ਖਟਕੜ ਕਲਾਂ ਵਿਖੇ ਪਹੁੰਚੇ CM ਮਾਨ ਨੇ ਕੀ ਕੀ ਕਿਹਾ ? ਪੜ੍ਹੋ, ਨੀਹ ਪੱਥਰ ਵੀ ਰੱਖਿਆ
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਿੰਨੇ ਲੋਕ ਸੋਚਦੇ ਹਨ ਕਿ ਇਹ ਮੇਰਾ ਪਲਾਟ ਹੈ, ਇਸਨੂੰ ਖਰੀਦ ਲਓ ਜਾਂ ਵੇਚ ਲਓ। ਉਨ੍ਹਾਂ ਸਵਾਲ ਕੀਤਾ ਕਿ ਕੀ ਕਿਸੇ ਨੇ ਕਦੇ ਸੋਚਿਆ ਕਿ ਭਗਤ ਸਿੰਘ ਦੇ ਖਾਤੇ

By : Gill
ਖਟਕੜ ਕਲਾਂ ਵਿਖੇ ਵਿਰਾਸਤੀ ਹੈਰੀਟੇਜ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ
ਖਟਕੜ ਕਲਾਂ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਵਿਰਾਸਤੀ ਹੈਰੀਟੇਜ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ 'ਤੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦੀ ਇਸ ਲਈ ਨਹੀਂ ਮਿਲੀ ਸੀ ਕਿ ਇੱਥੇ ਠੱਗੀਆਂ ਮਾਰੀਆਂ ਜਾਣ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਅਸੀਂ ਤਾਂ ਸ਼ਹੀਦਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਹਾਂ। ਉਨ੍ਹਾਂ ਦੱਸਿਆ ਕਿ ਇਹ ਆਧੁਨਿਕ ਕੰਪਲੈਕਸ 52 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ, ਜੋ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਨੂੰ ਸੰਭਾਲਣ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਨ ਵਿੱਚ ਮਦਦ ਕਰੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਿੰਨੇ ਲੋਕ ਸੋਚਦੇ ਹਨ ਕਿ ਇਹ ਮੇਰਾ ਪਲਾਟ ਹੈ, ਇਸਨੂੰ ਖਰੀਦ ਲਓ ਜਾਂ ਵੇਚ ਲਓ। ਉਨ੍ਹਾਂ ਸਵਾਲ ਕੀਤਾ ਕਿ ਕੀ ਕਿਸੇ ਨੇ ਕਦੇ ਸੋਚਿਆ ਕਿ ਭਗਤ ਸਿੰਘ ਦੇ ਖਾਤੇ ਵਿੱਚ ਕਿੰਨੇ ਪੈਸੇ ਸਨ ? ਉਨ੍ਹਾਂ ਕਿਹਾ ਕਿ ਲੋਕ ਪੈਸਿਆਂ ਨਾਲ ਵੱਡੇ ਨਹੀਂ ਹੋ ਜਾਂਦੇ, ਸਗੋਂ ਲੋਕ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਦੇ ਹਨ ਜਿਨ੍ਹਾਂ ਨੇ ਲੋਕਾਂ ਦੇ ਦਿਲਾਂ ਵਿੱਚ ਖਾਤੇ ਖੋਲ੍ਹੇ ਹੋਣ। ਭਗਤ ਸਿੰਘ ਹੋਰਾਂ ਨੇ ਲੋਕਾਂ ਦੇ ਦਿਲਾਂ ਵਿੱਚ ਖਾਤੇ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਹਰ ਸਾਲ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਅਤੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਵਾਲੇ ਨਵੇਂ ਕੈਲੰਡਰ ਲੈ ਕੇ ਆਉਂਦੇ ਹਾਂ, ਕਿਉਂਕਿ ਉਨ੍ਹਾਂ ਨੇ ਦਿਲਾਂ ਵਿੱਚ ਥਾਂ ਬਣਾਈ ਹੈ ਅਤੇ ਸਰਬੰਸ ਵਾਰਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਉਹ ਅੱਜ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੇ ਹਨ ਕਿ ਇਹ ਇਨਕਲਾਬੀ ਜੋਸ਼ ਡਿਜੀਟਲ ਅਤੇ ਨਵੀਨਤਮ ਢੰਗ ਨਾਲ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਲਾਇਬ੍ਰੇਰੀ ਵੀ ਬਣੇਗੀ ਅਤੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਪ੍ਰੋਜੈਕਟ ਵਿੱਚ ਇੱਕ ਰੁਪਈਆ ਵੀ ਇੱਧਰ-ਉੱਧਰ ਨਹੀਂ ਹੋਵੇਗਾ, ਕਿਉਂਕਿ ਜੇਕਰ ਭਗਤ ਸਿੰਘ ਦੇ ਨਾਂ 'ਤੇ ਬਣੇ ਪੈਸਿਆਂ ਵਿੱਚੋਂ ਵੀ ਕੋਈ ਪੈਸੇ ਖਾ ਗਿਆ, ਤਾਂ ਉਸ ਤੋਂ ਵੱਡਾ ਪਾਪੀ ਕੌਣ ਹੋਵੇਗਾ ? ਉਨ੍ਹਾਂ ਅਫਸੋਸ ਪ੍ਰਗਟ ਕੀਤਾ ਕਿ ਅਜਿਹੇ ਲੋਕ ਹਨ ਜੋ ਸ਼ਹੀਦਾਂ ਦੇ ਨਾਂ 'ਤੇ ਵੀ ਪੈਸੇ ਖਾ ਜਾਂਦੇ ਹਨ, ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ। ਉਨ੍ਹਾਂ ਇੱਕ ਪੰਜਾਬੀ ਕਹਾਵਤ ਦਾ ਜ਼ਿਕਰ ਕੀਤਾ ਕਿ ਡੈਣ ਵੀ ਸੱਤ ਘਰ ਛੱਡ ਦਿੰਦੀ ਹੈ, ਪਰ ਇਹ ਲੋਕ ਇੱਕ ਵੀ ਨਹੀਂ ਛੱਡਦੇ, ਆਪਣੇ ਭਰਾ, ਚਾਚੇ, ਮਾਮੇ ਜਾਂ ਹੋਰ ਰਿਸ਼ਤੇਦਾਰਾਂ ਨੂੰ ਵੀ ਨਹੀਂ ਬਖਸ਼ਦੇ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਹੁਣ ਉਨ੍ਹਾਂ ਦੀ ਇੱਕੋ ਹੀ ਜ਼ਿੰਮੇਵਾਰੀ ਹੈ ਕਿ ਜੋ ਚਿੱਟੇ (ਨਸ਼ੇ) ਦਾ ਕਲੰਕ ਲੱਗਿਆ ਹੈ, ਉਸਨੂੰ ਧੋਣਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਬਹੁਤ ਸਾਥ ਦੇ ਰਹੀਆਂ ਹਨ ਅਤੇ ਮਤੇ ਪਾ ਕੇ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋ ਨਸ਼ੇ ਵਿਰੁੱਧ ਯੁੱਧ ਛੇੜਿਆ ਹੋਇਆ ਹੈ, ਉਹ ਸ਼ਹੀਦਾਂ ਨੂੰ ਇੱਕ ਛੋਟੀ ਜਿਹੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਵੱਡੇ ਲੋਕ ਫੜੇ ਜਾ ਰਹੇ ਹਨ, ਅਤੇ ਜਦੋਂ ਉਹ ਫੜੇ ਜਾ ਰਹੇ ਹਨ ਤਾਂ ਕਈ ਲੋਕ ਉਨ੍ਹਾਂ ਦੀ ਹਮਾਇਤ ਵਿੱਚ ਆ ਰਹੇ ਹਨ, ਜਿਸ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਕੌਣ-ਕੌਣ ਰਲੇ ਹੋਏ ਸਨ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਨੂੰ ਪਤਾ ਲੱਗ ਗਿਆ ਹੈ ਕਿ ਕੌਣ-ਕੌਣ ਮਿਲੇ ਹੋਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਪੁੱਛਦਾ ਹੈ ਕਿ ਇੰਨਾ ਸਮਾਂ ਕਿਉਂ ਲੱਗਾ, ਤਾਂ ਇਸਦਾ ਜਵਾਬ ਇਹ ਹੈ ਕਿ ਕੇਸ ਇੰਨੇ ਖਰਾਬ ਕੀਤੇ ਗਏ ਸਨ ਕਿ ਸਾਨੂੰ ਉਨ੍ਹਾਂ ਨੂੰ ਠੀਕ ਕਰਨ ਵਿੱਚ ਸਮਾਂ ਲੱਗਿਆ, ਪਰ ਹੁਣ ਜਦੋਂ ਅਸੀਂ ਉਨ੍ਹਾਂ ਨੂੰ ਠੀਕ ਕਰ ਲਿਆ ਹੈ, ਤਾਂ ਕੋਈ ਬਖਸ਼ਿਆ ਨਹੀਂ ਜਾਵੇਗਾ। ਹੁਣ ਕੋਈ ਨਹੀਂ ਬਚੇਗਾ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਕਾਗਜ਼ ਤਿਆਰ ਹਨ, ਕਿਸੇ ਦਾ ਕਿਸੇ ਕੇਸ ਵਿੱਚ, ਕਿਸੇ ਦਾ ਕਿਸੇ ਹੋਰ ਵਿੱਚ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਇਆ ਜਾਵੇ, ਰੰਗਲਾ ਪੰਜਾਬ ਬਣਾਇਆ ਜਾਵੇ, ਹੱਸਦਾ ਖੇਡਦਾ ਪੰਜਾਬ ਬਣਾਇਆ ਜਾਵੇ, ਗੁਰੂਆਂ, ਪੀਰਾਂ, ਫਕੀਰਾਂ ਅਤੇ ਸ਼ਹੀਦਾਂ ਦੀ ਧਰਤੀ ਬਣਾਇਆ ਜਾਵੇ।


