ਮੈਕਸੀਕਨ ਰਾਸ਼ਟਰਪਤੀ ਨਾਲ ਛੇੜਛਾੜ ਔਰਤ ਸੁਰੱਖਿਅਤ ਕਿੱਥੇ?
ਨਵੀਂ ਘਟਨਾ ਨਹੀਂ : ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਸਵੀਡਨ ਦੀ ਸੈਂਟਰ ਪਾਰਟੀ ਦੀ ਲੀਡਰ ਅੰਨਾ ਕਾਰਿਨ ਰਾਜਨੀਤੀ ਨੂੰ ਤਿਆਗਣ ਦਾ ਐਲਾਨ ਕਰ ਦਿੰਦੀ ਹੈ। ਕਾਰਣ

By : Gill
‘ਦਰਬਾਰਾ ਸਿੰਘ ਕਾਹਲੋਂ’
ਪੱਛਮ ਜਿੱਥੇ ਔਰਤਾਂ ਦੀਆਂ ਅਜ਼ਾਦੀਆਂ ਅਤੇ ਮਰਦਾਂ ਬਰਾਬਰ ਅਧਿਕਾਰਾਂ ਦੀ ਅਕਸਰ ਆਏ ਦਿਨ ਗਲੋਬਲ ਪੱਧਰ ’ਤੇ ਖੂਬ ਡੌਂਡੀ ਪਿੱਟੀ ਜਾਂਦੀ ਹੈ, ਹਕੀਕਤ ਵਿਚ ਔਰਤ ਵਰਗ ਉੱਥੇ ਹਰ ਪਲ ਹਰ ਘੜੀ ਬੁਰੀ ਤਰ੍ਹਾਂ ਅਸੁਰੱਖਿਅਤ ਅਤੇ ਜਿਨਸੀ ਸੋਸ਼ਣ ਦਾ ਸ਼ਿਕਾਰ ਹੁੰਦਾ ਵੇਖਿਆ ਜਾ ਰਿਹਾ ਹੈ। ਜਿਸ ਪੱਛਮ ਸਮਾਜ ਵਿਚ ਸਰਵਉੱਚ ਪਦ ਤੇ ਤਾਇਨਾਤ ਰਾਸ਼ਟਰਪਤੀ ਔਰਤ ਆਮ ਗਲੀ, ਆਮ ਥਾਂ, ਦਫਤਰ ਵਿਚ ਸੁਰੱਖਿਅਤ ਨਹੀਂ ਉੱਥੇ ਔਰਤ ਦੇ ਦੁਰਦਸ਼ਾ ਭਰੇ ਜਿਨਸੀ, ਮਨੋਵਿਗਿਆਨਕ, ਸਰੀਰਕ ਸੋਸ਼ਣ ਦੀ ਕਰੂਪ ਦਸ਼ਾ ਅਤੇ ਦਿਸ਼ਾ ਦਾ ਭਲੀਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਭਿਅੰਕਰ ਘਟਨਾ : ਇਸ ਤੋਂ ਵੱਡੀ ਸ਼ਰਮਨਾਕ ਅਤੇ ਭਿਅੰਕਰ ਘਟਨਾ ਗਲੋਬਲ ਪੱਧਰ ’ਤੇ ਸਮਾਜ ਅੰਦਰ ਅਜੋਕੀ 21ਵੀਂ ਸਦੀ ਵਿਚ ਔਰਤ ਦੇ ਅਪਮਾਨ ਅਤੇ ਸੁਰੱਖਿਆ ਸਬੰਧੀ ਹੋਰ ਕੀ ਹੋ ਸਕਦੀ ਹੈ ਕਿ ਜਦੋਂ ਮੈਕਸੀਕੋ ਦੀ ਦੇਸ਼ ਦੇ ਸਰਵਉੱਚ ਪਦ ਤੇ ਸੁਸ਼ੋਭਤ ਔਰਤ ਰਾਸ਼ਟਰਪਤੀ ਕਲਾਉਡੀਆ ਸ਼ੀਨਾਬੌਮ ਤੇ ਇਕ ਸ਼ਰਾਬੀ ਵਿਅਕਤੀ ਜਿਨਸੀ ਹਮਲਾ ਕਰ ਦਿੰਦਾ ਹੈ। ਉਸ ਦੀ ਚੁੰਮੀ ਲੈਣ ਦਾ ਯਤਨ ਕਰਦਾ ਹੈ ਅਤੇ ਉਸ ਦੇ ਗੰਦੇ ਹੱਥ ਉਸ ਦੀਆਂ ਛਾਤੀਆਂ ਤੱਕ ਪਹੁੰਚ ਜਾਂਦੇ ਹਨ। ਇਹ ਘਟਨਾ ਉਦੋਂ 10 ਨਵੰਬਰ, 2025 ਨੂੰ ਮੈਕਸੀਕੋ ਦੀ ਰਾਜਧਾਨੀ ਵਿਚ ਵਾਪਰਦੀ ਹੈ ਜਦੋਂ ਰਾਸ਼ਟਰਪਤੀ ਰਾਸ਼ਟਰੀ ਮਹੱਲ ਵਿਚੋਂ ਨਿਕਲ ਕੇ ਸਿੱਖਿਆ ਵਿਭਾਗ ਦੀ ਇਮਾਰਤ ਵੱਲ ਜਾ ਰਹੀ ਹੁੰਦੀ ਹੈ। ਇਹ ਮੰਦ ਘਟਨਾ ਇਕ ਵੀਡੀਓ ਵਿਚ ਕੈਦ ਹੋ ਜਾਂਦੀ ਹੈ। ਇਸਦੇ ਵਾਇਰਲ ਹੋਣ ਬਾਅਦ ਪੂਰੇ ਦੇਸ਼ ਦੀਆਂ ਔਰਤਾਂ ਦਾ ਗੁੱਸਾ ਅਸਮਾਨ ਤੱਕ ਫੁੱਟ ਪੈਂਦਾ ਹੈ।
ਨਵੀਂ ਘਟਨਾ ਨਹੀਂ : ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਸਵੀਡਨ ਦੀ ਸੈਂਟਰ ਪਾਰਟੀ ਦੀ ਲੀਡਰ ਅੰਨਾ ਕਾਰਿਨ ਰਾਜਨੀਤੀ ਨੂੰ ਤਿਆਗਣ ਦਾ ਐਲਾਨ ਕਰ ਦਿੰਦੀ ਹੈ। ਕਾਰਣ ਇਹੀ ਕਿ ਉਸ ਨੂੰ ਲਗਾਤਾਰ ਜਿਨਸੀ ਧਮਕੀਆਂ ਅਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਹੈਰਾਨਗੀ ਤਾਂ ਇਸ ਗੱਲ ਦੀ ਵੀ ਹੈ ਕਿ ਉਸਦੀ ਪੂਰਵਧਿਕਾਰੀ ਪਾਰਟੀ ਆਗੂ ਐਨੀ ਲੂਫ ਵੀ ਨਿਊ ਨਾਜ਼ੀਵਾਦੀਆਂ ਵੱਲੋਂ ਧਮਕੀਆਂ ਲਗਾਤਾਰ ਉਸਦਾ ਪਿੱਛਾ ਕਰਨ, ਆੱਨਲਾਈਨ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਹੋਈ ਨੇ ਪਦ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਸੀ। ਆਸਟ੍ਰੇਲੀਆ ਦੀ ਮਹਿਲਾ ਪ੍ਰਧਾਨ ਮੰਤਰੀ ਜੂਲੀਆ ਜ਼ਿਲਾਰਡ ਨੂੰ ‘ਜਾਣ ਬੁੱਝ ਕੇ ਬਾਂਝ’ ਹੋਣ ਦੀਆਂ ਤਨਜ਼ਾਂ ਅਤੇ ਟਿੱਪਣੀਆਂ ਨਾਲ ਪ੍ਰੇਸ਼ਾਨ ਕੀਤਾ ਜਾਂਦਾ ਹੈ। ਅਮਰੀਕੀ ਰਾਸ਼ਟਰਪਤੀ ਦੀ ਡੋਨਾਲਡ ਟਰੰਪ ਵਿਰੁੱਧ ਡੈਮੋਕ੍ਰੈਟਿਕ ਪਾਰਟੀ ਵੱਲੋਂ ਚੋਣ ਲੜਨ ਵਾਲੀ ਭਾਰਤੀ ਮੂਲ ਨਾਲ ਸਬੰਧਿਤ ਕਮਲਾ ਹੈਰਿਸ ਨੂੰ ਸ਼ਬਦੀ ਜਿਨਸੀ ਸੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ।
ਸੰਨ 2023 ਵਿਚ ਇਟਲੀ ਅੰਦਰ 7500 ਮਿਊਂਸਪਿਲ ਕਮੇਟੀਆਂ ਸਬੰਧੀ ਮੇਅਰਾਂ ਤੇ ਜਿਨਸੀ ਸੋਸ਼ਣ ਹਮਲਿਆਂ ਦਾ ਕਰੂਪ ਚਿਹਰਾ ਵੇਖਣ ਨੂੰ ਮਿਲਿਆ। ਇਸ ਦਾ ਇੰਕਸਾਫ ਮਿਲਾਨ ਯੂਨੀਵਰਸਿਟੀ ਪ੍ਰੋਸਫੈਸਰ ਜੀਆਨ ਮਾਰਕੋ ਦਾਨੀਆਲ ਕਰਦੇ ਹਨ। ਇਸ ਸਾਲ ਸਾਬਕਾ ਡੱਚ ਰਾਜਨੀਤੀਵਾਨ ਸਿਗਾਰਡ ਕਾਗ ਨੇ ਚਿਤਾਵਨੀ ਦਿੱਤੀ ਸੀ ਕਿ ਅਜੋਕੇ ਸਮੇਂ ਘੱਟ ਗਿਣਤੀਆਂ ਅਤੇ ਔਰਤਾਂ, ਵੱਖਵੱਖ ਰੰਗਾਂ ਸਬੰਧੀ ਔਰਤਾਂ ਵੱਲੋਂ ਜਿਵੇਂ ਵਧ ਚੜ੍ਹ ਕੇ ਰਾਜਨੀਤੀ ਵਿਚ ਭਾਗ ਲੈਣਾ ਦਰਜ ਕੀਤਾ ਗਿਆ, ਜਿਨਸੀ ਸੋਸ਼ਣ ਅਤੇ ਤੰਗ ਪ੍ਰੇਸ਼ਾਨ ਕਰਨ ਦੀ ਵਧਦੀ ਪ੍ਰਿਆ ਇਸ ਰੁਝਾਨ ਦਾ ਭੋਗ ਪਾ ਦੇਵੇਗੀ।
ਅਮਰੀਕਾ ਅੰਦਰ ਹੱਦ ਤਾਂ ਉਦੋਂ ਹੁੰਦੀ ਵੇਖੀ ਗਈ ਜਦੋਂ ਰਾਸ਼ਟਰਪਤੀ ਬਿਲ ਕਿਟਨ ਨੇ ਪਦ ਤੇ ਹੁੰਦੇ ਹੋਏ ਉਸ ਦੇ ਦਫਤਰ ਵਿਚ ਕੰਮ ਕਰਦੀ ਕੁਆਰੀ ਤ੍ਰੀਮਤ ਮੋਨਿਕਾ ਲਵਿੰਸਕੀ ਨਾਲ ਜਿਨਸੀ ਸਬੰਧ ਕਾਇਮ ਕੀਤੇ। ਇੰਕਸ਼ਾਫ ਹੋਣ ਤੇ ਅਮਰੀਕੀ ਰਾਜਨੀਤੀ ਵਿਚ ਭੂਚਾਲ ਆ ਗਿਆ। ਅਜੋਕੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਵੀ ਕਈ ਔਰਤਾਂ ਜਿਨਸੀ ਸੋਸ਼ਣ ਦੇ ਦੋਸ਼ ਲਗਾ ਚੁੱਕੀਆਂ ਹਨ। ਇੱਕ ਦਾ ਵੱਡੀ ਰਕਮ ਦੇ ਕੇ ਕਿਵੇਂ ਮੂੰਹ ਬੰਦ ਕਰਾਇਆ ਗਿਆ ਇਹ ਕਿਸੇ ਤੋਂ ਛੁਪਿਆ ਨਹੀਂ।
ਭਾਰਤ ਵਿਚ ਅਜਿਹੇ ਕਿੱਸਿਆਂ, ਕਹਾਣੀਆਂ, ਸੋਸ਼ਣ ਦਾ ਕੋਈ ਅੰਤ ਨਹੀਂ। ਪੰਜਾਬ ਵਿਚ ਇਕ ਨਾਮਵਰ ਆਈਏਐੱਸ ਜੋੜੇ ਸਬੰਧਿਤ ਔਰਤ ਰੂਪਨ ਦਿਉਲ ਨਾਲ ਤੱਤਕਾਲੀ ਬਦਨਾਮ ਪੁਲਿਸ ਮੁਖੀ ਕੇਪੀਐੱਸ ਗਿੱਲ ਵੱਲੋਂ ਕੀਤੀ ਛੇੜਛਾੜ ਦਾ ਕਿੱਸਾ ਬਹੁਤ ਚਰਚਿਤ ਰਿਹਾ। ਇੱਕ ਸਾਬਕਾ ਮੁੱਖ ਮੰਤਰੀ ਇੱਕ ਆਈਏਐੱਸ ਮਹਿਲਾ ਅਫਸਰ ਨੂੰ ਵਟਸਐਪ ਮੈਸੇਜ਼ ਕਰਕੇ ਬਦਨਾਮ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਇੱਕ ਅਰੂਸਾ ਨਾਮਕ ਪਾਕਿਸਤਾਨੀ ਔਰਤ ਨੂੰ ਆਪਣੇ ਸਰਕਾਰੀ ਨਿਵਾਸ ਤੇ ਸਰੇਆਮ ਰੱਖ ਕੇ ਪੰਜਾਬੀ ਉੱਚ ਕਦਰਾਂ ਕੀਮਤਾਂ ਵਾਲੇ ਸੱਭਿਆਚਾਰ ਦਾ ਘਾਣ ਕਰਕੇ ਰੱਖ ਦਿੱਤਾ। ਰਾਮਨੀਕਾ ਗੁਪਤਾ ਇੰਕਸਾਫ ਕਰਦੀ ਹੈ 27 ਜੂਨ, 2010 ‘ਸੰਡੇ ਟਾਈਮਜ਼’ ਵਿਚ ਛਪੇ ਲੇਖ ਅਨੁਸਾਰ ਕਿ ਕਿਵੇਂ ਇੱਕ ਬਿਹਾਰ ਦਾ ਮੁੱਖ ਮੰਤਰੀ ਉਸ ਨੂੰ 4 ਵਜੇ ਸਵੇਰੇ ਮਿਲਣ ਲਈ ਕਹਿੰਦਾ ਹੈ, ਕਿਵੇਂ ਇੱਕ ਭਾਰਤ ਦਾ ਸਾਬਕਾ ਰਾਸ਼ਟਰਪਤੀ ਉਸਨੂੰ ਆਪਣੀ ਰਿਹਾਇਸ਼ ਤੇ ਬੁਲਾ ਕੇ ਅਲਫ ਨੰਗਾ ਹੋ ਕੇ ਉਸ ਉੱਤੇ ਪੈ ਜਾਂਦਾ ਹੈ। ਉਸ ਵੱਲੋਂ ਵਿਰੋਧ ਕਰਨ ਤੇ ਉਸਨੂੰ ਚੁੱਪ ਰਹਿਣ ਤੇ ਮਜ਼ਬੂਰ ਕਰਦਾ ਹੈ।
ਬਹਿਸ : ਮੈਕਸੀਕਨ ਰਾਸ਼ਟਰਪਤੀ ਤੇ ਜਿਨਸੀ ਹਮਲੇ ਨੇ ਪੂਰੇ ਵਿਸ਼ਵ ਅੰਦਰ ਔਰਤ ਦੀ ਸੁਰੱਖਿਆ ਨੂੰ ਲੈ ਕੇ ਵੱਡੀ ਚਿੰਤਾਜਨਕ ਬਹਿਸ ਸ਼ੁਰੂ ਕਰ ਦਿੱਤੀ ਹੈ। ਔਰਤ ਅਜੋਕੇ 21ਵੀਂ ਸਦੀ ਦੇ ਆਧੁਨਿਕ ਯੁੱਗ ਵਿਚ ਕਿੰਨੀ ਅਸੁਰੱਖਿਅਤ ਹੈ, ਉਸਦੀ ਰੱਖਿਆ ਕਰਨ ਲਈ ਕੋਈ ਸਮਾਜਿਕ ਜਾਂ ਪ੍ਰਸਾਸ਼ਨਿਕ ਜਾਂ ਕਾਨੂੰਨੀ ਉਪਬੰਧ ਅਸੀਂ ਲਾਗੂ ਹੀ ਨਹੀਂ ਕਰ ਸਕੇ, ਕਿੰਨੀ ਸ਼ਰਮਨਾਕ ਗੱਲ ਹੈ?
ਅੰਕੜੇ : ਮੈਕਸੀਕੋ ਦੀ ਰਾਸ਼ਟਰੀ ਅੰਕੜਾ ਏਜੰਸੀ ਅਨੁਸਾਰ 10 ਮੈਕਸੀਕਨ ਔਰਤਾਂ ਵਿਚੋਂ 7 ਅਤੇ 15 ਸਾਲ ਦੀਆਂ ਬੱਚੀਆਂ ਵਿਚੋਂ 1 ਪੂਰੇ ਜੀਵਨ ਕਾਲ ਵਿਚ ਜਿਨਸੀ ਹਿੰਸਾ ਦਾ ਸ਼ਿਕਾਰ ਹੰੁਦੀਆਂ ਹਨ। ਇਨ੍ਹਾਂ ਦਾ ਮਨੋਵਿਗਿਆਨਿਕ ਅਤੇ ਜਿਨਸੀ ਸੋਸ਼ਣ ਜੀਵਨ ਅਜ਼ਾਬ ਬਣਾ ਕੇ ਰੱਖ ਦਿੰਦਾ ਹੈ। ਇਸ ਸਾਲ ਹੁਣ ਤੱਕ 25000 ਔਰਤਾਂ ਵਿਰੁੱਧ ਜਿਨਸੀ ਸੋਸ਼ਣ ਅਤੇ ਤੰਗ ਪ੍ਰੇਸ਼ਾਨ ਕਰਨ ਸਬੰਧੀ ਕੇਸ ਦਰਜ ਕਰਾਏ ਗਏ ਹਨ। ਜੋ ਦਰਜ ਨਹੀਂ ਕਰਾਏ ਉਹ ਬੇਹਿਸਾਬ ਹਨ। ਹਰ ਦੇਸ਼, ਸਮਾਜ, ਭਾਈਚਾਰੇ ਵਿਚ ਅੱਜ ਵੀ ਔਰਤਾਂ ਐਸੇ ਕੇਸ ਦਰਜ ਕਰਾਉਣ ਤੋਂ ਸਮਾਜਿਕ ਦਾਗ, ਪਰਿਵਾਰਕ ਮਜ਼ਬੂਰੀਆਂ ਅਤੇ ਕਈ ਨਿੱਜੀ ਕਾਰਨਾਂ ਕਰਕੇ ਟਾਲਾ ਵੱਟਦੀਆਂ ਹਨ ਭਾਵੇਂ ਹਰ ਗਲੀ, ਮੋੜ, ਦਫਤਰ, ਕੰਮ ਕਰਨ ਵਾਲੀਆਂ ਥਾਵਾਂ, ਯਾਤਰਾ ਅਤੇ ਰਾਜਕੀ ਜਾਂ ਗੈਰ ਰਾਜਕੀ ਸਮਾਰੋਹਾਂ ਵਿਚ ਐਸੀਆਂ ਘਟਨਾਵਾਂ ਦਾ ਵਾਪਰਨਾ ਆਮ ਪਾਇਆ ਜਾਂਦਾ ਹੈ। ਮੈਕਸੀਕਨ ਰਾਸ਼ਟਰਪਤੀ ਨੇ ਇਸ ਘਟਨਾ ਵਿਰੁੱਧ ਕੇਸ ਦਰਜ ਕਰਾਇਆ ਤਾਂ ਕਿ ਹਰ ਔਰਤ ਅਜਿਹੀ ਸੂਰਤ ਵਿਚ ਟਾਲਾ ਵੱਟਣ ਦੀ ਥਾਂ ਅੱਗੇ ਆਏ।
ਮੈਕਸੀਕੋ ਅੰਦਰ ਹਰ ਰੋਜ਼ 10 ਔਰਤਾਂ ਅਜਿਹੇ ਕੇਸਾਂ ਵਿਚ ਵਿਰੋਧ ਕਰਕੇ ਕੱਤਲ ਹੋ ਰਹੀਆਂ ਹਨ। ਇਸ ਸਾਲ ਦੇ ਪਹਿਲੇ 6 ਮਹੀਨੇ ਵਿਚ 500 ਔਰਤਾਂ ਕੱਤਲ ਕੀਤੇ ਜਾਣ ਦੇ ਕੇਸ ਸਾਹਮਣੇ ਆਏ ਹਨ। ਅਮਰੀਕੀ ਅਤੇ ਬ੍ਰਿਟੇਨ ਸਰਵੇ ਦਰਸਾਉਂਦੇ ਹਨ ਕਿ 5 ਵਿਚੋਂ 4 ਔਰਤਾਂ ਆਪਣੇ ਜੀਵਨ ਵਿਚ ਜਿਨਸੀ ਸੋਸ਼ਣ ਦੀਆਂ ਸ਼ਿਕਾਰ ਬਣਾਈਆਂ ਜਾਂਦੀਆਂ ਹਨ। ਉਹ ਕਿਤੇ ਵੀ ਸੁਰੱਖਿਅਤ ਨਹੀਂ ਹਨ।
ਰਾਸ਼ਟਰਪਤੀ ਯੋਜਨਾ : ਮੈਕਸੀਕੋ ਦੀ ਔਰਤ ਮਾਮਲਿਆਂ ਬਾਰੇ ਸਕੱਤਰ (ਮੰਤਰੀ) ਸਿਟਲਾਲੀ ਹਰਨੈਂਡਜ਼ ਨੇ ਔਰਤਾਂ ਪ੍ਰਤੀ ਹਿੰਸਾ ਵਿਰੁੱਧ ਦੇਸ਼ ਅੰਦਰ ਸਖਤ ਕਦਮ ਉਠਾਉਣ ਲਈ ਇੱਕ ‘ਰਾਸ਼ਟਰਪਤੀ ਯੋਜਨਾ’ ਅਧੀਨ ਪ੍ਰਸਤਾਵ ਲਿਆਂਦਾ ਹੈ ਜਿਸ ਅਨੁਸਾਰ ਔਰਤਾਂ ਵਿਰੁੱਧ ਹਿੰਸਾ ਨਜਿੱਠਣਾ, ਪੁਲਿਸ ਨੂੰ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਨਾ, ਸਰਕਾਰੀ ਵਕੀਲਾਂ ਅਤੇ ਹੋਰ ਅਮਲੇ ਨੂੰ ਇਨ੍ਹਾਂ ਮਾਮਲਿਆਂ ਨੂੰ ਨਜਿੱਠਣ ਲਈ ਯੋਗ ਬਣਾਉਣ ਸਬੰਧੀ ਟ੍ਰੇਨਿੰਗ ਸ਼ਾਮਿਲ ਹੈ। ਇਸ ਵਿਚ ਔਰਤਾਂ ਅੰਦਰ ਜਾਗਰੂਕਤਾ ਪੈਦਾ ਕਰਨਾ ਸ਼ਾਮਿਲ ਹੈ ਤਾਂ ਕਿ ਉਹ ਐਸੇ ਮਾਮਲਿਆਂ ਪ੍ਰਤੀ ਸੁਚੇਤ ਰਹਿਣ।
ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਮੈਕਸੀਕੋ ਅੰਦਰ ਔਰਤਾਂ ਆਪਣੇ ਆਪ ਨੂੰ ਲਾਵਾਰਿਸ ਨਾ ਸਮਝਣ। ਜਦੋਂ ਵੀ ਐਸੀ ਘਟਨਾ ਵਾਪਰੇ ਤੁਰੰਤ ਰਿਪੋਰਟ ਕਰਨ। ਦੇਸ਼ ਦੀ ਰਾਸ਼ਟਰਪਤੀ ਉਨ੍ਹਾਂ ਨਾਲ ਹੈ ਅਤੇ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਵਚਨਬੱਧ ਹੈ। 13 ਨਵੰਬਰ, 2025 ਨੂੰ ਪ੍ਰੈਸ ਨੂੰ ਸੰਬੋਧਨ ਕਰਦੇ ਰਾਸ਼ਟਰਪਤੀ ਸ਼ੀਨਾਬੋਸ ਨੇ ਕਿਹਾ ਕਿ ‘ਜੇ ਉਹ ਰਾਸ਼ਟਰਪਤੀ ਨਾਲ ਐਸਾ ਵਰਤਾਓ ਕਰ ਸਕਦੇ ਹਨ ਤਾਂ ਦੇਸ਼ ਵਿਚ ਹੋਰ ਔਰਤਾਂ ਨਾਲ ਕੀ ਹੁੰਦਾ ਹੋਵੇਗਾ?’
ਮੈਕਸੀਕੋ ਦੇ 32 ਸੂਬਿਆਂ ਵਿਚ ਹੁਣ ਔਰਤਾਂ ਤੇ ਜਿਨਸੀ ਹਮਲਾ, ਛੇੜਛਾੜ, ਤੰਗ ਪ੍ਰੇਸ਼ਾਨ ਕਰਨਾ ਘਿਨਾਉਣਾ ਅਪਰਾਧ ਮੰਨਿਆ ਜਾਵੇਗਾ। ਇਸ ਸਬੰਧੀ ਇੱਕ ਐਸਾ ਫੈਡਰਲ ਕਾਨੂੰਨ ਘੜਿਆ ਜਾਵੇਗਾ ਜਿਸ ਅਨੁਸਾਰ ਦੋਸ਼ੀ ਵਿਅਕਤੀਆਂ ਨੂੰ 6 ਤੋਂ 10 ਸਾਲ ਤੱਕ ਜੇਲ੍ਹ ਯਾਤਰਾ ਦੀ ਸਜ਼ਾ ਦਿੱਤੀ ਜਾਵੇਗੀ।
ਸੱਤਾਧਾਰੀ ਮੋਰੇਨਾ ਪਾਰਟੀ ਨਾਲ ਸਬੰਧਿਤ ਸੈਂਨਟਰ ਮਾਰਥਾ ਲੂਸੀਆ ਮਿਚਰ ਦਾ ਕਹਿਣਾ ਹੈ ਕਿ ਔਰਤਾਂ ਦੇ ਜਿਨਸੀ ਸੋਸ਼ਣ ਸਬੰਧੀ ਮੌਜੂਦਾ ਢੰਡ ਕੋਡ ਵਿਚ ਤਬਦੀਲੀ ਲਿਆਂਦੀ ਜਾਵੇਗੀ। ਸੈਨੇਟ ਸਦਨ ਐਸਾ ਕਦਮ ਉਠਾਏਗਾ ਕਿਉਂਕਿ ਹੁਣ ਸਿਰੋਂ ਪਾਣੀ ਲੰਘ ਰਿਹਾ ਹੈ। ਇਹ ਅਪਰਾਧ ਤਾਂ ਹੁਣ ਬੇਖੌਫ ਜੱਜਾਂ ਦੀਆਂ ਧੀਆਂ, ਭੈਣਾਂ, ਔਰਤਾਂ ਤੱਕ ਪੁੱਜ ਚੁੱਕਾ ਹੈ। ਇਹ ਪੁਲਿਸ, ਫੌਜ, ਚਰਚ, ਮੰਦਰ, ਮਸਜਿਦ, ਗੁਰਦੁਆਰੇ ਵਿਚ ਘੁੱਸ ਚੁੱਕਾ ਹੈ।
ਜਨੇਵਾ ਸਥਿਤ ਅੰਤਰ ਪਾਰਲੀਮੈਂਟਰੀ ਯੂਨੀਅਨ ਸਬੰਧਿਤ ਆਗੂ ਜੈਨਾ ਹਿਲਾਲ ਦਾ ਕਹਿਣਾ ਹੈ ਮੈਕਸੀਕੋ ਰਾਸ਼ਟਰਪਤੀ ਤੇ ਜਿਨਸੀ ਹਮਲਾ ਦਰਸਾਉਂਦਾ ਕਿ ਔਰਤਾਂ ਕਿਸ ਕਿਸਮ ਦੇ ਵਤੀਰੇ ਦਾ ਸ਼ਿਕਾਰ ਹਨ। ਸੰਨ 2016 ਵਿਚ ਇਸ ਯੂਨੀਅਨ ਵੱਲੋਂ 39 ਦੇਸ਼ਾਂ ਦੀਆਂ 55 ਰਾਜਨੀਤੀਵਾਨਾਂ ਅਧਾਰਿਤ ਕਰਾਏ ਸਰਵੇ ਵਿਚ 82 ਪ੍ਰਤੀਸ਼ਤ ਔਰਤਾਂ ਨੇ ਜਿਨਸੀ ਸੋਸ਼ਣ ਹੋਣਾ ਮੰਨਿਆ, 44 ਪ੍ਰਤੀਸ਼ਤ ਨੇ ਕੱਤਲ ਅਤੇ ਬਲਾਤਕਾਰ ਕਰਨ ਦੀਆਂ ਧਮਕੀਆਂ ਦਾ ਜ਼ਿਕਰ ਕੀਤਾ। ਇਸ ਕਰਕੇ ਬਰਤਾਨੀਆ ਤੋਂ ਕੈਨੇਡਾ ਤੱਕ ਔਰਤ ਰਾਜਨੀਤੀਵਾਨਾਂ ਨੇ ਰਾਜਨੀਤੀ ਤੋਂ ਕਿਨਾਰਾ ਕਰਨਾ ਸਹੀ ਮੰਨਿਆ।
ਭਰਮਭੁਲੇਖਾ : ‘ਮੈਕਸੀਕੋ ਇੰਟਰਸੈਕਟਾਂ ਔਰਤ ਗਰੁੱਪ ਮੁਖੀ ਅਤੇ ਕਾਨੂੰਨੀ ਮਾਹਿਰ ਐਸਟੇਫਾਨੀਆ ਵੇਲਾ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਤੇ ਜਿਨਸੀ ਹਮਲੇ ਬਾਅਦ ਦੰਡ ਕੋਡ ਬਦਲਣ ਸਬੰਧੀ ਕਾਨੂੰਨ ਲਿਆਉਣਾ ਇਸ ਸਮੱਸਿਆ ਦਾ ਹੱਲ ਨਹੀਂ। ਔਰਤ ਨਾਲ ਜਿਨਸੀ ਸੋਸ਼ਣ ਦਾ ਕਾਰਣ ਮੁੱਖ ਤੌਰ ’ਤੇ ਇਹੀ ਹੈ ਕਿ ਉਹ ਔਰਤ ਹੈ। ਪ੍ਰੋ. ਕਾਰਡੋਨਾ ਦਾ ਕਹਿਣਾ ਹੈ ਕਿ ਉਹ 15 ਸਾਲ ਦੀ ਜਦੋਂ ਮੱਕੇ ਹੱਜ ਤੇ ਗਈ ਤਾਂ ਉਸ ਨੂੰ ਦੋ ਵਾਰ ਜਿਨਸੀ ਹਮਲੇ ਦਾ ਸ਼ਿਕਾਰ ਬਣਾਇਆ। ਇੱਕ ਹਮਲਾ ਤਾਂ ਸਾਊਦੀ ਅਰਬ ਦੇ ਪੁਲਸੀਏ ਨੇ ਕੀਤਾ। ਜਦੋਂ ਸੰਨ 2018 ਵਿਚ ਉਸਨੇ ਇਸਦਾ ਆੱਨਲਾਈਨ ਇੰਕਸ਼ਾਫ ਕੀਤਾ ਤਾਂ ਅਨੇਕ ਮੁਸਲਿਮ ਔਰਤਾਂ ਨੇ ਅਜਿਹੇ ਹਮਲੇ ਹੱਜ ਸਮੇਂ ਉਨ੍ਹਾਂ ’ਤੇ ਹੋਏ ਮੰਨੇ। ਪਰ ਹੁਣ 50 ਸਾਲ ਦੀ ਉਮਰ ਵਿਚ ਇੱਕ ਡਾਂਸ ਕਲੱਬ ਵਿਚ ਉਸ ’ਤੇ ਹਮਲਾ ਕਰਨ ਵਾਲੇ ਨੂੰ ਉਸ ਨੇ ਖੂਬ ਕੁਟਾਪਾ ਚਾੜ ਕੇ ਸਬਕ ਸਿਖਾਉਣ ਦਾ ਇੰਕਸ਼ਾਫ਼ ਇਸ ਲਈ ਕੀਤਾ ਕਿ ਔਰਤਾਂ ਆਪਣੀ ਰਾਖੀ ਲਈ ਆਪ ਅੱਗੇ ਆਉਣ।
ਦਰਅਸਲ ਸਜ਼ਾਵਾਂ ਨਾਲ ਐਸੇ ਹਮਲੇ ਰੁਕਣ ਵਾਲੇ ਨਹੀਂ। ਲੋੜ ਸਿੱਖਿਆ ਸਿਲੇਬਸ ਵਿਚ ਤਬਦੀਲੀ, ਸਭਿਆਚਾਰਕ ਬਦਲਾਅ, ਔਰਤਾਂ ਨੂੰ ਐਸੇ ਅਪਰਾਧਾਂ ਵਿਰੁੱਧ ਜਾਗ੍ਰਿਤ ਕਰਨ, ਇਨ੍ਹਾਂ ਦੀ ਰੋਕਥਾਮ ਲਈ ਉਨ੍ਹਾਂ ਨੂੰ ਸੰਗਠਿਤ ਕਰਨ ਦੀ ਲੋੜ ਹੈ। ਮਾਨਵੀ ਵਰਤਾਰਾ ਔਰਤ ਦੇ ਸ਼ਕਤੀਕਰਨ ਬਗੈਰ ਬਦਲਣ ਵਾਲਾ ਨਹੀਂ। ਜ਼ਰਾ ਕੁ ਕੁਤਾਹੀ ਔਰਤ ਨੂੰ ਸਰੀਰਕ, ਮਾਨਸਿਕ, ਮਨੋਵਿਗਿਆਨਿਕ, ਸਮਾਜਿਕ, ਪਰਿਵਾਰਕ ਪੱਖੋਂ ਦਾਗਦਾਰ ਕਰ ਦਿੰਦੀ ਹੈ।
ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ
ਕਿੰਗਸਟਨ -ਕੈਨੇਡਾ
+12898292929


