ਰੋਟੀ ਅਤੇ ਘਰ’ ਹੋਣਗੇ ਕੈਨੇਡੀਅਨ ਸੰਸਦ ਵਿਚ ਭਖਦੇ ਮੁੱਦੇ, ਹਾਊਸ ਆਫ ਕਾਮਨਜ਼ ਦਾ ਇਜਲਾਸ ਅੱਜ ਤੋਂ...
ਔਟਵਾ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਸੰਸਦ ਦਾ ਅੱਜ ਤੋਂ ਸ਼ੁਰੂ ਹੋ ਰਿਹਾ ਇਜਲਾਸ ਸਿਆਸੀ ਜੰਗ ਦਾ ਮੈਦਾਨ ਬਣ ਸਕਦਾ ਹੈ। ਜੀ ਹਾਂ, ਚੋਣ ਸਰਵੇਖਣਾਂ ਵਿਚ ਪੱਛੜ ਰਹੀ ਸੱਤਾਧਾਰੀ ਲਿਬਰਲ ਪਾਰਟੀ ਵੱਲੋਂ ਨਵੀਂ ਹਾਊਸਿੰਗ ਨੀਤੀ ਪੇਸ਼ ਕੀਤੀ ਜਾ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਡੇ ਗਰੌਸਰੀ ਰਿਟੇਲਰਜ਼ ’ਤੇ ਭਾਰੀ ਭਰਕਮ ਟੈਕਸ ਲਾਉਣ ਦੀ […]
By : Hamdard Tv Admin
ਔਟਵਾ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡੀਅਨ ਸੰਸਦ ਦਾ ਅੱਜ ਤੋਂ ਸ਼ੁਰੂ ਹੋ ਰਿਹਾ ਇਜਲਾਸ ਸਿਆਸੀ ਜੰਗ ਦਾ ਮੈਦਾਨ ਬਣ ਸਕਦਾ ਹੈ। ਜੀ ਹਾਂ, ਚੋਣ ਸਰਵੇਖਣਾਂ ਵਿਚ ਪੱਛੜ ਰਹੀ ਸੱਤਾਧਾਰੀ ਲਿਬਰਲ ਪਾਰਟੀ ਵੱਲੋਂ ਨਵੀਂ ਹਾਊਸਿੰਗ ਨੀਤੀ ਪੇਸ਼ ਕੀਤੀ ਜਾ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਡੇ ਗਰੌਸਰੀ ਰਿਟੇਲਰਜ਼ ’ਤੇ ਭਾਰੀ ਭਰਕਮ ਟੈਕਸ ਲਾਉਣ ਦੀ ਚਿਤਾਵਨੀ ਵੀ ਦੇ ਚੁੱਕੇ ਹਨ ਪਰ ਹਵਾ ਦੇ ਬੁੱਲੇ ’ਤੇ ਸਵਾਰ ਕੰਜ਼ਰਵੇਟਿਵ ਪਾਰਟੀ ਇਨ੍ਹਾਂ ਯੋਜਨਾਵਾਂ ਦੀ ਫੂਕ ਕੱਢਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਟੋਰੀ ਆਗੂ ਪਿਅਰੇ ਪੌਇਲੀਐਵ ਨੇ ਐਤਵਾਰ ਨੂੰ ਕਿਹਾ ਕਿ ਲਿਬਰਲ ਸਰਕਾਰ ਦੇ ਨੁਮਾਇੰਦਿਆਂ ਅਤੇ ਗਰੌਸਰੀ ਸਟੋਰ ਚੇਨਜ਼ ਦੇ ਮੁਖੀਆਂ ਦਰਮਿਆਨ ਹੋ ਰਹੀ ਮੁਲਾਕਾਤ ਸਿਆਸੀ ਡਰਾਮੇ ਤੋਂ ਜ਼ਿਆਦਾ ਕੁਝ ਨਹੀਂ। ਪਿਅਰੇ ਪੌਇਲੀਐਵ ਨੇ ਸਵਾਲ ਉਠਾਇਆ ਕਿ ਕੀ ਲੈਟਸ ਦੀਆਂ ਕੀਮਤਾਂ ਥੈਂਕਸਗਿਵਿੰਗ ਤੱਕ ਪਹਿਲਾਂ ਵਾਲੇ ਪੱਧਰ ’ਤੇ ਆ ਜਾਣਗੀਆਂ? ਕੀ ਹੋਰ ਸਬਜ਼ੀਆਂ ਜਾਂ ਫੂਡ ਆਇਟਮਜ਼ ਮੁੜ ਆਮ ਲੋਕਾਂ ਦੀ ਪਹੁੰਚ ਵਿਚ ਹੋਣਗੀਆਂ? ਪ੍ਰਧਾਨ ਮੰਤਰੀ ਜਾਂ ਉਨ੍ਹਾਂ ਦੇ ਮੰਤਰੀ ਗਰੌਸਰੀ ਸਟੋਰ ਚੇਨਜ਼ ਦੇ ਮੁਖੀਆਂ ਨਾਲ ਤਸਵੀਰਾਂ ਖਿਚਵਾਉਣਗੇ ਅਤੇ ਸਭ ਕੁਝ ਇਸੇ ਤਰ੍ਹਾਂ ਚਲਦਾ ਰਹੇਗਾ।
ਵਿਰੋਧੀ ਧਿਰ ਦੇ ਆਗੂ ਨੇ ਦੋਸ਼ ਲਾਇਆ ਕਿ ਕੈਨੇਡਾ ਵਿਚ ਹਾਊਸਿੰਗ ਦੀ ਸਮੱਸਿਆ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੀਆਂ ਅਸਮਾਨ ਚੜ੍ਹੀਆਂ ਕੀਮਤਾਂ ਵਾਸਤੇ ਸਿਰਫ ਅਤੇ ਸਿਰਫ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਆਉਣ ’ਤੇ ਕਾਰਬਨ ਟੈਕਸ ਹਟਾ ਖੁਰਾਕੀ ਵਸਤਾਂ ਦੀਆਂ ਕੀਮਤਾਂ ਹੇਠਾਂ ਲਿਆਂਦੀਆਂ ਜਾਣਗੀਆਂ।
ਕੀਮਤਾਂ ਸਿਰਫ ਗਰੌਸਰੀ ਸਟੋਰਾਂ ’ਤੇ ਨਹੀਂ ਵਧਦੀਆਂ, ਫੈਸਲਾਂ ਦੀ ਪੈਦਾਵਾਰ ’ਤੇ ਹੋਣ ਵਾਲਾ ਖਰਚਾ ਅਤੇ ਟ੍ਰਾਂਸਪੋਰਟੇਸ਼ਨ ਦੀ ਲਾਗਤ ਮਹਿੰਗੀ ਹੋਣ ਕਰ ਕੇ ਇਨ੍ਹਾਂ ਦੇ ਭਾਅ ਉਪਰ ਜਾਂਦੇ ਹਨ। ਇਥੇ ਦਸਣਾ ਬਣਦਾ ਹੈ ਕਿ ਡਲਹੌਜ਼ੀ ਯੂਨੀਵਰਸਿਟੀ ਦੀ ਤਾਜ਼ਾ ਰਿਪੋਰਟ ਮੁਤਾਬਕ 2020 ਤੋਂ 2022 ਦਰਮਿਆਨ ਗਰੌਸਰੀ ਦਾ ਸਾਲਾਨਾ ਖਰਚਾ 2 ਹਜ਼ਾਰ ਡਾਲਰ ਤੱਕ ਵਧਿਆ ਜਦਕਿ 2023 ਵਿਚ ਇਕ ਹਜ਼ਾਰ ਡਾਲਰ ਦਾ ਵਾਧਾ ਵੱਖਰੇ ਤੌਰ ’ਤੇ ਹੁੰਦਾ ਨਜ਼ਰ ਆ ਰਿਹਾ ਹੈ।
ਪਿਅਰੇ ਪੌਇਲੀਐਵ ਵੱਲੋਂ ਆਪਣੀ ਹਾਊਸਿੰਗ ਯੋਜਨਾ ’ਤੇ ਆਧਾਰਤ ਪ੍ਰਾਈਵੇਟ ਮੈਂਬਰ ਬਿਲ ਵੀ ਸੰਸਦ ਵਿਚ ਪੇਸ਼ ਕੀਤਾ ਜਾ ਸਕਦਾ ਹੈ ਜਿਸ ਵਿਚ ਕਿਫਾਇਤੀ ਮਕਾਨਾਂ ਦੀ ਉਸਾਰੀ ਵਾਸਤੇ ਕਈ ਨੁਕਤਿਆਂ ਦਾ ਜ਼ਿਕਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲੰਡਨ ਸ਼ਹਿਰ ਤੋਂ ਆਰੰਭੀ ਨਵੀਂ ਹਾਊਸਿੰਗ ਨੀਤੀ ਨੂੰ ਟੋਰੀ ਆਗੂ ਨੇ ਥੋਥੀ ਕਰਾਰ ਦਿਤਾ।
ਲਿਬਰਲ ਸਰਕਾਰ ਨੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਘਟਾਉਣ ਲਈ ਹੱਥ-ਪੈਰ ਮਾਰਨੇ ਸ਼ੁਰੂ ਕੀਤੇ ਹਨ। ਉਦਯੋਗ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਅੱਜ ਲੌਬਲਾਜ਼, ਮੈਟਰੋ, ਵਾਲਮਾਰਟ, ਕੌਸਟਕੋ ਅਤੇ ਸਬੇਜ਼ ਦੇ ਮੁਖੀਆਂ ਨਾਲ ਮੀਟਿੰਗ ਕਰਨਗੇ। ਇਸੇ ਦੌਰਾਨ ਇਜਲਾਸ ਦੌਰਾਨ ਸੱਤਾਧਾਰੀ ਲਿਬਰਲ ਪਾਰਟੀ ਅਤੇ ਵਿਰੋਧੀ ਧਿਰ ਵਿਚਾਲੇ ਐਨਰਜੀ ਅਤੇ ਐਨਵਾਇਰਨਮੈਂਟ ਪੌਲਿਸੀ ਦੇ ਮੁੱਦੇ ’ਤੇ ਤਿੱਖਾ ਸੰਘਰਸ਼ ਹੋ ਸਕਦੀ ਹੈ।
ਸੋਮਵਾਰ ਤੋਂ ਹੀ ਵਿਦੇਸ਼ੀ ਦਖਲ ਦੇ ਮਸਲੇ ’ਤੇ ਜਨਤਕ ਪੜਤਾਲ ਸ਼ੁਰੂ ਹੋ ਰਹੀ ਹੈ ਅਤੇ ਇਹ ਮਸਲਾ ਵੀ ਸੰਸਦ ਵਿਚ ਚਰਚਾ ਦਾ ਮੁੱਦਾ ਬਣ ਸਕਦਾ ਹੈ। ਹਾਊਸ ਆਫ਼ ਕਾਮਨਜ਼ ਵਿਚ ਸਰਕਾਰ ਦੀ ਆਗੂ ਕਰੀਨਾ ਗੂਲਡ ਨੇ ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾਉਣ ਲਈ ਟਰੂਡੋ ਸਰਕਾਰ ਵੱਲੋਂ ਕਈ ਕਦਮ ਉਠਾਏ ਗਏ ਹਨ ਅਤੇ ਸਦਨ ਦੀ ਕਾਰਵਾਈ ਦੌਰਾਨ ਇਨ੍ਹਾਂ ਬਾਰੇ ਵਿਸਤਾਰਤ ਤਰੀਕੇ ਨਾਲ ਜਾਣਕਾਰੀ ਦਿਤੀ ਜਾਵੇਗੀ