‘‘ਕੈਨੇਡਾ ਹਿੰਦੂਆਂ ਦਾ ਘਰ, ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ’’
ਔਟਵਾ, 23 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪੰਨੂੰ ਦੀ ਹਿੰਦੂਆਂ ਵਿਰੁੱਧ ਜਾਰੀ ਕੀਤੀ ਵੀਡੀਓ ’ਤੇ ਕੈਨੇਡਾ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ, ਜਿੱਥੇ ਕੈਨੇਡਾ ਦੇ ਰੱਖਿਆ ਮੰਤਰੀ ਨੇ ਬੀਤੇ ਦਿਨ ਪੰਨੂੰ ਨੂੰ ਨਸੀਹਤ ਦਿੰਦਿਆਂ ਕਿਹਾ ਸੀ ਕਿ ਇੱਥੇ ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ, ਉੱਥੇ ਹੁਣ ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ […]
By : Hamdard Tv Admin
ਔਟਵਾ, 23 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਪੰਨੂੰ ਦੀ ਹਿੰਦੂਆਂ ਵਿਰੁੱਧ ਜਾਰੀ ਕੀਤੀ ਵੀਡੀਓ ’ਤੇ ਕੈਨੇਡਾ ਵੱਲੋਂ ਤਿੱਖੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ, ਜਿੱਥੇ ਕੈਨੇਡਾ ਦੇ ਰੱਖਿਆ ਮੰਤਰੀ ਨੇ ਬੀਤੇ ਦਿਨ ਪੰਨੂੰ ਨੂੰ ਨਸੀਹਤ ਦਿੰਦਿਆਂ ਕਿਹਾ ਸੀ ਕਿ ਇੱਥੇ ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ, ਉੱਥੇ ਹੁਣ ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪਿਅਰ ਪੌਇਲੀਐਵ ਅਤੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਵੀ ਇਸ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ।
ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪਿਅਰ ਪੌਇਲੀਐਵ ਨੇ ਹਿੰਦੂਆਂ ਵਿਰੁੱਧ ਫੈਲਾਈ ਜਾ ਰਹੀ ਨਫ਼ਰਤ ’ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਵਿਕਾਸ ਵਿੱਚ ਹਿੰਦੂਆਂ ਦਾ ਯੋਗਦਾਨ ਅਹਿਮ ਰਿਹਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਪੋਸਟ ਵਿੱਚ ਲਿਖਿਆ ਕਿ ਹਰੇਕ ਭਾਈਚਾਰੇ ਦੇ ਲੋਕਾਂ ਦਾ ਕੈਨੇਡਾ ਵਿੱਚ ਸਵਾਗਤ ਹੈ ਅਤੇ ਕਿਸੇ ਵੀ ਭਾਈਚਾਰੇ ਦਾ ਵਿਅਕਤੀ ਬਿਨਾ ਕਿਸੇ ਡਰ ਭੈਅ ਦੇ ਇਸ ਦੇਸ਼ ਵਿੱਚ ਰਹਿ ਸਕਦਾ ਹੈ।
ਉਨ੍ਹਾਂ ਕਿਹਾ ਕਿ ਹਾਲ ਦੇ ਦਿਨਾਂ ਵਿੱਚ ਕੁਝ ਲੋਕ ਕੈਨੇਡਾ ’ਚ ਹਿੰਦੂਆਂ ਵਿਰੁੱਧ ਨਫ਼ਰਤੀ ਟਿੱਪਣੀਆਂ ਦੇ ਰਹੇ ਨੇ, ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਹਿੰਦੂਆਂ ਨੇ ਕੈਨੇਡਾ ਦੇ ਹਰ ਹਿੱਸੇ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਹੈ। ਇਸ ਦੇ ਲਈ ਦੇਸ਼ ਹਮੇਸ਼ਾ ਉਨ੍ਹਾਂ ਦਾ ਆਦਰ-ਸਤਿਕਾਰ ਕਰਦਾ ਰਹੇਗਾ ਤੇ ਉਨ੍ਹਾਂ ਦੀ ਸੁਰੱਖਿਆ ਲਈ ਮੌਜੂਦ ਹੈ।
ਉੱਧਰ ਐਨਡੀਪੀ ਯਾਨੀ ਨਿਊ ਡੈਮੋਕਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ ਨੇ ਵੀ ਕਿਹਾ ਕਿ ਕੈਨੇਡਾ ਹਿੰਦੂਆਂ ਦਾ ਘਰ ਹੈ ਤੇ ਉਨ੍ਹਾਂ ਨੂੰ ਇੱਥੇ ਕਿਸੇ ਕੋਲੋਂ ਡਰਨ ਦੀ ਕੋਈ ਲੋੜ ਨਹੀਂ ਹੈ। ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਕੈਨੇਡਾ ਦੇ ਨਾਗਰਿਕ ਭਾਈਚਾਰਕ ਅਤੇ ਰਹਿਮ ਦੀ ਭਾਵਨਾ ਰੱਖਦੇ ਹਾਂ। ਇਸ ਦੇਸ਼ ਵਿੱਚ ਹਰ ਇੱਕ ਭਾਈਚਾਰੇ ਦੇ ਲੋਕ ਸ਼ਾਂਤੀ ਨਾਲ ਰਹਿੰਦੇ ਨੇ, ਕਿਸੇ ਦਾ ਕਿਸੇ ਨਾਲ ਕੋਈ ਵੈਰ-ਵਿਰੋਧ ਨਹੀਂ ਹੈ।
ਇਸ ਤੋਂ ਇਲਾਵਾ ਕੈਨੇਡਾ ਦੇ ਸਾਬਕਾ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਵੀ ਗੁਰਪਤਵੰਤ ਪੰਨੂੰ ਦੀ ਵੀਡੀਓ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਹਿੰਦੂਆਂ ਨੂੰ ਦੇਸ਼ ਛੱਡਣ ਲਈ ਕਹਿਣਾ ਆਜ਼ਾਦੀ ਅਤੇ ਦਿਆਲੂਪੁਣੇ ਦਾ ਪ੍ਰਤੀਕ ਨਹੀਂ ਹੈ। ਉੱਧਰ ਕੈਨੇਡੀਅਨ ਹਿੰਦੂਜ ਫਾਰ ਹਾਰਮਨੀ ਸੰਗਠਨ ਨੇ ਇਹ ਵੀਡੀਓ ਜਾਰੀ ਕਰਨ ਵਾਲੇ ਲੋਕਾਂ ਵਿਰੁੱਧ ਕੈੇਨੇਡਾ ਸਰਕਾਰ ਨੂੰ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਦੱਸ ਦੇਈਏ ਕਿ ਨਿੱਜਰ ਕਤਲ ਮਾਮਲੇ ਨੂੰ ਲੈ ਕੇ ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਗੁਰਪਵੰਤ ਸਿੰਘ ਪੰਨੂੰ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਕਿਹਾ ਸੀ ਕਿ ਕੈਨੇਡਾ ਵਿੱਚ ਹਿੰਦੂਆਂ ਲਈ ਕੋਈ ਥਾਂ ਨਹੀਂ ਹੈ। ਇਸ ਲਈ ਉਹ ਇਹ ਦੇਸ਼ ਛੱਡ ਕੇ ਭਾਰਤ ਚਲੇ ਜਾਣ। ਉਸ ਦੀ ਇਸ ਵੀਡੀਓ ਦੀ ਕੈਨੇਡਾ ਵੱਲੋਂ ਕਾਫ਼ੀ ਨਿੰਦਾ ਕੀਤੀ ਗਈ ਤੇ ਇਸ ਦੇ ਵਿਰੁੱਧ ਪ੍ਰਤੀਕਿਰਿਆ ਦਿੱਤੀ ਗਈ।