ਖਾਲਸਾ ਪੰਥ ਦੇ ਹਿੱਤਾਂ ਨਾਲ ਕਦੇ ਸਮਝੌਤਾ ਨਹੀਂ ਕਰਾਂਗੇ : ਸੁਖਬੀਰ ਸਿੰਘ ਬਾਦਲ
ਬਿਕਰਮ ਸਿੰਘ ਮਜੀਠੀਆ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੰਮ੍ਰਿਤਸਰ ਤੋਂ ਦਿੱਲੀ ਮਾਰਚ ਕੱਢਣ ਦਾ ਸੱਦਾ
By : Jasman Gill
ਬੰਦੀ ਸਿੰਘ ਗੁਰਦੀਪ ਸਿੰਘ ਖੇੜਾ ਨੇ ਰੱਖੜ ਪੁੰਨਿਆ ਮੇਲੇ ’ਤੇ ਅਕਾਲੀ ਦਲ ਦੀ ਕੀਤੀ ਡਟਵੀਂ ਹਮਾਇਤ, ਲੋਕਾਂ ਨੂੰ ਪੰਜਾਬ ’ਚ ਆਮ ਹਾਲਾਤ ਬਹਾਲ ਕਰਨ ਵਾਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਸ਼ਾਂਤੀ ਭੰਗ ਕਰਨ ਵਾਲਿਆਂ ਨਾਲ ਕਰਨ ਦੀ ਕੀਤੀ ਅਪੀਲ
ਬਾਬਾ ਬਕਾਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਉਹ ਕਦੇ ਵੀ ਖਾਲਸਾ ਪੰਥ ਦੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਨਗੇ ਅਤੇ ਹਮੇਸ਼ਾ ਪੰਜਾਬ ਦੇ ਵਿਕਾਸ ਵਾਸਤੇ ਕੰਮ ਕਰਨਗੇ।
ਇਤਿਹਾਸਕ ਰੱਖੜ ਪੁੰਨਿਆ ਦੇ ਮੌਕੇ ’ਤੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪੰਥ ਨੂੰ ਅਪੀਲ ਕੀਤੀ ਕਿ ਉਹ ਗੱਦਾਰਾਂ ਦੀ ਹਮੇਸ਼ਾ ਮਨ ਵਿਚ ਪਛਾਣ ਕਰਨ ਅਤੇ ਕਿਹਾ ਕਿ ਇਹ ਉਹੀ ਲੋਕ ਹਨ ਜੋ ਏਜੰਸੀਆਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਉਹ ਕੌਮ ਦੇ ਅੰਦਰੋਂ ਤੇ ਬਾਹਰੋਂ ਦੋਵਾਂ ਥਾਵਾਂ ਤੋਂ ਖ਼ਤਰੇ ਨੂੰ ਪਛਾਣਨ ਅਤੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜ ਦਿੱਤੀ ਗਈ ਤੇ ਹਰਿਆਣਾ ਵਿਚ ਵੱਖਰੀ ਕਮੇਟੀ ਇਕ ਗਿਣਤੀ ਮਿਥੀ ਯੋਜਨਾ ਤਹਿਤ ਬਣਾਈ ਗਈ। ਉਹਨਾਂ ਕਿਹਾ ਕਿ ਹੁਣਅਸੀਂ ਵੇਖ ਰਹੇ ਹਾਂ ਕਿ ਕਿਵੇਂ ਆਰ ਐਸ ਐਸ ਤੇ ਭਾਜਪਾ ਨੇ ਤਖਤ ਸ੍ਰੀ ਹਜ਼ੁਰ ਸਾਹਿਬ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਬਜ਼ਾ ਕਰ ਲਿਆ ਹੈ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੀਆਂ ਸੰਸਥਾਵਾਂ ’ਤੇ ਇਹ ਹਮਲਾ ਨਾ ਰੋਕਿਆ ਤਾਂ ਕੱਲ੍ਹ ਨੂੰ ਦੋਸ਼ ਸਾਡੇ ਸਿਰ ਹੀ ਆਵੇਗਾ।
ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਕਿਵੇਂ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੇ ਰਾਜਕਾਲ ਵਿਚ 17 ਵਾਰ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਬਾਰੇ ਕਦੇ ਕੋਈ ਗੱਲ ਨਹੀਂ ਕੀਤੀ ਤੇ ਉਹਨਾਂ ਦੀ ਸਰਕਾਰ ਇਹਨਾਂ ਘਿਨੌਣੇ ਕਾਰਿਆਂ ਦੇ ਦੋਸ਼ੀਆਂ ਨੂੰ ਫੜਨ ਵਿਚ ਨਾਕਾਮ ਰਹੀ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਮੁੱਖ ਮੰਤਰੀ ਨੇ ਆਪ ਪੁਲਿਸ ਨੂੰ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰਨ ਦੇ ਹੁਕਮ ਦੇ ਕੇ ਮਰਿਆਦਾ ਦੀ ਉਲੰਘਣਾ ਕੀਤੀ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਪਿਛਲੇ ਸਾਢੇ ਸੱਤ ਸਾਲਾਂ ਦੌਰਾਨ ਕਾਂਗਰਸ ਤੇ ਆਪ ਦੇ ਰਾਜਕਾਲ ਵਿਚ ਪੰਜਾਬ ਹਰ ਖੇਤਰ ਵਿਚ ਪਿਛਾਂਹ ਹੀ ਹੁੰਦਾ ਚਲਾ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਨੇ ਵੱਡੇ-ਵੱਡੇ ਵਾਅਦੇ ਕੀਤੇ ਪਰ ਉਹ ਕਿਸਾਨਾਂ ਨੂੰ ਕਰਜ਼ੇ ਦੇ ਜਾਲ ਵਿਚੋਂ ਮੁਕਤ ਕਰਨ ਵਿਚ ਨਾਕਾਮ ਰਹੀਆਂ ਅਤੇ ਨਾ ਹੀ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਆਂ। ਉਹਨਾਂ ਕਿਹਾ ਕਿ ਪਿਛਲੇ ਸੱਤ ਤੋਂ ਜ਼ਿਆਦਾ ਸਾਲਾਂ ਤੋਂ ਪੰਜਾਬ ਵਿਚ ਕੋਈ ਵਿਕਾਸ ਨਹੀਂ ਹੋਇਆ।
ਉਹਨਾਂ ਕਿਹਾ ਕਿ ਜਿਹੜਾ ਵੀ ਵਿਕਾਸ ਤੁਸੀਂ ਵੇਖ ਰਹੇ ਹੋ, ਇਹ ਸਾਰਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ, ਭਾਵੇਂ ਉਹ ਐਕਸਪ੍ਰੈਸਵੇਅ ਬਣਾਉਣ ਦੀ ਗੱਲ ਹੋਵੇ, ਥਰਮਲ ਪਲਾਂਟ ਜਿਹਨਾਂ ਨੇ ਸੂਬੇ ਨੂੰ ਬਿਜਲੀ ਸਰਪਲੱਸ ਬਣਾਇਆ, ਉਹਨਾਂ ਦੀ ਗੱਲ ਹੋਵੇ, ਹਵਾਈ ਅੱਡਿਆਂ ਦੀ ਸਥਾਪਨਾ ਹੋਵੇ ਜਾਂ ਫਿਰ ਆਟਾ ਦਾਲ ਸਕੀਮ ਤੇ ਐਸ ਸੀ ਸਕਾਲਰਸ਼ਿਪ ਵਰਗੀਆਂ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਹੋਣ, ਸਭ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੋਣ ਸਮੇਂ ਕੀਤੇ ਗਏ ਕੰਮ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ 3.5 ਲੱਖ ਦਲਿਤ ਵਿਦਿਆਰਥੀਆਂ ਨੂੰ ਐਸ ਸੀ ਸਕਾਲਰਸ਼ਿਪ ਸਕੀਮ ਅਧੀਨ ਮੁਫਤ ਵਿਦਿਆ ਮਿਲਦੀ ਸੀ। ਉਹਨਾਂ ਕਿਹਾ ਕਿ ਵਾਰ-ਵਾਰ ਦੇ ਘੁਟਾਲਿਆਂ ਤੇ ਕੁਪ੍ਰਬੰਧਨ ਕਾਰਣ ਹੁਣ ਇਹ ਗਿਣਤੀ ਘੱਟ ਕੇ ਪ੍ਰਤੀ ਸਾਲ ਇਕ ਸਾਲ ਤੋਂ ਵੀ ਘੱਟ ਰਹਿ ਗਈ ਹੈ।
ਕਾਨਫਰੰਸ ਦੌਰਾਨ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਖੁੱਲ੍ਹ ਕੇ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਵਿਚ ਆਏ। ਬੰਦੀ ਸਿੰਘ ਨੇ ਆਪਣੇ ਜੋਸ਼ੀਲੇ ਭਾਸ਼ਣ ਵਿਚ ਭਾਈ ਜਸਬੀਰ ਸਿੰਘ ਰੋਡੇ ਅਤੇ ਬਲਜੀਤ ਸਿੰਘ ਦਾਦੂਵਾਲ ਸਮੇਤ ਉਹਨਾਂ ਨੂੰ ਬੇਨਕਾਬ ਕੀਤਾ ਜੋ ਕੇਂਦਰੀ ਏਜੰਸੀਆਂ ਦੇ ਪਿੱਠੂ ਬਣੇ ਹੋਏ ਹਨ ਅਤੇ ਮਨਜਿੰਦਰ ਸਿੰਘ ਸਿਰਸਾ ਤੇ ਇਕਬਾਲ ਸਿੰਘ ਲਾਲਪੁਰਾ ਵਰਗੇ ਸਿਆਸਤਦਾਨ ਜੋ ਬੰਦੀ ਸਿੰਘਾਂ ਦੇ ਹਿੱਤਾਂ ਦੇ ਖਿਲਾਫ ਕੰਮ ਕਰ ਰਹੇ ਹਨ। ਭਾਈ ਖੇੜਾ ਨੇ ਪ੍ਰੇਮ ਸਿੰਘ ਚੰਦੂਮਾਜਰਾ ’ਤੇ ਵੀ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਉਸਨੇ ਹੀ ਅਪਰੇਸ਼ਨ ਬਲੈਕ ਥੰਡਰ ਵੇਲੇ ਸ੍ਰੀ ਦਰਬਾਰ ਸਾਹਿਬ ਵਿਚ ਪੁਲਿਸ ਦੀ ਅਗਵਾਈ ਕੀਤੀ। ਬੰਦੀ ਸਿੰਘ ਨੇ ਕਿਹਾ ਕਿ ਦੂਜੇ ਪਾਸੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹਨ ਜਿਹਨਾਂ ਨੇ ਅਨੇਕਾਂ ਬੰਦੀ ਸਿੰਘਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕਰਵਾਇਆ ਅਤੇ ਬਾਅਦ ਵਿਚ ਉਹਨਾਂ ਨੂੰ ਪੈਰੋਲ ਦਿੱਤੀ। ਉਹਨਾਂ ਨੇ ’ਸੰਗਤ’ ਨੂੰ ਆਖਿਆ ਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਨੂੰ ਚੁਣਨ ਜਿਸਦੇ ਰਾਜ ਦੌਰਾਨ ਸੂਬੇ ਵਿਚ ਆਮ ਹਾਲਾਤ ਬਹਾਲ ਹੋਏ ਜਾਂ ਫਿਰ ਉਹਨਾਂ ਨੂੰ ਜੋ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ।
ਇਸ ਮੌਕੇ ਆਪਣੇ ਜ਼ਬਰਦਸਤ ਭਾਸ਼ਣ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਕਿਵੇਂ ਬੰਦੀ ਸਿੰਘਾਂ ਨਾਲ ਅਨਿਆਂ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਲਗਾਤਾਰ ਜੇਲ੍ਹ ਵਿਚ ਰੱਖਿਆ ਹੋਇਆ ਹੈ ਜੋ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਸਰਦਾਰ ਮਜੀਠੀਆ ਨੇ ਕੇਂਦਰ ਨੂੰ ਸਵਾਲ ਕੀਤਾ ਕਿ ਉਹ ਬਿਲਕਿਸ ਬਾਨੋ ਨਾਲ ਜ਼ਬਰ ਜਨਾਹ ਕਰਨ ਵਾਲਿਆਂ ਦੀ ਰਿਹਾਈ ਅਤੇ ਖਤਰਨਾਕ ਅਪਰਾਧੀ ਗੁਰਮੀਤ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਦੇਣ ਨੂੰ ਕਿਵੇਂ ਜਾਇਜ਼ ਠਹਿਰਾ ਸਕਦਾ ਹੈ ਜਦੋਂ ਕਿ ਬੰਦੀ ਸਿੰਘਾਂ ਨੂੰ ਨਿਆਂ ਦੇਣ ਤੋਂ ਵਾਰ-ਵਾਰ ਇਨਕਾਰ ਕੀਤਾ ਜਾ ਰਿਹਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਅਸੀਂ ਉਸ ਸਰਕਾਰ ਤੋਂ ਸਾਡੀ ਉਸ ਭੈਣ ਨੂੰ ਨਿਆਂ ਦੇਣ ਦੀ ਆਸ ਕਿਵੇਂ ਕਰ ਸਕਦੇ ਹਾਂ ਜਿਸ ਨਾਲ ਕੁਝ ਦਿਨ ਪਹਿਲਾਂ ਪੱਛਮੀ ਬੰਗਾਲ ਵਿਚ ਜ਼ਬਰ ਜਨਾਹ ਕੀਤਾ ਗਿਆ ਤੇ ਫਿਰ ਉਸਦਾ ਕਤਲ ਕਰ ਦਿੱਤਾ ਗਿਆ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰਪਤੀ ਨੂੰ ਚਿੱਠੀ ਲਿਖਣ ਅਤੇ ਉਹਨਾਂ ਦੇ ਧਿਆਨ ਵਿਚ ਲਿਆਉਣ ਕਿ 26 ਲੱਖ ਪੰਜਾਬੀਆਂ ਨੇ ਉਸ ਅਪੀਲ ’ਤੇ ਹਸਤਾਖ਼ਰ ਕੀਤੇ ਹਨ ਜਿਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਅਪੀਲ ਕੀਤੀ ਗਈ ਹੈ।
ਸਰਦਾਰ ਮਜੀਠੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਿਆਂ ਅੰਮ੍ਰਿਤਸਰ ਤੋਂ ਦਿੱਲੀ ਤੱਕ ਮਾਰਚ ਦੀ ਸ਼ੁਰੂਆਤ ਕਰੇ। ਉਹਨਾਂ ਨੇ ਅਖੌਤੀ ਸੁਧਾਰ ਲਹਿਰ ਅਕਾਲੀ ਧੜੇ ਨੂੰ ਵੀ ਅਪੀਲ ਕੀਤੀ ਕਿ ਉਹ ਮੌਕਾਪ੍ਰਸਤੀ ਦੀ ਸਿਆਸਤ ਨਾ ਖੇਡਣ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚੁੱਕੇ ਗਏ ਕਦਮਾਂ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਕੰਮ ਵਾਸਤੇ ਬਣਾਈ ਗਈ ਕਮੇਟੀ ਦੇ ਮੈਂਬਰ ਬਲਜੀਤ ਸਿੰਘ ਦਾਦੂਵਾਲ ਤੇ ਹਰਮੀਤ ਸਿੰਘ ਕਾਲਕਾ ਨੇ ਇਸ ਕਦਮ ਨੂੰ ਤਹਿਸ ਨਹਿਸ ਕਰ ਦਿੱਤਾ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਸਵਾਲ ਕੀਤਾ ਕਿ ਉਹ ਦੱਸਣ ਕਿ ਗੁਰਮੀਤ ਰਾਮ ਰਹੀਮ ਦੇ ਖਿਲਾਫ ਧਾਰਾ 295 ਏ ਤਹਿਤ ਮੁਕੱਦਮਾ ਚਲਾਉਣ ਦੀ ਆਗਿਆ ਦੇਣ ਤੋਂ ਨਾਂਹ ਕਿਉਂ ਕੀਤੀ ਜਾ ਰਹੀ ਹੈ?
ਇਸ ਮੌਕੇ ਗੁਲਜ਼ਾਰ ਸਿੰਘ ਰਣੀਕੇ, ਡਾ. ਦਲਜੀਤ ਸਿੰਘ ਚੀਮਾ, ਬਲਜੀਤ ਸਿੰਘ ਜਲਾਲਉਸਮਾ, ਲਖਬੀਰ ਸਿੰਘ ਲੋਧੀਨੰਗਲ, ਵੀਰ ਸਿੰਘ ਲੋਪੋਕੇ, ਗੁਰਬਚਨ ਸਿੰਘ ਬੱਬੇਹਾਲੀ, ਸਰਬਜੀਤ ਸਿੰਘ ਝਿੰਜਰ ਅਤੇ ਰਾਜਨਬੀਰ ਸਿੰਘ ਨੇ ਵੀ ਸੰਬੋਧਨ ਕੀਤਾ।