ਸਹੁਰਿਆਂ ਦੇ ਖ਼ਰਚ ’ਤੇ ਕੈਨੇਡਾ ਗਈ ਨੂੰਹ ਮੁੱਕਰੀ!
ਗੁਰਦਾਸਪੁਰ, 2 ਮਾਰਚ : ਪੰਜਾਬ ਵਿਚ ਵਿਦੇਸ਼ ਜਾ ਕੇ ਲਾੜੀਆਂ ਵੱਲੋਂ ਮੁੱਕਰ ਜਾਣ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਪਰਿਵਾਰ ਨੇ ਆਪਣੀ ਬਹੂ ਨੂੰ ਲੱਖਾਂ ਰੁਪਏ ਖ਼ਰਚ ਕੇ ਕੈਨੇਡਾ ਭੇਜਿਆ ਸੀ ਤਾਂ ਕਿ ਉਹ ਉਨ੍ਹਾਂ ਦੇ ਬੇਟੇ ਨੂੰ ਵੀ ਕੈਨੇਡਾ ਬੁਲਾ ਕੇ ਸੈਟਲ […]
By : Makhan Shah
ਗੁਰਦਾਸਪੁਰ, 2 ਮਾਰਚ : ਪੰਜਾਬ ਵਿਚ ਵਿਦੇਸ਼ ਜਾ ਕੇ ਲਾੜੀਆਂ ਵੱਲੋਂ ਮੁੱਕਰ ਜਾਣ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਨੇ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਪਰਿਵਾਰ ਨੇ ਆਪਣੀ ਬਹੂ ਨੂੰ ਲੱਖਾਂ ਰੁਪਏ ਖ਼ਰਚ ਕੇ ਕੈਨੇਡਾ ਭੇਜਿਆ ਸੀ ਤਾਂ ਕਿ ਉਹ ਉਨ੍ਹਾਂ ਦੇ ਬੇਟੇ ਨੂੰ ਵੀ ਕੈਨੇਡਾ ਬੁਲਾ ਕੇ ਸੈਟਲ ਕਰ ਸਕੇ ਪਰ ਕੈਨੇਡਾ ਪਹੁੰਚਦਿਆਂ ਹੀ ਲੜਕੀ ਮੁੱਕਰ ਗਈ। ਜਦੋਂ ਲੜਕਾ ਆਪਣੇ ਖ਼ਰਚੇ ’ਤੇ ਲੜਕੀ ਨੂੰ ਦੱਸੇ ਬਿਨਾਂ ਕੈਨੇਡਾ ਪਹੁੰਚ ਗਿਆ ਤਾਂ ਉਥੇ ਜਾ ਕੇ ਜੋ ਗੱਲ ਲੜਕੇ ਨੂੰ ਪਤਾ ਚੱਲੀ, ਉਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਿਆ, ਉਸ ਦੀ ਮਾਨਸਿਕ ਹਾਲਤ ਖ਼ਰਾਬ ਹੋ ਗਈ।
ਪੰਜਾਬ ਵਿਚ ਵਿਦੇਸ਼ ਜਾ ਕੇ ਮੁੱਕਰਨ ਵਾਲੀਆਂ ਲਾੜੀਆਂ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਦਬੂੜੀ ਤੋਂ ਸਾਹਮਣੇ ਆਇਆ ਏ, ਜਿੱਥੇ ਇਕ ਕੁੜੀ ਸਹੁਰਿਆਂ ਦੇ ਖ਼ਰਚੇ ’ਤੇ ਵਿਦੇਸ਼ ਗਈ ਅਤੇ ਉਥੇ ਜਾ ਕੇ ਮੁੱਕਰ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਛਪਾਲ ਸਿੰਘ ਨੇ ਦੱਸਿਆ ਕਿ ਸਾਲ 2018 ਵਿਚ ਜੁਗਰਾਜ ਸਿੰਘ ਦਾ ਅਮਨਦੀਪ ਕੌਰ ਨਾਲ ਪ੍ਰੇਮ ਵਿਆਹ ਹੋਇਆ ਸੀ।
ਸਹੁਰੇ ਪਰਿਵਾਰ ਨੇ ਅਮਨਦੀਪ ਨੂੰ ਆਈਲੈਟਸ ਕਰਵਾਉਣ ਤੋਂ ਬਾਅਦ ਉਸ ਦੀ ਅਮਰੀਕਾ ਅਤੇ ਫਿਰ ਨਿਊਜ਼ੀਲੈਂਡ ਦੀ ਫਾਈਲ ਲਗਾਈ ਪਰ ਗੱਲ ਨਹੀਂ ਬਣੀ। ਫਿਰ 2019 ਵਿਚ ਉਸ ਦੀ ਕੈਨੇਡਾ ਦੀ ਫਾਈਲ ਲੱਗ ਗਈ ਅਤੇ ਲੱਖਾਂ ਰੁਪਏ ਖ਼ਰਚ ਕੇ ਉਸ ਨੂੰ ਕੈਨੇਡਾ ਭੇਜ ਦਿੱਤਾ ਪਰ ਸਹੁਰੇ ਪਰਿਵਾਰ ਮੁਤਾਬਕ ਕੈਨੇਡਾ ਪਹੁੰਚਦੇ ਹੀ ਅਮਨਦੀਪ ਦੇ ਤੇਵਰ ਬਦਲ ਗਏ।
ਜੁਗਰਾਜ ਸਿੰਘ ਦੀ ਮਾਤਾ ਗੁਰਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਹਮੇਸ਼ਾ ਅਮਨਦੀਪ ਨੂੰ ਆਪਣੀ ਨੂੰਹ ਨਹੀਂ ਬਲਕਿ ਆਪਣੀ ਧੀ ਵਾਂਗ ਸਮਝਿਆ ਪਰ ਉਸ ਨੇ ਸਾਡੇ ਨਾਲ ਠੱਗੀ ਮਾਰਨ ਵਿਚ ਕੋਈ ਕਸਰ ਨਹੀਂ ਛੱਡੀ।
ਉਧਰ ਜਦੋਂ ਇਸ ਮਾਮਲੇ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਤਿੰਨ ਲੋਕਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਏ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ।
ਫਿਲਹਾਲ ਪੀੜਤ ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਐ ਕਿ ਅਮਨਦੀਪ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਵੱਲੋਂ ਖ਼ਰਚ ਕੀਤਾ ਗਿਆ ਪੈਸਾ ਵਾਪਸ ਦਿਵਾਇਆ ਜਾਵੇਗਾ ਅਤੇ ਉਸ ਦੇ ਅਤੇ ਉਸ ਦੇ ਪਰਿਵਾਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।