ਸ਼ੇਅਰ ਬਜ਼ਾਰ ਦੇ ਨਾਲ ਸੋਨਾ-ਚਾਂਦੀ ਦੇ ਭਾਅ ਵੀ ਡਿੱਗੇ
ਸ਼ੇਅਰ ਬਜ਼ਾਰ ਵਿਚ 3000 ਅੰਕ ਤੋਂ ਵੱਧ ਦੀ ਗਿਰਾਵਟ ਦੇ ਵਿਚਾਲੇ ਸੋਨੇ ਅਤੇ ਚਾਂਦੀ ਦੇ ਭਾਅ ਵੀ ਡਿੱਗ ਗਏ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ 10 ਗ੍ਰਾਮ 24 ਕੈਰੇਟ ਸੋਨੇ ਦਾ ਭਾਅ 2613 ਰੁਪਏ ਡਿੱਗ ਕੇ 88401 ਰੁਪਏ ਹੋ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 91014 ਰੁਪਏ ਸੀ।

ਚੰਡੀਗੜ੍ਹ : ਸ਼ੇਅਰ ਬਜ਼ਾਰ ਵਿਚ 3000 ਅੰਕ ਤੋਂ ਵੱਧ ਦੀ ਗਿਰਾਵਟ ਦੇ ਵਿਚਾਲੇ ਸੋਨੇ ਅਤੇ ਚਾਂਦੀ ਦੇ ਭਾਅ ਵੀ ਡਿੱਗ ਗਏ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ 10 ਗ੍ਰਾਮ 24 ਕੈਰੇਟ ਸੋਨੇ ਦਾ ਭਾਅ 2613 ਰੁਪਏ ਡਿੱਗ ਕੇ 88401 ਰੁਪਏ ਹੋ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਸੋਨੇ ਦੀ ਕੀਮਤ 91014 ਰੁਪਏ ਸੀ। ਇਸੇ ਤਰ੍ਹਾਂ ਚਾਂਦੀ ਦੀ ਕੀਮਤ 4535 ਰੁਪਏ ਡਿੱਗ ਕੇ 88375 ਰੁਪਏ ਪ੍ਰਤੀ ਕਿਲੋ ਹੋ ਗਈ ਐ ਜਦਕਿ ਇਸ ਤੋਂ ਪਹਿਲਾਂ ਚਾਂਦੀ ਦਾ ਭਾਅ 92910 ਰੁਪਏ ਪ੍ਰਤੀ ਕਿਲੋ ਸੀ। ਇਸ ਤੋਂ ਪਹਿਲਾਂ 28 ਮਾਰਚ ਨੂੰ ਚਾਂਦੀ 1 ਲੱਖ 934 ਰੁਪਏ ਅਤੇ 3 ਅਪ੍ਰੈਲ ਨੂੰ ਸੋਨਾ ਆਪਣੇ ਆਲ ਟਾਈਮ ਹਾਈ ਰੇਟ 91205 ਰੁਪਏ ’ਤੇ ਚੱਲ ਰਿਹਾ ਸੀ। ਸੋਨੇ ਦੇ ਭਾਅ ਹੇਠਾਂ ਡਿੱਗਣਗੇ, ਇਹ ਗੱਲ ਕੁੱਝ ਲੋਕਾਂ ਨੂੰ ਮਜ਼ਾਕ ਲੱਗ ਰਹੀ ਸੀ ਪਰ ਜਾਣਕਾਰਾਂ ਦਾ ਕਹਿਣਾ ਏ ਕਿ ਸੋਨੇ ਦੇ ਭਾਅ ਹੋਰ ਵੀ ਹੇਠਾਂ ਆਉਣਗੇ।
ਕੇਡੀਆ ਐਡਵਾਇਜ਼ਰੀ ਦੇ ਡਾਇਰੈਕਟਰ ਅਜੈ ਕੇਡੀਆ ਦੇ ਅਨੁਸਾਰ ਸੋਨੇ ਨੇ ਇਸ ਸਾਲ ਹੁਣ ਤੱਕ ਕਰੀਬ 19 ਫ਼ੀਸਦੀ ਦਾ ਰਿਟਰਨ ਦਿੱਤਾ ਹੈ, ਅਜਿਹੇ ਵਿਚ ਸ਼ੇਅਰ ਬਜ਼ਾਰ ਵਿਚ ਹੋ ਰਹੇ ਨੁਕਸਾਨ ਨੂੰ ਨਿਵੇਸ਼ਕ ਗੋਲਡ ਵਿਚ ਪ੍ਰਾਫਿਟ ਬੁੱਕ ਕਰਕੇ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਸ ਦੇ ਚਲਦਿਆਂ ਸੋਨੇ ਦੀ ਵਿਕਰੀ ਵਿਚ ਤੇਜ਼ੀ ਆ ਗੲ ਐ ਜੋ ਕੁੱਝ ਦਿਨਾਂ ਤੱਕ ਜਾਰੀ ਰਹਿ ਸਕਦੀ ਐ। ਇਸ ਨਾਲ ਆਉਣ ਵਾਲੇ ਦਿਨਾਂ ਵਿਚ ਸੋਨਾ ਹੋਰ ਹੇਠਾਂ ਆ ਸਕਦਾ ਏ। ਹਾਲਾਂਕਿ ਜਿਓ ਪਾਲਿਟੀਕਲ ਟੈਂਸ਼ਨ ਵਧਣ ਨਾਲ ਸੋਨੇ ਨੂੰ ਸੁਪੋਰਟ ਮਿਲ ਰਹੀ ਐ। ਉਥੇ ਹੀ ਗੋਲਡ ਈਟੀਐਫ ਵਿਚ ਨਿਵੇਸ਼ ਵੀ ਵਧ ਰਿਹਾ ਏ, ਜਿਸ ਨਾਲ ਸੋਨੇ ਦੀ ਮੰਗ ਵਧਣੀ ਸ਼ੁਰੂ ਹੋ ਗਈ ਐ। ਅਜਿਹੇ ਵਿਚ ਇਸ ਸਾਲ ਦੇ ਆਖ਼ਰ ਵਿਚ ਸੋਨੇ ਦਾ ਭਾਅ ਫਿਰ ਤੋਂ ਵਧ ਸਕਦਾ ਹੈ।
ਮੌਜੂਦਾ ਸਮੇਂ ਦਿੱਲੀ ਵਿਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 83000 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 90530 ਰੁਪਏ ਐ।
ਇਸੇ ਤਰ੍ਹਾਂ ਮੁੰਬਈ ਵਿਚ 10 ਗ੍ਰਾਮ 22 ਕੈਰੇਟ ਸੋਨੇ ਦੀ ਕੀਮਤ 82850 ਰੁਪਏ ਅਤੇ 24 ਕੈਰੇਟ ਸੋਨੇ ਦੀ ਕੀਮਤ 90380 ਰੁਪਏ ਐ।
ਕੋਲਕਾਤਾ ਦੀ ਗੱਲ ਕਰੀਏ ਤਾਂ ਉਥੇ ਵੀ 10 ਗ੍ਰਾਮ 22 ਕੈਰੇਟ ਦੀ ਕੀਮਤ 82850 ਰੁਪਏ ਅਤੇ 24 ਕੈਰੇਟ ਦੀ ਕੀਮਤ 90380 ਐ।
ਇਸ ਦੇ ਨਾਲ ਹੀ ਚੇਨੱਈ ਵਿਚ ਵੀ ਸੋਨੇ ਦਾ ਮੁੰਬਈ ਅਤੇ ਕਲਕੱਤੇ ਵਾਲੇ ਹੀ ਰੇਟ ਐ।
ਸੋਨਾ ਖ਼ਰੀਦਦੇ ਸਮੇਂ ਤਿੰਨ ਗੱਲਾਂ ਦਾ ਖ਼ਾਸ ਤੌਰ ’ਤੇ ਧਿਆਨ ਰੱਖਣਾ ਚਾਹੀਦਾ ਹੈ।
ਸੋਨਾ ਖ਼ਰੀਦਦੇ ਸਮੇਂ ਹਮੇਸ਼ਾਂ ਬਿਊਰੋ ਆਫ਼ ਇੰਡੀਅਨ ਸਟੈਂਡਰਡ ਦਾ ਹੌਲਮਾਰਕ ਲੱਗਿਆ ਹੋਇਆ ਸਰਟੀਫਾਈਡ ਗੋਲਡ ਹੀ ਖ਼ਰੀਦੋ। ਸੋਨੇ ’ਤੇ 6 ਅੰਕਾਂ ਦਾ ਹੌਲਮਾਰਕ ਕੋਡ ਰਹਿੰਦਾ ਏ, ਜਿਸ ਨੂੂੰ ਹੌਲਮਾਰਕ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ ਯਾਨੀ ਐਚਯੂਆਈਡੀ ਕਿਹਾ ਜਾਂਦਾ ਏ। ਇਹ ਨੰਬਰ ਅਲਫਾ ਨਿਊਮੈਰਿਕ ਹੁੰਦਾ ਹੈ, ਜਿਵੇਂ ਏਜੈੱਡ 4524। ਹੌਲਮਾਰਕਿੰਗ ਜ਼ਰੀਏ ਇਹ ਪਤਾ ਕਰਨਾ ਸੰਭਵ ਐ ਕਿ ਕੋਈ ਸੋਨਾ ਕਿੰਨੇ ਕੈਰੇਟ ਦਾ ਹੈ।
ਦੂਜੇ ਨੰਬਰ ’ਤੇ ਸੋਨੇ ਦਾ ਸਹੀ ਵਜ਼ਨ ਅਤੇ ਖ਼ਰੀਦਣ ਦੇ ਦਿਨ ਉਸ ਦੀ ਕੀਮਤ ਕਈ ਥਾਵਾਂ ਤੋਂ ਕ੍ਰਾਸ ਚੈੱਕ ਕਰੋ। ਸੋਨੇ ਦੇ ਭਾਅ 24 ਕੈਰੇਟ, 22 ਕੈਰੇਟ ਅਤੇ 18 ਕੈਰੇਟ ਦੇ ਹਿਸਾਬ ਨਾਲ ਵੱਖੋ ਵੱਖ ਹੁੰਦੇ ਨੇ। 24 ਕੈਰੇਟ ਸੋਨੇ ਨੂੰ ਸਭ ਤੋਂ ਸ਼ੁੱਧ ਸੋਨਾ ਮੰਨਿਆ ਗਿਆ ਹੈ, ਪਰ ਇਸ ਦੇ ਗਹਿਣੇ ਨਹੀਂ ਬਣਦੇ ਕਿਉਂਕਿ ਇਹ ਬੇਹੱਦ ਮੁਲਾਇਮ ਹੁੰਦਾ ਹੈ।
ਤੀਜੇ ਨੰਬਰ ’ਤੇ ਸੋਨਾ ਖ਼ਰੀਦਦੇ ਸਮੇਂ ਨਕਦ ਪੇਮੈਂਟ ਦੀ ਜਗ੍ਹਾ ਯੂਪੀਆਈ ਅਤੇ ਡਿਜ਼ੀਟਲ ਬੈਂਕਿੰਗ ਜ਼ਰੀਏ ਪੇਮੈਂਟ ਕਰਨਾ ਠੀਕ ਰਹਿੰਦਾ ਹੈ। ਤੁਸੀਂ ਚਾਹੋ ਤਾਂ ਡੈਬਿਟ ਜਾਂ ਕ੍ਰੈਡਿਟ ਕਾਰਡ ਦੇ ਜ਼ਰੀਏ ਵੀ ਪੇਮੈਂਟ ਕਰ ਸਕਦੇ ਹੋ। ਇਯ ਤੋਂ ਬਾਅਦ ਬਿਲ ਲੈਣਾ ਨਾ ਭੁੱਲੋ। ਜੇਕਰ ਆਨਲਾਈਨ ਆਰਡਰ ਕੀਤਾ ਹੈ ਤਾਂ ਪੈਕੇਜਿੰਗ ਜ਼ਰੂਰ ਚੈੱਕ ਕਰੋ।