Begin typing your search above and press return to search.

 ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਨੇ ਨਹਿਰੂ ਸਟੇਡੀਅਮ ਵਿਖੇ ਲਹਿਰਾਇਆ ਰਾਸ਼ਟਰੀ ਝੰਡਾ

- ਪੰਜਾਬ ਸਰਕਾਰ ਇਤਿਹਾਸਕ ਤੇ ਵਿਰਾਸਤੀ ਜ਼ਿਲ੍ਹੇ ਫ਼ਰੀਦਕੋਟ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ - ਲੋਕਾਂ ਨੂੰ ਚੰਗੀ ਸਿਹਤ, ਬੱਚਿਆਂ ਲਈ ਸਿੱਖਿਆ ਅਤੇ ਖੇਡਾਂ ਪ੍ਰਫੁਲਿੱਤ ਕਰਨਾ ਸਰਕਾਰ ਦਾ ਮੁੱਖ ਮੰਤਵ - ਗਣਤੰਤਰ ਦਿਵਸ ਮੌਕੇ ਖੇਡ ਵਿਭਾਗ ਨੇ ਵਾਲੀਵਾਲ ਅਤੇ ਰੀਲੇ ਰੇਸਾਂ ਦੇ ਕਰਵਾਏ ਮੁਕਾਬਲੇ ਫ਼ਰੀਦਕੋਟ : ਅੱਜ ਭਾਰਤ ਦਾ 75ਵਾਂ ਗਣਤੰਤਰ ਦਿਵਸ ਸਮਾਰੋਹ ਨਹਿਰੂ ਖੇਡ ਸਟੇਡੀਅਮ ਵਿਖੇ ਆਯੋਜਿਤ ਕੀਤਾ ਗਿਆ […]

 ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਨੇ ਨਹਿਰੂ ਸਟੇਡੀਅਮ ਵਿਖੇ ਲਹਿਰਾਇਆ ਰਾਸ਼ਟਰੀ ਝੰਡਾ
X

Editor (BS)By : Editor (BS)

  |  26 Jan 2024 10:58 AM IST

  • whatsapp
  • Telegram

- ਪੰਜਾਬ ਸਰਕਾਰ ਇਤਿਹਾਸਕ ਤੇ ਵਿਰਾਸਤੀ ਜ਼ਿਲ੍ਹੇ ਫ਼ਰੀਦਕੋਟ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ

- ਲੋਕਾਂ ਨੂੰ ਚੰਗੀ ਸਿਹਤ, ਬੱਚਿਆਂ ਲਈ ਸਿੱਖਿਆ ਅਤੇ ਖੇਡਾਂ ਪ੍ਰਫੁਲਿੱਤ ਕਰਨਾ ਸਰਕਾਰ ਦਾ ਮੁੱਖ ਮੰਤਵ

- ਗਣਤੰਤਰ ਦਿਵਸ ਮੌਕੇ ਖੇਡ ਵਿਭਾਗ ਨੇ ਵਾਲੀਵਾਲ ਅਤੇ ਰੀਲੇ ਰੇਸਾਂ ਦੇ ਕਰਵਾਏ ਮੁਕਾਬਲੇ

ਫ਼ਰੀਦਕੋਟ : ਅੱਜ ਭਾਰਤ ਦਾ 75ਵਾਂ ਗਣਤੰਤਰ ਦਿਵਸ ਸਮਾਰੋਹ ਨਹਿਰੂ ਖੇਡ ਸਟੇਡੀਅਮ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਜੰਗਲਾਤ ਤੇ ਜੰਗਲੀ ਜੀਵ ਮੰਤਰੀ ਸ੍ਰੀ ਲਾਲ ਚੰਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਐਮ.ਪੀ ਮੁਹੰਮਦ ਸਦੀਕ, ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ, ਕਮਿਸ਼ਨਰ ਫ਼ਰੀਦਕੋਟ ਡਵੀਜਨ, ਸ੍ਰੀ ਮਨਜੀਤ ਬਰਾੜ, ਨਵਜੋਤ ਕੌਰ, ਜ਼ਿਲ੍ਹਾ ਤੇ ਸੈਸ਼ਨ ਜੱਜ, ਏ.ਡੀ.ਜੀ.ਪੀ.ਸ੍ਰੀ ਨਰੇਸ਼ ਅਰੋੜਾ,ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ, ਐਸ.ਐਸ.ਪੀ. ਸ.ਹਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਸ.ਗੁਰਦੀਪ ਸਿੰਘ ਮਾਨ ਅਤੇ ਜਸਬੀਰ ਜੱਸੀ ਵਲੋਂ ਨਿਭਾਈ ਗਈ।

ਜ਼ਿਲ੍ਹਾ ਵਾਸੀਆਂ ਨੂੰ ਸੰਬੋਧਿਤ ਹੁੰਦਿਆਂ ਸ੍ਰੀ ਲਾਲ ਚੰਦ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਸਭ ਤੋਂ ਜ਼ਿਆਦਾ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਅਤੇ ਇਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕੁੱਲ ਆਜ਼ਾਦੀ ਘੁਲਾਟੀਆਂ ਵਿਚ 80 ਫੀਸਦੀ ਤੋਂ ਵੱਧ ਯੋਗਦਾਨ ਪੰਜਾਬੀਆਂ ਦਾ ਰਿਹਾ। ਅੱਜ ਦੇ ਸਮਾਗਮ ਵਿੱਚ ਵੀ ਸ੍ਰੀ ਲਾਲ ਚੰਦ ਨੇ ਉਨ੍ਹਾਂ 5 ਸੈਨਿਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਪਾਕਿਸਤਾਨ,ਚੀਨ,ਅਤੇ ਸ੍ਰੀ ਲੰਕਾ ਯੁੱਧ ਦੌਰਾਨ ਸਰਹੱਦਾਂ ਦੀ ਰਾਖੀ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ। ਪ੍ਰੋਗਰਾਮ ਦੇ ਮੁੱਖ ਮਹਿਮਾਨ ਵਲੋਂ ਜ਼ਿਲ੍ਹੇ ਨਾਲ ਸਬੰਧਤ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਉਨ੍ਹਾਂ ਇਸ ਕੜਾਕੇ ਦੀ ਠੰਢ ਵਿੱਚ ਵੀ 90 ਸਾਲ ਦੇ ਕਰੀਬ ਆਜ਼ਾਦੀ ਘੁਲਾਟੀਏ ਸ. ਨਿਹਾਲ ਸਿੰਘ ਭਾਣਾ ਵਲੋਂ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਤੇ ਤਹਿ ਦਿਲੋਂ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾ ਡਾ. ਭੀਮ ਰਾਉ ਅੰਬੇਡਕਰ ਤੇ ਸੰਵਿਧਾਨ ਕਮੇਟੀ ਦੇ ਹੋਰ ਮੈਬਰਾਂ ਵੱਲੋਂ ਦਿੱਤੇ ਗਏ ਵਿਸ਼ੇਸ਼ ਯੋਗਦਾਨ ਸਦਕਾ 26 ਜਨਵਰੀ 1950 ਨੂੰ ਸਾਨੂੰ ਸਾਡਾ ਆਪਣਾ ਸੰਵਿਧਾਨ ਮਿਲਿਆ ਜਿਸ ਨਾਲ ਹਰ ਭਾਰਤ ਵਾਸੀ ਨੂੰ ਸੰਵਿਧਾਨਿਕ ਹੱਕਾਂ ਦੇ ਨਾਲ ਨਾਲ ਵੋਟ ਪਾਉਣ ਦਾ ਅਧਿਕਾਰ ਵੀ ਪ੍ਰਦਾਨ ਕੀਤਾ ਜਿਸ ਨਾਲ ਅਸੀਂ ਆਪਣੀ ਮਰਜੀ ਦਾ ਨੁਮਾਇੰਦਾ ਅਤੇ ਸਰਕਾਰ ਚੁਣਦੇ ਹਾਂ।

ਉਨ੍ਹਾਂ ਕਿਹਾ ਕਿ ਸਾਨੂੰ ਇਸ ਸੰਵਿਧਾਨਕ ਦਿਵਸ ਤੇ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਸੰਵਿਧਾਨ ਦੇ ਰਾਖੀ, ਆਪਸੀ ਭਾਈਚਾਰਕ ਸਾਂਝ,ਪਿਆਰ ਤੇ ਮਾਨਵਤਾ ਦੇ ਭਲੇ ਤੋਂ ਇਲਾਵਾ ਦੇਸ਼ ਦੀ ਤਰੱਕੀ ਅਤੇ ਖੁਸਹਾਲੀ ਲਈ ਇਕਜੁੱਟ ਹੋ ਕੇ ਕੰਮ ਕਰੀਏ। ਉਨ੍ਹਾਂ ਕਿਹਾ ਕਿ ਇਤਿਹਾਸਿਕ ਅਤੇ ਰਿਆਸਤੀ ਸ਼ਹਿਰ ਫਰੀਦਕੋਟ ਨੂੰ ਮਹਾਨ ਸੂਫੀ ਸੰਤ ਬਾਬਾ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹਾਸਲ ਹੈ ਅਤੇ ਪੰਜਾਬ ਸਰਕਾਰ ਇਸ ਇਤਿਹਾਸਕ ਤੇ ਵਿਰਾਸਤੀ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ।

ਜ਼ਿਲ੍ਹਾ ਫ਼ਰੀਦਕੋਟ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਆਏ ਮਹੀਨੇ ਫੰਡਾਂ ਦੇ ਗੱਫੇ ਪ੍ਰਾਪਤ ਹੋ ਰਹੇ ਹਨ। ਇਸ ਮਹੀਨੇ ਜਨਵਰੀ ਵਿੱਚ ਵੀ ਕੋਟਕਪੂਰਾ ਹਲਕੇ ਲਈ 5.25 ਕਰੋੜ ਰੁਪਏ ਦੇ ਤਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਨ੍ਹਾਂ ਪ੍ਰਾਜੈਕਟਾਂ ਵਿੱਚ ਇੱਕ ਕੰਕਰੀਟ ਦੀ ਸੜਕ, ਇੰਟਰਲਾਕਿੰਗ ਟਾਇਲਾਂ ਅਤੇ ਸਾਰੇ ਵਾਰਡਾਂ ਵਿੱਚ 25 ਵਾਟ ਐੱਲ.ਈ.ਡੀ. ਬਲਬ ਲਗਾਉਣ ਦੇ ਕੰਮ ਕੀਤੇ ਜਾਣਗੇ।

ਬਿਜਲੀ ਦੀ ਖਪਤ ਅਤੇ ਉਤਪਾਦਨ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਫ਼ਰੀਦਕੋਟ ਵਿਖੇ ਲੱਖਾਂ ਰੁਪਏ ਖਰਚ ਕੇ ਇਸ ਜ਼ਿਲ੍ਹੇ ਦੇ ਪਿੰਡਾਂ ਵਿੱਚ ਬਿਜਲੀ ਉਪਕਰਨਾਂ ਦਾ ਨਵੀਨੀਕਰਨ ਕੀਤਾ ਗਿਆ। ਇਸ ਤੋਂ ਇਲਾਵਾ ਇਸ ਇਲਾਕੇ ਦੀ ਧੀ ਸਿਫਤ ਕੌਰ ਸਮਰਾ ਨੇ ਸ਼ੂਟਿੰਗ ਵਿੱਚ ਸੋਨੇ ਦੇ ਤਗਮੇ ਜਿੱਤੇ ਕੇ ਸੂਬੇ ਦਾ ਨਾਮ ਸਾਰੀ ਦੁਨੀਆ ਵਿੱਚ ਰੋਸ਼ਨ ਕੀਤਾ ਹੈ ਅਤੇ ਉਹ ਵਧਾਈ ਦੀ ਪਾਤਰ ਹੈ।

ਉਨ੍ਹਾਂ ਕਿਹਾ ਕਿ ਸਿੱਖਿਆ ਦੇ ਪੱਧਰ ਨੂੰ ਵੀ ਉੱਚਾ ਚੁੱਕਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ ਜਿਸ ਤਹਿਤ ਸਰਕਾਰੀ ਬ੍ਰਿਜਿੰਦਰਾ ਕਾਲਜ ਵਿਖੇ ਪਿਛਲੇ ਲੰਮੇ ਸਮੇਂ ਤੋਂ ਬੰਦ ਬੀ.ਐਸ.ਸੀ. ਐਗਰੀਕਲਚਰ ਦਾ ਕੋਰਸ ਮੁੜ ਸ਼ੁਰੂ ਕਰਵਾਇਆ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵਲੋਂ ਵੀ ਇਸ ਖੇਤਰ ਨੂੰ ਸਹੂਲਤਾਂ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪਿਛਲੇ ਮਹੀਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਪਹੁੰਚ ਕੇ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਜੱਚਾ-ਬੱਚਾ ਕੇਂਦਰ ਲੋਕਾਂ ਨੂੰ ਸਮਰਪਿਤ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਬੇਰੁਜ਼ਗਾਰੀ ਨੂੰ ਦੂਰ ਕਰਨ ਦਾ ਵਾਅਦਾ ਨਿਭਾਉਂਦਿਆਂ 250 ਨਰਸਿੰਗ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਵੀ ਦਿੱਤੇ ।

ਇਥੋਂ ਦੇ ਲੀਡਰ ਸਾਹਿਬਾਨਾਂ ਦਾ ਖਾਸ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਰਾਹ ਦੁਸੇਹਰਾ ਐਲਾਨਦਿਆਂ ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਨੁਹਾਰ ਨੂੰ ਬਦਲਣ ਲਈ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ,ਐਮ.ਐਲ.ਏ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਐਮ.ਐਲ.ਏ ਜੈਤੋ ਸ. ਅਮੋਲਕ ਸਿੰਘ ਵਲੋਂ ਲੋਕਾਂ ਦੇ ਸਮਾਜਿਕ,ਆਰਥਿਕ ਅਤੇ ਨਿੱਜੀ ਕੰਮ ਕਰਵਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ। ਉਨ੍ਹਾਂ ਇਨ੍ਹਾਂ ਲੀਡਰ ਸਾਹਿਬਾਨਾਂ ਨੂੰ ਚਾਨਣ ਮੁਨਾਰਾ ਆਖਦਿਆਂ ਇਸ ਗੱਲ ਤੇ ਖੁਸ਼ੀ ਪ੍ਰਗਟਾਈ ਕਿ ਇਹ ਲੀਡਰ ਦਿਨ ਰਾਤ ਮਿਹਨਤ ਕਰਕੇ ਜ਼ਮੀਨੀ ਪੱਧਰ ਤੇ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ।

ਇਸ ਮੌਕੇ ਜਿਥੇ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ ਉਥੇ ਮਾਰਚ ਪਾਸਟ ਤੋਂ ਸਲਾਮੀ ਵੀ ਲਈ। ਜਿਸ ਦੌਰਾਨ ਪੰਜਾਬ ਪੁਲਿਸ, ਮਹਿਲਾ ਵਿੰਗ, ਪੰਜਾਬ ਹੋਮ ਗਾਰਡ ਦੀਆਂ ਟੁਕੜੀਆਂ,ਐਮ.ਜੀ.ਐਮ.ਸੀਨੀ. ਸੈਕੰ. ਸਕੂਲ ਅਤੇ ਬਾਬਾ ਫਰੀਦ ਸਕੂਲ ਦੇ ਬੈਂਡ ਨੇ ਮਾਰਚ ਪਾਸਟ ਕੀਤਾ। ਡੀ.ਐਸ.ਪੀ ਸ.ਆਸਵੰਤ ਸਿੰਘ ਵੱਲੋਂ ਸਮੁੱਚੀ ਪਰੇਡ ਦੀ ਅਗਵਾਈ ਕੀਤੀ ਗਈ। ਤਕਰੀਬਨ 3,000 ਬੱਚਿਆਂ ਵਲੋਂ ਪੀ.ਟੀ.ਸ਼ੋਅ, ਭੰਗੜਾ, ਗਿੱਧਾ, ਦੇਸ਼ ਭਗਤੀ ਦੇ ਗੀਤਾਂ ਤੇ ਵੰਨਗੀਆਂ ਪੇਸ਼ ਕੀਤੀਆਂ।

ਜ਼ਿਲ੍ਹਾ ਖੇਡ ਅਫਸਰ ਸ.ਬਲਜਿੰਦਰ ਸਿੰਘ ਨੇ ਗਣਤੰਤਰ ਦਿਵਸ ਸਮਾਰੋਹ ਉਪਰੰਤ ਜਾਣਕਾਰੀ ਦਿੱਤੀ ਕਿ ਇਸ ਦਿਵਸ ਨੂੰ ਸਮਰਪਿਤ ਖੇਡ ਵਿਭਾਗ ਵਲੋਂ ਵਾਲੀਵਾਲ ਅਤੇ ਰੀਲੇ ਰੇਸਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਰੀਲੇ ਰੇਸਾਂ ਨਹਿਰੂ ਸਟੇਡੀਅਮ ਅਤੇ ਵਾਲੀਵਾਲ ਦੇ ਮੁਕਾਬਲੇ ਹਰੀ ਨੌਂ ਵਿਖੇ ਕਰਵਾਏ ਜਾ ਰਹੇ ਹਨ।

ਇਸ ਸਮਾਗਮ ਵਿੱਚ ਸਿਵਲ ਸਰਜਨ ਡਾ. ਮਨਿੰਦਰ ਪਾਲ ਸਿੰਘ,ਵਧੀਕ ਡਿਪਟੀ ਕਮਿਸ਼ਨਰ ਸ. ਨਰਭਿੰਦਰ ਸਿੰਘ ਗਰੇਵਾਲ, ਮੇਜਰ ਵਰੁਨ ਕੁਮਾਰ,ਐਸ.ਡੀ.ਐਮ, ਫ਼ਰੀਦਕੋਟ, ਸ. ਮੇਵਾ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫਸਰ, (ਸਕੈਂਡਰੀ) ਨੀਲਮ ਰਾਣੀ ਜ਼ਿਲ੍ਹਾ ਸਿੱਖਿਆ ਅਫਸਰ(ਐਲੀਮੈਟਰੀ) ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾਂ, ਸ.ਸੁਖਵੰਤ ਸਿੰਘ ਪੱਕਾ ਪ੍ਰਧਾਨ ਆਮ ਆਦਮੀ ਪਾਰਟੀ ਯੂਥ ਵਿੰਗ, ਸ. ਗੁਰਤੇਜ ਸਿੰਘ ਖੋਸਾ, ਚੇਅਰਮੈਨ ਨਗਰ ਸੁਧਾਰ ਟਰੱਸਟ, ਅਮਨਦੀਪ ਸਿੰਘ ਬਾਬਾ, ਚੇਅਰਮੈਨ ਮਾਰਕਿਟ ਕਮੇਟੀ ਫ਼ਰੀਦਕੋਟ, ਰਮਨਦੀਪ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਸਾਦਿਕ,ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Next Story
ਤਾਜ਼ਾ ਖਬਰਾਂ
Share it