Begin typing your search above and press return to search.

ਪੰਜਾਬ ਬਜਟ : ਹੁਣ ਪਿੰਡਾਂ ਦੇ ਹੋਣਗੇ ਵਾਰੇ ਨਿਆਰੇ!

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚੌਥਾ ਬਜਟ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ‘ਮੇਰਾ ਪੰਜਾਬ, ਬਦਲਦਾ ਪੰਜਾਬ’ ਥੀਮ ’ਤੇ 2.36 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਜੋ ਪਿਛਲੀ ਵਾਰ ਨਾਲੋਂ 15 ਫ਼ੀਸਦੀ ਜ਼ਿਆਦਾ ਏ। ਬਜਟ ਵਿਚ ਸਰਕਾਰ ਵੱਲੋਂ ਭਾਵੇਂ ਕਈ ਵੱਡੇ ਐਲਾਨ ਕੀਤੇ ਗਏ ਪਰ ਔਰਤਾਂ ਨੂੰ 1100 ਰੁਪਏ ਦੇਣ ਦਾ ਐਲਾਨ ਨਹੀਂ ਕੀਤਾ ਗਿਆ।

ਪੰਜਾਬ ਬਜਟ : ਹੁਣ ਪਿੰਡਾਂ ਦੇ ਹੋਣਗੇ ਵਾਰੇ ਨਿਆਰੇ!
X

Makhan shahBy : Makhan shah

  |  26 March 2025 7:51 PM IST

  • whatsapp
  • Telegram

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਚੌਥਾ ਬਜਟ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ‘ਮੇਰਾ ਪੰਜਾਬ, ਬਦਲਦਾ ਪੰਜਾਬ’ ਥੀਮ ’ਤੇ 2.36 ਲੱਖ ਕਰੋੜ ਰੁਪਏ ਦਾ ਬਜਟ ਰੱਖਿਆ ਜੋ ਪਿਛਲੀ ਵਾਰ ਨਾਲੋਂ 15 ਫ਼ੀਸਦੀ ਜ਼ਿਆਦਾ ਏ। ਬਜਟ ਵਿਚ ਸਰਕਾਰ ਵੱਲੋਂ ਭਾਵੇਂ ਕਈ ਵੱਡੇ ਐਲਾਨ ਕੀਤੇ ਗਏ ਪਰ ਔਰਤਾਂ ਨੂੰ 1100 ਰੁਪਏ ਦੇਣ ਦਾ ਐਲਾਨ ਨਹੀਂ ਕੀਤਾ ਗਿਆ। ਸੋ ਆਓ ਤੁਹਾਨੂੰ ਦੱਸਦੇ ਆਂ ਪੰਜਾਬ ਸਰਕਾਰ ਦੇ ਬਜਟ ਦੀਆਂ ਕੁੱਝ ਖ਼ਾਸ ਗੱਲਾਂ :

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ ਗਿਆ, ਜਿਸ ਵਿਚ ਸਰਕਾਰ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ ਪਰ ਔਰਤਾਂ ਨੂੰ 1100 ਰੁਪਏ ਦੇ ਲਈ ਹਾਲੇ ਹੋਰ ਇੰਤਜ਼ਾਰ ਕਰਨਾ ਪਵੇਗਾ। ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਕੁੱਲ 2 ਲੱਖ 36 ਹਜ਼ਾਰ 80 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਜੋ ਪਿਛਲੇ ਬਜਟ ਨਾਲੋਂ ਕਰੀਬ 15 ਫ਼ੀਸਦੀ ਜ਼ਿਆਦਾ ਏ। ਸਰਕਾਰ ਵੱਲੋਂ ਇਸ ਬਜਟ ਵਿਚ ਨਸ਼ਾ ਖ਼ਤਮ ਕਰਨ ’ਤੇ ਜ਼ਿਆਦਾ ਫੋਕਸ ਕੀਤਾ ਗਿਆ, ਜਿਸ ਦੇ ਤਹਿਤ ਸਰਕਾਰ ਵੱਲੋਂ 150 ਕਰੋੜ ਰੁਪਏ ਡਰੱਗ ਜਨਗਣਨਾ ਲਈ ਰੱਖੇ ਗਏ, ਯਾਨੀ ਕਿ ਸਰਕਾਰ ਵੱਲੋਂ ਨਸ਼ਾ ਕਰਨ ਵਾਲੇ ਲੋਕਾਂ ਦੀ ਗਿਣਤੀ ਕੀਤੀ ਜਾਵੇਗੀ। ਸਿਹਤ ਬੀਮਾ ਕਵਰ ਯੋਜਨਾ ਤਹਿਤ 65 ਹਜ਼ਾਰ ਪਰਿਵਾਰਾਂ ਨੂੰ 10 ਲੱਖ ਤੱਕ ਦਾ ਮੁਫ਼ਤ ਇਲਾਜ ਦੇਣ ਦਾ ਵੀ ਐਲਾਨ ਕੀਤਾ ਗਿਆ।


ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਵਿਚ ਐਲਾਨ ਕੀਤਾ ਕਿ ਸਰਕਾਰ ਵੱਲੋਂ ਉਦਯੋਗ ਲਈ ਨਵੀਂ ਨੀਤੀ ਲਿਆਂਦੀ ਜਾਵੇਗੀ, ਜਿਸ ਨੂੰ ਉਤਸ਼ਾਹਿਤ ਕਰਨ ਲਈ 250 ਕਰੋੜ ਰੁਪਏ ਰੱਖੇ ਗਏ ਨੇ। 300 ਯੂਨਿਟ ਮੁਫ਼ਤ ਬਿਜਲੀ ਯੋਜਨਾ ਜਾਰੀ ਰਹੇਗੀ, ਜਿਸ ਦੇ ਲਈ ਸਰਕਾਰ ਵੱਲੋਂ ਬਜਟ ਵਿਚ 7614 ਕਰੋੜ ਰੁਪਏ ਰੱਖੇ ਗਏ ਨੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਭੂਮੀ ਵਿਕਾਸ ਅਤੇ ਵਿੱਤੀ ਨਿਗਮ ਤੋਂ ਲਏ ਲੋਨ ਨੂੰ ਮੁਆਫ਼ ਕਰ ਦਿੱਤਾ ਹੈ, ਜਿਸ ਨਾਲ 4650 ਲੋਕਾਂ ਨੂੰ ਫ਼ਾਇਦਾ ਹੋਵੇਗਾ। ਸਭ ਤੋਂ ਖ਼ਾਸ ਗੱਲ ਇਹ ਵੀ ਐ ਕਿ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਨਵਾਂ ਟੈਕਸ ਨਹੀਂ ਲਗਾਇਆ ਗਿਆ।

ਬਜਟ ਵਿਚ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਲਈ 17975 ਕਰੋੜ ਰੁਪਏ ਰੱਖੇ ਗਏ, ਸਿਹਤ ਲਈ 5598 ਕਰੋੜ, ਖੇਡਾਂ ਲਈ 979 ਕਰੋੜ, ਖੇਤੀ ਲਈ 4524 ਕਰੋੜ, ਸਮਾਜਿਕ ਨਿਆਂ ਅਤੇ ਭਲਾਈ ਲਈ 9340 ਕਰੋੜ ਰੁਪਏ, ਬਿਜਲੀ ਵਿਭਾਗ ਲਈ 7614 ਕਰੋੜ ਰੁਪਏ ਰੱਖੇ ਗਏ। ਇਸੇ ਤਰ੍ਹਾਂ ਸ਼ਹਿਰੀ ਵਿਕਾਸ ਲਈ 5983 ਕਰੋੜ, ਗ੍ਰਹਿ ਵਿਭਾਗ ਲਈ 11560 ਕਰੋੜ, ਜਲ ਸਰੋਤ ਲਈ 3246 ਕਰੋੜ ਰੁਪਏ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਲਈ 204 ਕਰੋੜ ਰੁਪਏ ਬਜਟ ਵਿਚ ਰੱਖੇ ਗਏ ਨੇ।


ਆਓ ਜ਼ਰ੍ਹਾ ਹੁਣ ਬਜਟ ਵਿਚ ਹੋਏ ਵੱਡੇ ਐਲਾਨਾਂ ’ਤੇ ਇਕ ਝਾਤ ਮਾਰਦੇ ਆਂ

ਕੈਸ਼ਲੈੱਸ ਇਲਾਜ ਲਈ ਬੀਮਾ 5 ਲੱਖ ਤੋਂ ਵਧਾ ਕੇ 10 ਲੱਖ ਕੀਤਾ ਗਿਆ।

ਰੰਗਲਾ ਪੰਜਾਬ ਸਕੀਮ ਦੇ ਲਈ 585 ਕਰੋੜ ਦਾ ਬਜਟ ਰੱਖਿਆ ਗਿਆ।

ਸੀਐਮ ਸਟ੍ਰੀਟ ਯੋਜਨਾ ਲਿਆਂਦੀ ਜਾਵੇਗੀ, ਜਿਸ ਤਹਿਤ ਢਾਈ ਲੱਖ ਸਟ੍ਰੀਟ ਲਾਈਟਾਂ ਲਗਾਈਆਂ ਜਾਣਗੀਆਂ।

ਹਰ ਪਿੰਡ ਵਿਚ ਖੇਡ ਮੈਦਾਨ, 3 ਹਜ਼ਾਰ ਇਨਡੋਰ ਸਟੇਡੀਅਮ ਬਣਾਏ ਜਾਣਗੇ।

ਅਗਲੇ ਸਾਲ ਪੰਜਾਬ ਵਿਚ 150 ਕਰੋੜ ਖ਼ਰਚ ਕਰਕੇ ਡਰੱਗ ਜਨਗਣਨਾ ਕਰਵਾਈ ਜਾਵੇਗੀ।

ਹਰ ਵਿਧਾਨ ਸਭਾ ਖੇਤਰ ਨੂੰ ਵਿਕਾਸ ਦੇ ਲਈ 5 ਕਰੋੜ ਰੁਪਏ ਦਿੱਤੇ ਜਾਣਗੇ।

ਪੰਜਾਬ ਵਿਚ ਉਦਯੋਗ ਨੂੰ ਬੜ੍ਹਾਵਾ ਦੇਣ ਲਈ 250 ਕਰੋੜ ਰੁਪਏ ਖ਼ਰਚੇ ਜਾਣਗੇ।

ਪੰਜਾਬ ਦੀਆਂ ਜੇਲ੍ਹਾਂ ਵਿਚ ਏਆਈ ਬੇਸਡ ਸੀਸੀਟੀਵੀ ਕੈਮਰੇ ਲਗਾਏ ਜਾਣਗੇ।

406 ਸਰਕਾਰੀ ਸੇਵਾਵਾਂ ਹੁਣ 120 ਦੀ ਥਾਂ 50 ਰੁਪਏ ਵਿਚ ਮਿਲਣਗੀਆਂ।

ਪੰਜਾਬ ਸਰਕਾਰ ਵੱਲੋਂ ਬਜਟ ਵਿਚ ਔਰਤਾਂ ਲਈ ਭਾਵੇਂ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ ਪਰ ਇਸ ਤੋਂ ਇਲਾਵਾ ਹੋਰ ਕਈ ਐਲਾਨ ਔਰਤਾਂ ਦੀ ਮਜ਼ਬੂਤੀ ਦੇ ਲਈ ਕੀਤੇ ਗਏ।

ਵਿਧਵਾ ਔਰਤਾਂ ਲਈ 6175 ਕਰੋੜ ਰੁਪਏ ਰੱਖੇ ਗਏ

ਆਸ਼ੀਰਵਾਦ ਸਕੀਮ ਲਈ 360 ਕਰੋੜ ਰੁਪਏ ਰੱਖੇ ਗਏ

ਔਰਤਾਂ ਦੀ ਮੁਫ਼ਤ ਬੱਸ ਯਾਤਰਾ ਲਈ 450 ਕਰੋੜ ਰੁਪਏ ਰੱਖੇ

ਆਈਟੀਆਈ ਵਿਚ ਇੰਜੀਨਿਅਰ ਟ੍ਰੇਡ ਕੋਰਸ ਦਾ ਰਾਜ ਵਿਆਪੀ ਵਿਸਤਾਰ ਕੀਤਾ ਜਾਵੇਗਾ।


ਇਸੇ ਤਰ੍ਹਾਂ ਬਜਟ ਵਿਚ ਵਿਦਿਆਰਥੀਆਂ ਲਈ ਵੀ ਪੰਜਾਬ ਸਰਕਾਰ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ।

425 ਮੁਢਲੇ ਸਕੂਲਾਂ ਨੂੰ ‘ਸਕੂਲ ਆਫ਼ ਐਮੀਨੈਂਸ’ ਵਿਚ ਬਦਲਿਆ ਜਾਵੇਗਾ।

4098 ਸਰਕਾਰੀ ਸਕੂਲਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ।

ਐਮੀਨੈਂਸ ਅਤੇ ਡਿਜ਼ੀਟਲ ਸਿਸਟਮ ਨੂੰ ਸਕੂਲਾਂ ਵਿਚ ਲਾਗੂ ਕੀਤਾ ਜਾਵੇਗਾ।

ਪੰਜਾਬੀ ਭਾਸ਼ਾ ਅਤੇ ਸਾਹਿਤਕ ਪ੍ਰੋਗਰਾਮਾਂ ਨੂੰ ਬੜ੍ਹਾਵਾ ਦਿੱਤਾ ਜਾਵੇਗਾ।

ਇਸੇ ਤਰ੍ਹਾਂ ਖਿਡਾਰੀਆਂ ਲਈ ਵੀ ਸਰਕਾਰ ਵੱਲੋਂ ਆਪਣੇ ਬਜਟ ਵਿਚ ਕਈ ਵੱਡੇ ਐਲਾਨ ਕੀਤੇ ਗਏ।

‘ਖੇਡਦਾ ਪੰਜਾਬ, ਬਦਲਦਾ ਪੰਜਾਬ’ ਦੇ ਤਹਿਤ ਹਰ ਪਿੰਡ ਵਿਚ ਸਟੇਡੀਅਮ ਬਣਨਗੇ।

ਤਿੰਨ ਹਜ਼ਾਰ ਪਿੰਡਾਂ ਵਿਚ ਇਨਡੋਰ ਸਟੇਡੀਅਮ ਬਣਾਏ ਜਾਣਗੇ।

13 ਸੈਂਟਰ ਆਫ਼ ਸਪੋਰਟਸ ਐਕਸੀਲੈਂਸ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੇ।

ਇੰਟਰਨੈਸ਼ਨਲ ਟੂਰਨਾਮੈਂਟ ਖੇਡਣ ਵਾਲੇ ਖਿਡਾਰੀਆਂ ਦੀ ਵਿੱਤੀ ਸਹਾਇਤਾ ਕੀਤੀ ਜਾਵੇਗੀ।

ਕਿਸਾਨਾਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਬਜਟ ਵਿਚ ਕਿਸਾਨਾਂ ਦੀ ਭਲਾਈ ਲਈ ਵੀ ਕਈ ਵੱਡੇ ਐਲਾਨ ਕੀਤੇ ਗਏ।

ਕਿਸਾਨਾਂ ਨੂੰ 9 ਹਜ਼ਾਰ ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਿੱਤੀ ਜਾਵੇਗੀ।

ਬਠਿੰਡਾ, ਕਪੂਰਥਲਾ ਅਤੇ ਗੁਰਦਾਸਪੁਰ ਵਿਚ ਫ਼ਸਲ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਸਕੀਮ ਲਿਆਂਦੀ ਜਾਵੇਗੀ।

ਮੱਕੀ ਦੀ ਖੇਤੀ ਕਰਨ ’ਤੇ 17500 ਰੁਪਏ ਪ੍ਰਤੀ ਏਕੜ ਸਬਸਿਡੀ ਮਿਲੇਗੀ।

ਪਰਾਲੀ ਦੀ ਸਾਂਭ ਸੰਭਾਲ ਲਈ 500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਏ।

ਪਸ਼ੂਆਂ ਦੇ ਲਈ ਜ਼ਿਲਿ੍ਹਆਂ ਵਿਚ ਵੈਟਰਨਰੀ ਪੌਲੀਕਲੀਨਿਕ ਵਿਚ ਵਾਰਡ ਸ਼ੁਰੂ ਕੀਤੇ ਜਾਣਗੇ।

ਇਸੇ ਤਰ੍ਹਾਂ ਕਰਮਚਾਰੀਆਂ ਲਈ ਬਜਟ ਵਿਚ ਐਲਾਨ ਕੀਤਾ ਗਿਆ ਕਿ ਛੇਵੇਂ ਤਨਖਾਹ ਕਮਿਸ਼ਨ ਦੇ ਬਕਾਏ 14191 ਕਰੋੜ ਦੇ ਭੁਗਤਾਨ ਲਈ ਯੋਜਨਾ ਲਾਗੂ ਕੀਤੀ ਜਾਵੇਗੀ।

ਪੈਨਸ਼ਨ ਸੇਵਾ ਪੋਰਟਲ ਤੋਂ 3 ਲੱਖ ਤੋਂ ਜ਼ਿਆਦਾ ਪੈਨਸ਼ਨਰਾਂ ਨੂੰ ਨਿਰਵਿਘਨ ਸੇਵਾਵਾਂ ਦਿੱਤੀਆਂ ਜਾਣਗੀਆਂ।


ਦੱਸ ਦਈਏ ਕਿ ਪਿਛਲੇ 4 ਸਾਲਾਂ ਦੌਰਾਨ ਬਜਟ ਵਿਚ 80.22 ਹਜ਼ਾਰ ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਏ। ਸਾਲ 2022 ਵਿਚ ਪੰਜਾਬ ਸਰਕਾਰ ਦਾ ਬਜਟ 1 ਲੱਖ 55860 ਕਰੋੜ ਰੁਪਏ ਸੀ, ਸਾਲ 2023 ਵਿਚ 1 ਲੱਖ 96462 ਕਰੋੜ ਸੀ, ਸਾਲ 2024 ਵਿਚ 2 ਲੱਖ 4918 ਸੀ ਜਦਕਿ ਹੁਣ ਸਾਲ 2025 ਵਿਚ ਇਹ 2 ਲੱਖ 36 ਹਜ਼ਾਰ 80 ਕਰੋੜ ਦਾ ਬਜਟ ਪੇਸ਼ ਕੀਤਾ ਗਿਆ ਏ।

Next Story
ਤਾਜ਼ਾ ਖਬਰਾਂ
Share it