾਰਦਾਤਾਂ ਕਰਨ ਵਾਲੇ ਰਫ਼ੀਅਨਜ਼ ਗਿਰੋਹ ਦਾ ਹਿੱਸਾ ਰਿਹਾ।
ਕਾਨੂੰਨ ਮਾਹਰਾਂ ਨੇ ਜੇਲਾਂ ਵਿਚ ਡੱਕਣ ਦੀ ਕੀਤੀ ਵਕਾਲਤ
ਸੰਧੂ ਨੇ ਆਪਣੀ ਛਾਤੀ ’ਤੇ ਏ.ਕੇ. 47 ਦਾ ਟੈਟੂ ਵੀ ਖੁਣਵਾਇਆ ਹੋਇਆ ਹੈ। ਕੈਨੇਡਾ ਦਾ ਇੰਮੀਗ੍ਰੇਸ਼ਨ ਮਹਿਕਮਾ ਉਸ ਨੂੰ ਛੇ ਸਾਲ ਤੋਂ ਡਿਪੋਰਟ ਕਰਨ ਦੇ ਯਤਨ ਕਰ ਰਿਹ ਸੀ ਜੋ ਬੀ.ਸੀ. ਤੋਂ ਉਨਟਾਰੀਓ ਮੂਵ ਹੋ ਗਿਆ ਅਤੇ ਫਿਰ ਐਡਮਿੰਟਨ ਵਿਖੇ ਰਹਿਣ ਲੱਗਾ। ਅਰਸ਼ਦੀਪ ਸਿੰਘ ਨੇ ਅਦਾਲਤ ਅੱਗੇ ਫ਼ਰਿਆਦ ਕੀਤੀ ਕਿ ਇੰਡੀਆ ਵਿਚ ਉਸ ਦਾ ਕੋਈ ਘਰ ਜਾਂ ਪਰਵਾਰਕ ਮੈਂਬਰ ਨਹੀਂ ਜਦਕਿ ਉਹ ਸਟੱਡੀ ਵੀਜ਼ਾ ’ਤੇ 2022 ਵਿਚ ਕੈਨੇਡਾ ਪੁੱਜਾ ਸੀ। ਉਨਟਾਰੀਓ ਦੀ ਬਰੈਂਟ ਕਾਊਂਟੀ ਵਿਖੇ ਇਕ ਕਾਰੋਬਾਰੀ ਟਿਕਾਣੇ ’ਤੇ ਬਲਣਸ਼ੀਲ ਪਦਾਰਥ ਸੁੱਟਣ ਦੇ ਮਾਮਲੇ ਵਿਚ ਉਸ ਦੀ ਸ਼ਕਲ ਸਰਵੇਲੈਂਸ ਫੁਟੇਜ ਵਿਚ ਕੈਦ ਹੋ ਗਈ। ਭਾਵੇਂ ਅਰਸ਼ਦੀਪ ਅਤੇ ਸੁਖਨਾਜ਼ ਨੂੰ ਐਡਮਿੰਟਨ ਤੋਂ ਕਾਬੂ ਕੀਤਾ ਗਿਆ ਪਰ ਦੋਵੇਂ ਜਣੇ ਉਨਟਾਰੀਓ ਅਤੇ ਬੀ.ਸੀ. ਵਿਚ ਕਈ ਵਾਰਦਾਤਾਂ ਕਰਨ ਤੋਂ ਬਾਅਦ ਐਲਬਰਟਾ ਆਏ। ਉਧਰ, ਉਨਟਾਰੀਓ ਵਿਚ ਮਹਿਲਾ ਡਾਕਟਰਾਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਵੈਭਵ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਆਰੰਭੀ ਗਈ ਹੈ। ਵੈਭਵ ਨੇ ਆਕਾਸ਼ਦੀਪ ਸਿੰਘ ਬਣ ਕੇ ਵਾਰਦਾਤਾਂ ਕੀਤੀਆਂ ਅਤੇ ਪੀਲ ਰੀਜਨਲ ਪੁਲਿਸ ਨੇ 4 ਦਸੰਬਰ 2025 ਨੂੰ ਹਿਰਾਸਤ ਵਿਚ ਲਿਆ ਅਤੇ ਉਨਟਾਰੀਓ ਕੋਰਟ ਆਫ ਜਸਟਿਸ ਵਿਚ ਮੁਕੱਦਮਾ ਚੱਲ ਰਿਹਾ ਹੈ।


