ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਯੁਕਤੀ ਦੇ ਨਿਯਮ ਬਣ ਸਕਣਗੇ ?
ਜਿਥੇ 2 ਜਣਿਆਂ ਦੀ ਰਾਏ ਨਾ ਮਿਲਦੀ ਹੋਵੇ ਉਥੇ 34 ਜਣਿਆਂ ਦੀ ਇਕ ਰਾਏ ਬਣ ਜਾਣਾ ਇਕ ਵੱਡਾ ਹੀ ਕਾਰਨਾਮਾ ਹੋਵੇਗਾ।

By : Gill
ਸ਼੍ਰੋਮਣੀ ਕਮੇਟੀ ਵੱਲੋਂ 34 ਮੈਂਬਰੀ ਕਮੇਟੀ ਤਾਂ ਬਣਾ ਲਈ ਗਈ ਹੈ ਪਰ ਕੀ ਇਹ ਕਾਮਯਾਬ ਹੋਵੇਗੀ ? ਇਹ ਵਕਤ ਹੀ ਦਸ ਸਕਦਾ ਹੈ। ਪਰ ਲੱਗ ਇਸ ਤਰ੍ਹਾਂ ਰਿਹਾ ਹੈ ਕਿ ਨਾ 5 ਨਾ 7, ਸਿੱਧਾ ਹੀ 34 ਮੈਂਬਰੀ ਕਮੇਟੀ ਬਣੀ ਹੈ। ਕੀ ਇਹ ਕਿਸੇ ਅੰਤਮ ਫ਼ੈਸਲੇ ਉਪਰ ਪਹੁੰਚ ਸਕਣਗੇ। ਜਿਥੇ 2 ਜਣਿਆਂ ਦੀ ਰਾਏ ਨਾ ਮਿਲਦੀ ਹੋਵੇ ਉਥੇ 34 ਜਣਿਆਂ ਦੀ ਇਕ ਰਾਏ ਬਣ ਜਾਣਾ ਇਕ ਵੱਡਾ ਹੀ ਕਾਰਨਾਮਾ ਹੋਵੇਗਾ।
ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ ਨਿਯਮਾਂ ਸਬੰਧੀ 34 ਮੈਂਬਰਾਂ ਦੀ ਵਿਸ਼ਾਲ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਵੱਖ-ਵੱਖ ਸੰਪ੍ਰਦਾਵਾਂ, ਜਥੇਬੰਦੀਆਂ ਅਤੇ ਵਿਦਵਾਨਾਂ ਦੇ ਪ੍ਰਤਿਨਿਧੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਜਥੇਦਾਰ ਸੇਵਾ ਨਿਯਮਾਂ ਬਾਰੇ ਵਿਸਥਾਰਪੂਰਕ ਵਿਚਾਰ-ਵਟਾਂਦਰਾ ਹੋ ਸਕੇ।
ਐਡਵੋਕੇਟ ਧਾਮੀ ਨੇ ਦੱਸਿਆ ਕਿ ਕਮੇਟੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੋਮਣੀ ਅਕਾਲੀ ਦਲ, ਦਮਦਮੀ ਟਕਸਾਲ, ਤਰਨਾ ਦਲ, ਬੁੱਢਾ ਦਲ, ਦਲ ਪੰਥ ਬਾਬਾ ਬਿਧੀ ਚੰਦ ਜੀ, ਕਾਰ ਸੇਵਾ ਖਡੂਰ ਸਾਹਿਬ, ਸੰਪ੍ਰਦਾ ਭੂਰੀਵਾਲੇ, ਨਿਰਮਲੇ ਸੰਪ੍ਰਦਾ, ਉਦਾਸੀਨ ਸੰਪ੍ਰਦਾ, ਸੇਵਾਪੰਥੀ, ਚੀਫ ਖ਼ਾਲਸਾ ਦੀਵਾਨ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਵਿਦਵਾਨ, ਪ੍ਰਸਿੱਧ ਕਥਾਵਾਚਕ, ਗੁਰਬਾਣੀ ਵਿਆਕਰਣ ਮਾਹਿਰ, ਵਿਦੇਸ਼ੀ ਸਿੱਖ ਨੁਮਾਇੰਦੇ ਅਤੇ ਐਸ.ਜੀ.ਪੀ.ਸੀ. ਦੇ ਮੁੱਖ ਸਕੱਤਰ ਆਦਿ ਸ਼ਾਮਲ ਹਨ।
ਇਸ ਕਮੇਟੀ ਵਿੱਚ ਸਿੱਖ ਵਿਦਵਾਨਾਂ, ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਵੱਲੋਂ ਪਹਿਲਾਂ ਹੀ ਲਿਖਤੀ ਸੁਝਾਵ ਭੇਜੇ ਗਏ ਹਨ, ਜਿਨ੍ਹਾਂ ਵਿੱਚ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਦਲ ਖਾਲਸਾ, ਅਖੰਡ ਕੀਰਤਨੀ ਜਥਾ, ਪੰਥਕ ਤਾਲਮੇਲ ਸੰਗਠਨ, ਸਿੱਖ ਕੌਂਸਲ ਯੂਕੇ, ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਸ਼੍ਰੋਮਣੀ ਖਾਲਸਾ ਪੰਚਾਇਤ, ਸਿੰਘ ਸਭਾਵਾਂ ਸਮੇਤ ਹੋਰ ਜਥੇਬੰਦੀਆਂ ਅਤੇ ਵੱਡੀ ਗਿਣਤੀ ਵਿੱਚ ਵਿਦਵਾਨ ਸ਼ਾਮਲ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਇਹ 34 ਮੈਂਬਰੀ ਕਮੇਟੀ ਹੁਣ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾ ਨਿਯਮਾਂ ਬਾਰੇ ਆਪਣੀ ਰਾਇ ਤੇ ਸਿਫਾਰਸ਼ਾਂ ਰਿਪੋਰਟ ਰੂਪ ਵਿੱਚ ਪੇਸ਼ ਕਰੇਗੀ।


