Surrey ਤੋਂ Extortion ਨਾਲ ਜੁੜੇ ਮਾਮਲਿਆਂ ‘ਚ ਦੋ ਪੰਜਾਬੀਆਂ ਨੂੰ ਕੀਤਾ Deport
22 ਸਾਲਾ ਲਵਬੀਰ ਸਿੰਘ ਅਤੇ 26 ਸਾਲਾ ਸੁਖਨਾਜ਼ ਸੰਧੂ ਨੂੰ ਭੇਜਿਆ ਭਾਰਤ ਵਾਪਿਸ, ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਜੁੜੀਆਂ ਅਪਰਾਧਕ ਗਤੀਵਿਧੀਆਂ ਦੀ ਚੱਲ ਰਹੀ ਜਾਂਚ
By : Sandeep Kaur
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਵਧ ਰਹੀਆਂ ਐਕਸਟੋਰਸ਼ਨ ਅਤੇ ਗੈਂਗ ਸਰਗਰਮੀਆਂ ਦੇ ਮਾਮਲਿਆਂ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਦੋ ਨੌਜਵਾਨਾਂ ਨੂੰ ਡਿਪੋਰਟ ਕੀਤਾ ਗਿਆ ਹੈ। ਇਨ੍ਹਾਂ ਮਾਮਲਿਆਂ ਨੇ ਇੱਕ ਵਾਰ ਫਿਰ ਦਰਸਾਇਆ ਹੈ ਕਿ ਕਿਵੇਂ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਜੁੜੀਆਂ ਕੁਝ ਅਪਰਾਧਕ ਗਤੀਵਿਧੀਆਂ ਦੀ ਜਾਂਚ ਚੱਲ ਰਹੀ ਹੈ। ਪਹਿਲਾ ਮਾਮਲਾ 22 ਸਾਲਾ ਲਵਬੀਰ ਸਿੰਘ ਦਾ ਹੈ, ਜਿਸ ਨੂੰ ਪੁਲਿਸ ਵੱਲੋਂ ਐਕਸਟੋਰਸ਼ਨ ਨਾਲ ਜੁੜੇ ਇੱਕ ਗੋਲੀਬਾਰੀ ਮਾਮਲੇ ਵਿੱਚ ਸੰਦੇਹੀ ਵਜੋਂ ਦਰਸਾਇਆ ਗਿਆ ਸੀ। ਫੈਡਰਲ ਦਸਤਾਵੇਜ਼ਾਂ ਅਨੁਸਾਰ, 7 ਜਨਵਰੀ ਦੀ ਰਾਤ ਸਰੀ ਦੇ ਨਿਊਟਨ ਇਲਾਕੇ ਵਿੱਚ ਇੱਕ ਘਰ ‘ਤੇ ਗੋਲੀਬਾਰੀ ਕੀਤੀ ਗਈ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਘਰ ਦੇ ਮਾਲਕ ਨੂੰ ਇੱਕ ਦਿਨ ਪਹਿਲਾਂ ਹੀ 5 ਲੱਖ ਡਾਲਰ ਦੀ ਮੰਗ ਕਰਦੇ ਹੋਏ ਧਮਕੀ ਦਿੱਤੀ ਗਈ ਸੀ ਅਤੇ ਅਗਲੇ ਦਿਨ ਘਰ ਵੱਲ ਤਿੰਨ ਗੋਲੀਆਂ ਚਲਾਈਆਂ ਗਈਆਂ। ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਦੀ ਸੁਣਵਾਈ ਦੇ ਦਸਤਾਵੇਜ਼ਾਂ ਅਨੁਸਾਰ, ਸੀਸੀਟੀਵੀ ਫੁਟੇਜ ਵਿੱਚ ਲਵਬੀਰ ਸਿੰਘ ਨੂੰ ਇੱਕ ਜੀਪ ਤੋਂ ਉਤਰ ਕੇ ਦੂਜੀ ਕਾਰ ਦੀ ਪੈਸੇਂਜਰ ਸੀਟ ‘ਤੇ ਬੈਠਦੇ ਹੋਏ ਦੇਖਿਆ ਗਿਆ ਸੀ।
29 ਜਨਵਰੀ ਨੂੰ ਪੁਲਿਸ ਨੇ ਲਖਬੀਰ ਦੇ ਘਰ ‘ਤੇ ਤਲਾਸ਼ੀ ਵਾਰੰਟ ਲਾਗੂ ਕੀਤਾ ਅਤੇ ਉੱਥੇ ਹਥਿਆਰਾਂ ਨਾਲ ਸੰਬੰਧਤ ਸਬੂਤ ਮਿਲੇ। ਹਾਲਾਂਕਿ ਉਸ ਨੂੰ ਪਹਿਲਾਂ ਗ੍ਰਿਫਤਾਰ ਕਰਕੇ ਛੱਡ ਦਿੱਤਾ ਗਿਆ ਸੀ, ਪਰ ਬਾਅਦ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਦਸਤਾਵੇਜ਼ਾਂ ਮੁਤਾਬਕ, ਲਵਬੀਰ ਸਿੰਘ ਅਗਸਤ 2023 ਵਿੱਚ ਵਿਦਿਆਰਥੀ ਵੀਜ਼ਾ ‘ਤੇ ਕੈਨੇਡਾ ਆਇਆ ਸੀ ਅਤੇ ਵੈਂਕੂਵਰ ਦੇ ਕੋਲੰਬੀਆ ਕਾਲਜ ਵਿੱਚ ਪੜ੍ਹਦਾ ਸੀ। ਪਰ ਉਸ ਨੇ ਕਈ ਸੈਮੇਸਟਰਾਂ ਵਿੱਚ ਅਸਫਲ ਹੋਣ ਅਤੇ ਪੜ੍ਹਾਈ ਜਾਰੀ ਨਾ ਰੱਖਣ ਕਾਰਨ ਆਪਣੇ ਸਟੱਡੀ ਪਰਮਿਟ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ। ਇਮੀਗ੍ਰੇਸ਼ਨ ਬੋਰਡ ਨੇ ਉਸ ਨੂੰ ਜਨਤਕ ਸੁਰੱਖਿਆ ਲਈ ਖਤਰਾ ਕਰਾਰ ਦਿੰਦਿਆਂ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਅਤੇ ਬਾਅਦ ਵਿੱਚ ਉਸ ਦੀ ਡਿਪੋਰਟੇਸ਼ਨ ਦੀ ਕਾਰਵਾਈ ਕੀਤੀ ਗਈ।
ਦੂਜਾ ਮਾਮਲਾ 26 ਸਾਲਾ ਸੁਖਨਾਜ਼ ਸਿੰਘ ਸੰਧੂ ਨਾਲ ਜੁੜਿਆ ਹੈ, ਜਿਸ ਨੂੰ ਕੈਨੇਡੀਅਨ ਅਧਿਕਾਰੀਆਂ ਵੱਲੋਂ ਸਰੀ ਦੇ ਇੱਕ ਹਿੰਸਕ ਗੈਂਗ “ਦ ਰਫ਼ੀਅਨਜ਼” ਨਾਲ ਜੋੜਿਆ ਗਿਆ ਸੀ। ਸੰਧੂ ਨੂੰ 2020 ਵਿੱਚ ਹੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਗੈਂਗ ਨਾਲ ਸੰਬੰਧਿਤ ਹੋਣ ਦੇ ਸ਼ੱਕ ‘ਚ ਨਿਸ਼ਾਨਜ਼ਦ ਕੀਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਦੇ ਕਈ ਸਾਲਾਂ ਦੌਰਾਨ ਸੰਧੂ ਦੀ ਜ਼ਿੰਦਗੀ ਇੱਕ ਉੱਚ ਖਤਰੇ ਵਾਲੇ ਅਪਰਾਧਕ ਜੀਵਨ ਨਾਲ ਜੁੜੀ ਰਹੀ, ਜਿਸ ਵਿੱਚ ਹਥਿਆਰਾਂ ਦੇ ਮਾਮਲੇ, ਧੋਖਾਧੜੀ, ਚੋਰੀ ਕੀਤੀਆਂ ਗੱਡੀਆਂ ਅਤੇ ਗੋਲੀਬਾਰੀ ਦੇ ਮਾਮਲੇ ਸ਼ਾਮਲ ਸਨ। ਦਸਤਾਵੇਜ਼ਾਂ ਅਨੁਸਾਰ ਉਹ ਬ੍ਰਿਟਿਸ਼ ਕੋਲੰਬੀਆ ਤੋਂ ਓਨਟਾਰੀਓ ਅਤੇ ਫਿਰ ਐਡਮੰਟਨ ਤੱਕ ਗਿਆ ਅਤੇ ਹਰ ਜਗ੍ਹਾ ਉਸ ਦੇ ਪੁਲਿਸ ਨਾਲ ਟਕਰਾਅ ਦੇ ਮਾਮਲੇ ਸਾਹਮਣੇ ਆਏ। ਇਸ ਦੌਰਾਨ ਉਹ ਇਮੀਗ੍ਰੇਸ਼ਨ ਅਧਿਕਾਰੀਆਂ ਦੀ ਨਿਗਰਾਨੀ ਹੇਠ ਵੀ ਸੀ। ਸੰਧੂ ਨੇ ਕਈ ਵਾਰ ਰਿਹਾਈ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ, ਜਿਸ ਵਿੱਚ ਕਰਫਿਊ ਦੀ ਉਲੰਘਣਾ ਅਤੇ ਇਲੈਕਟ੍ਰਾਨਿਕ ਮਾਨੀਟਰਿੰਗ ਦੀਆਂ ਸ਼ਰਤਾਂ ਨਾ ਮੰਨਣਾ ਵੀ ਸ਼ਾਮਲ ਸੀ।
ਅਧਿਕਾਰੀਆਂ ਨੇ ਕਿਹਾ ਕਿ ਉਹ ਜਨਤਕ ਸੁਰੱਖਿਆ ਲਈ ਖਤਰਾ ਬਣਿਆ ਹੋਇਆ ਸੀ। ਹਾਲਾਂਕਿ ਸੰਧੂ ਨੇ ਦਾਅਵਾ ਕੀਤਾ ਕਿ ਉਸ ਨੂੰ ਕੈਨੇਡਾ ਵਿੱਚ ਕਿਸੇ ਵੀ ਅਪਰਾਧ ਲਈ ਦੋਸ਼ੀ ਨਹੀਂ ਠਹਿਰਾਇਆ ਗਿਆ, ਪਰ ਇਮੀਗ੍ਰੇਸ਼ਨ ਬੋਰਡ ਨੇ ਉਸ ਨੂੰ ਸੰਗਠਿਤ ਅਪਰਾਧ ਨਾਲ ਜੁੜੇ ਹੋਣ ਦੇ ਆਧਾਰ ‘ਤੇ ਕੈਨੇਡਾ ਵਿੱਚ ਅਣਮਨਜ਼ੂਰ ਕਰਾਰ ਦਿੱਤਾ। ਸੰਧੂ ਨੇ ਇਹ ਵੀ ਕਿਹਾ ਕਿ ਜੇ ਉਸ ਨੂੰ ਭਾਰਤ ਵਾਪਸ ਭੇਜਿਆ ਗਿਆ ਤਾਂ ਉਸ ਨੂੰ ਖਤਰਾ ਹੋ ਸਕਦਾ ਹੈ ਕਿਉਂਕਿ ਉਹ ਖਾਲਿਸਤਾਨ ਅੰਦੋਲਨ ਦਾ ਸਮਰਥਕ ਹੈ। ਪਰ ਅਧਿਕਾਰੀਆਂ ਨੂੰ ਇਸ ਦਾਅਵੇ ਦੇ ਹੱਕ ਵਿੱਚ ਪੱਕੇ ਸਬੂਤ ਨਹੀਂ ਮਿਲੇ। ਅਖੀਰਕਾਰ ਲੰਬੀ ਕਾਨੂੰਨੀ ਕਾਰਵਾਈ ਤੋਂ ਬਾਅਦ ਉਸ ਨੂੰ ਵੀ ਪਿਛਲੇ ਮਹੀਨੇ ਭਾਰਤ ਡਿਪੋਰਟ ਕਰ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਵਧ ਰਹੀਆਂ ਐਕਸਟੋਰਸ਼ਨ ਘਟਨਾਵਾਂ ਨੂੰ ਰੋਕਣ ਲਈ ਵੱਖ-ਵੱਖ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ ਅਤੇ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਤੇਜ਼ ਕਾਰਵਾਈ ਕੀਤੀ ਜਾ ਰਹੀ ਹੈ।


