ਰਾਵਨ ਨੂੰ ਧਰਮਾਤਮਾ ਕਹਿਣ 'ਤੇ ਪਰਚਾ ਦਰਜ ਕਰਨ ਦੀ ਮੰਗ, ਪਿਆ ਖਿਲਾਰਾ
ਗੁਰਦਾਸਪੁਰ : ਸ਼ਹਿਰ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਤ ਇੱਕ ਕੌਂਸਲਰ ਵੱਲੋਂ ਦੁਸ਼ਹਿਰੇ ਬਾਰੇ ਟਿੱਪਣੀ ਵਾਲੀ ਪੋਸਟ ਆਪਣੇ ਫੇਸਬੁੱਕ ਅਕਾਊਂਟ ਤੋਂ ਕਰਨ ਦਾ ਮਾਮਲਾ ਕੌਂਸਲਰ ਦੇ ਮਾਫੀ ਮੰਗਣ ਦੇ ਬਾਵਜੂਦ ਤੂਲ ਫੜਦਾ ਨਜ਼ਰ ਆ ਰਿਹਾ ਹੈ। ਕੌਂਸਲਰ ਦੇ ਖਿਲਾਫ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਗੀਤਾ ਭਵਨ ਮੰਦਰ ਵਿਖੇ ਮੀਟਿੰਗ ਕੀਤੀ ਅਤੇ ਫੈਸਲਾ ਕੀਤਾ ਕਿ ਕੌਂਸਲਰ ਦੇ […]

By : Editor (BS)
ਗੁਰਦਾਸਪੁਰ : ਸ਼ਹਿਰ ਵਿੱਚ ਕਾਂਗਰਸ ਪਾਰਟੀ ਨਾਲ ਸਬੰਧਤ ਇੱਕ ਕੌਂਸਲਰ ਵੱਲੋਂ ਦੁਸ਼ਹਿਰੇ ਬਾਰੇ ਟਿੱਪਣੀ ਵਾਲੀ ਪੋਸਟ ਆਪਣੇ ਫੇਸਬੁੱਕ ਅਕਾਊਂਟ ਤੋਂ ਕਰਨ ਦਾ ਮਾਮਲਾ ਕੌਂਸਲਰ ਦੇ ਮਾਫੀ ਮੰਗਣ ਦੇ ਬਾਵਜੂਦ ਤੂਲ ਫੜਦਾ ਨਜ਼ਰ ਆ ਰਿਹਾ ਹੈ।
ਕੌਂਸਲਰ ਦੇ ਖਿਲਾਫ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਗੀਤਾ ਭਵਨ ਮੰਦਰ ਵਿਖੇ ਮੀਟਿੰਗ ਕੀਤੀ ਅਤੇ ਫੈਸਲਾ ਕੀਤਾ ਕਿ ਕੌਂਸਲਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾ ਕੇ ਮਾਮਲਾ ਦਰਜ ਕਰਨ ਦੀ ਮੰਗ ਪੁਲਿਸ ਅੱਗੇ ਕੀਤੀ ਜਾਵੇਗੀ। ਮੀਟਿੰਗ ਤੋਂ ਬਾਅਦ ਧਾਰਮਿਕ ਜਥੇਬੰਦੀਆਂ ਦੇ ਆਗੂ ਇਕੱਠੇ ਹੋ ਕੇ ਥਾਣਾ ਸਿਟੀ ਗੁਰਦਾਸਪੁਰ ਪਹੁੰਚੇ ਅਤੇ ਕੌਂਸਲਰ ਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ। ਦੂਜੇ ਪਾਸੇ ਕੌਂਸਲਰ ਨੇ ਕਿਹਾ ਹੈ ਕਿ ਉਸਦੀ ਪੋਸਟ ਦਾ ਗਲਤ ਅਰਥ ਕੱਡਿਆ ਗਿਆ ਫਿਰ ਵੀ ਉਸ ਨੇ ਪੋਸਟ ਡਿਲੀਟ ਕਰ ਦਿੱਤੀ ਸੀ। ਜੇ ਕਿਸੇ ਦੀ ਭਾਵਨਾਵਾਂ ਆਹਤ ਹੋਈਆਂ ਹਨ ਤਾਂ ਉਹ ਇਸਦੇ ਲਈ ਮਾਫੀ ਮੰਗਦੇ ਹਨ।
ਮਾਮਲਾ ਦੁਸ਼ਹਿਰੇ ਤੋਂ ਇੱਕ ਦਿਨ ਪਹਿਲਾਂ ਦਾ ਹੈ ਜਦੋਂ ਵਾਰਡ ਨੰਬਰ 26 ਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਕੌਂਸਲਰ ਨਰਿੰਦਰ ਕੁਮਾਰ ਬਾਬਾ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਇੱਕ ਪੋਸਟ ਪਾਈ ਕਿ ਧਰਮਾਤਮਾ ਰਾਵਨ ਦੇ ਪੁਤਲੇ ਫੂਕਣ ਦੀ ਬਜਾਏ ਇਸ ਪੈਸੇ ਨਾਲ ਜਰੂਰਤਮੰਦਾਂ ਦੇ ਘਰ ਬਣਾਏ ਜਾਣੇ ਚਾਹੀਦੇ ਹਨ।
ਪੋਸਟ ਪਾਉਂਦਿਆਂ ਹੀ ਉਹ ਕੌਂਸਲਰ ਨਰਿੰਦਰ ਬਾਬਾ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਤੇ ਸੋਸ਼ਲ ਮੀਡੀਆ ਤੇ ਉਸ ਨੂੰ ਟਰੋਲ ਕੀਤਾ ਜਾਣ ਲੱਗਾ ਤਾਂ ਕੌਂਸਲਰ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ। ਉਸ ਤੋਂ ਬਾਅਦ ਦੁਸ਼ਹਿਰੇ ਦੀ ਸਟੇਜ ਤੇ ਹਿੰਦੂ ਆਗੂਆਂ ਵੱਲੋਂ ਕੌਂਸਲਰ ਨੂੰ ਸਨਮਾਨਿਤ ਕਰਨ ਦੇ ਵਿਰੋਧ ਵਿੱਚ ਵੀ ਸੋਸ਼ਲ ਮੀਡੀਆ ਤੇ ਪੋਸਟਾਂ ਪੈਣੀਆਂ ਸ਼ੁਰੂ ਹੋ ਗਈਆਂ।
ਹਾਲਾਂਕਿ ਨਰਿੰਦਰ ਬਾਬਾ ਨੇ ਕਿਹਾ ਕਿ ਉਹਨਾ ਦੀ ਪੋਸਟ ਦਾ ਗਲਤ ਅਰਥ ਕੱਢਿਆ ਗਿਆ ਹੈ ਅਤੇ ਉਹਨਾਂ ਦਾ ਮਕਸਦ ਕਿਸੇ ਦੀ ਭਾਵਣਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਬਲਕਿ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਕਿ ਭਗਵਾਨ ਕਿਸੇ ਦੀ ਮਦਦ ਕਰਨ ਨਾਲ ਜਿਆਦਾ ਖੁਸ਼ ਹੁੰਦੇ ਹਨ। ਉਹਨਾਂ ਕਿਹਾ ਕਿ ਉਹ ਵੀ ਧਰਮ ਦਾ ਉਨਾ ਹੀ ਸਨਮਾਨ ਕਰਦੇ ਹਨ ਜਿਨਾਂ ਕਿ ਬਾਕੀ ਸਾਰੇ । ਫਿਰ ਵੀ ਜੇ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮਾਫੀ ਮੰਗਦੇ ਹਨ ਅਤੇ ਇਸ ਦੇ ਲਈ ਆਪਣੇ ਫੇਸਬੁੱਕ ਅਕਾਊਂਟ ਤੋਂ ਇੱਕ ਪੋਸਟ ਵੀ ਸਵੇਰੇ ਹੀ ਪਾ ਚੁੱਕੇ ਹਨ।
ਬਾਵਜੂਦ ਇਸਦੇ ਵੱਖ ਵੱਖ ਹਿੰਦੂ ਜਥੇਬੰਦੀਆਂ ਦੇ ਆਗੂ ਗੀਤਾ ਭਵਨ ਮੰਦਰ ਵਿਖੇ ਇਕੱਠੇ ਹੋਏ ਅਤੇ ਬਾਅਦ ਵਿੱਚ ਪੁਲਿਸ ਥਾਣੇ ਆ ਕੇ ਨਰਿੰਦਰ ਬਾਬਾ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕੌਂਸਲਰ ਨਰਿੰਦਰ ਬਾਬਾ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ। ਜਥੇਬੰਦੀਆਂ ਦੇ ਆਗੂ ਪ੍ਰਵੀਨ ਕੁਮਾਰ ਅਤੇ ਹਰਦੀਪ ਸਿੰਘ ਰਿਆੜ ਨੇ ਕਿਹਾ ਕਿ ਹਿੰਦੂ ਦੇਵੀ ਦੇਵਤਿਆਂ ਅਤੇ ਹੋਰ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਨ ਦਾ ਇੱਕ ਰੀਤ ਜਿਹੀ ਚੱਲ ਪਈ ਹੈ ਅਤੇ ਸਮਾਜ ਵਿਰੋਧੀ ਅਨਸਰ ਜਾਣ ਬੁਝ ਕੇ ਐਸਾ ਕਰ ਰਹੇ ਹਨ। ਸਿਰਫ ਮਾਫੀ ਮੰਗਣ ਨਾਲ ਇਹ ਗਲਤੀ ਮਾਫ ਨਹੀਂ ਕੀਤੀ ਜਾ ਸਕਦੀ।
ਮੰਗ ਕੀਤੀ ਕਿ ਨਰਿੰਦਰ ਬਾਬਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਉਹ ਸੰਘਰਸ਼ ਦੀ ਰਾਹ ਅਪਣਾਉਣਗੇ।
ਦੂਜੇ ਪਾਸੇ ਥਾਣਾ ਸਿਟੀ ਗੁਰਦਾਸਪੁਰ ਦੇ ਐਸ ਐਚ ਓ ਗੁਰਮੀਤ ਸਿੰਘ ਨੇ ਕਿਹਾ ਕਿ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਲਿਸ ਨੂੰ ਕੌਂਸਲਰ ਦੇ ਖਿਲਾਫ ਸ਼ਿਕਾਇਤ ਕੀਤੀ ਗਈ ਹੈ, ਜਿਸ ਦੀ ਜਾਂਚ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।


