ਓਨਟਾਰੀਓ 'ਚ ਬਣਨ ਜਾ ਰਹੇ ਦੋ ਨਵੇਂ ਗੁਰੂ ਘਰ, ਇਸ ਦਿਨ ਰੱਖਿਆ ਜਾਵੇਗਾ ਨੀਂਹ ਪੱਥਰ
ਗੁਰੂ ਨਾਨਕ ਸੇਵਾ ਕਮਿਊਨਿਟੀ ਸੈਂਟਰ, ਓਸ਼ਾਵਾ ਦਾ ਨੀਂਹ ਪੱਥਰ 17 ਅਗਸਤ ਨੂੰ ਰੱਖਿਆ ਜਾਵੇਗਾ, ਬਰੈਂਪਟਨ 'ਚ ਫਾਇਨੈਸ਼ਲ ਡ੍ਰਾਈਵ ਅਤੇ ਰੀਵਰਮਾਊਂਟ ਰੋਡ ਨੇੜੇ ਵੀ ਸਥਾਪਿਤ ਹੋਵੇਗਾ ਗੁਰੂ ਘਰ
By : Sandeep Kaur
ਪੰਜਾਬੀ ਭਾਈਚਾਰੇ ਦੇ ਲੋਕ ਵੱਡੀ ਗਿਣਤੀ 'ਚ ਕੈਨੇਡਾ ਪਹੁੰਚੇ ਹੋਏ ਹਨ ਜਿੰਨ੍ਹਾਂ ਵੱਲੋਂ ਸਿੱਖੀ ਨੂੰ ਪੂਰੀ ਤਰ੍ਹਾਂ ਨਾਲ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੱਲ ਕੀਤੀ ਜਾਵੇ ਓਨਟਾਰੀਓ ਦੀ ਤਾਂ ਉੱਥੋਂ ਦੇ ਸਿੱਖ ਭਾਈਚਾਰੇ ਵੱਲੋਂ ਓਸ਼ਵਾ 'ਚ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਗੁਰੂ ਨਾਨਕ ਸੇਵਾ ਕਮਿਊਨਿਟੀ ਸੈਂਟਰ ਲਈ ਨੀਂਹ ਪੱਥਰ ਸਮਾਰੋਹ ਐਤਵਾਰ, 17 ਅਗਸਤ, 2025 ਨੂੰ ਓਸ਼ਵਾ ਵਿੱਚ ਹੋ ਰਿਹਾ ਹੈ। ਇਹ ਸਮਾਗਮ ਇੱਕ ਅਜਿਹੀ ਜਗ੍ਹਾ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਜੋ ਸੇਵਾ, ਸੰਗਤ, ਅਤੇ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਡੂੰਘੀਆਂ ਜੜ੍ਹਾਂ ਵਾਲੇ ਨਵੇਂ ਆਉਣ ਵਾਲਿਆਂ ਲਈ ਸਮਰਥਨ ਨੂੰ ਸਮਰਪਿਤ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਗੁਰਦੁਆਰਾ ਸਾਹਿਬ ਓਸ਼ਵਾ ਵਿੱਚ ਪਹਿਲਾ ਸਿੱਖ ਕਮਿਊਨਿਟੀ ਸੈਂਟਰ ਹੈ, ਜੋ ਪੂਰੀ ਤਰ੍ਹਾਂ ਸੇਵਾ ਅਤੇ ਜ਼ਮੀਨੀ ਪੱਧਰ ਦੇ ਭਾਈਚਾਰਕ ਦ੍ਰਿਸ਼ਟੀਕੋਣ ਦੇ ਆਲੇ-ਦੁਆਲੇ ਬਣਾਇਆ ਜਾ ਰਿਹਾ ਹੈ। ਐੱਚਕੇਸੀ ਕੰਸਟ੍ਰਕਸ਼ਨ ਵੱਲੋਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ ਅਤੇ ਉਨ੍ਹਾਂ ਉਮੀਦ ਜਤਾਈ ਹੈ ਕਿ 1000 ਤੋਂ ਵੀ ਵੱਧ ਸੰਗਤਾਂ ਹਾਜ਼ਰੀ ਭਰਨਗੀਆਂ। ਇਸ ਮੌਕੇ 'ਤੇ ਪ੍ਰੀਮੀਅਰ ਆਫ ਓਨਟਾਰੀਓ ਮਾਣਯੋਗ ਡੱਗ ਫੋਰਡ, ਮਿਸੀਸਾਗਾ-ਮਾਲਟਨ ਦੇ ਐੱਮਪੀਪੀ ਦੀਪਕ ਆਨੰਦ, ਓਸ਼ਾਵਾ ਦੀ ਮੇਅਰ ਡੈਨ ਕਾਰਟਰ, ਡਰਹਮ ਖੇਤਰ ਦੇ ਚੇਅਰ ਜੌਨ ਹੈਨਰੀ ਦੇ ਪਹੁੰਚਣ ਦੀ ਵੀ ਉਮੀਦ ਹੈ। ਇਸ ਸਮਾਗਮ 17 ਅਗਸਤ ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਹੋਵੇਗਾ ਅਤੇ ਸਵੇਰੇ 11:00 ਵਜੇ ਨੀਂਹ ਪੱਥਰ ਰੱਖਿਆ ਜਾਵੇਗਾ। ਸਥਾਨ ਹੈ; 1410 ਸਟੀਵਨਸਨ ਰੋਡ ਐਨ, ਓਸ਼ਾਵਾ।
ਉੱਧਰ ਦੂਜੇ ਪਾਸੇ ਬਰੈਂਪਟਨ ਵਿੱਚ ਵੀ ਇੱਕ ਹੋਰ ਗੁਰਦੁਆਰਾ ਸਾਹਿਬ ਸਥਾਪਿਤ ਹੋਣ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਬਰੈਂਪਟਨ ਦੀ ਪ੍ਰਬੰਧਕ ਕਮੇਟੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਸਭ ਤੋਂ ਪਹਿਲਾਂ ਕਿਹਾ ਧੰਨਵਾਦ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਹਨਾਂ ਨੇ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਬਰੈਂਪਟਨ ਦੀ ਪ੍ਰਬੰਧਕ ਕਮੇਟੀ ਅਤੇ ਬਰੈਂਪਟਨ ਅਤੇ ਮਿਲਟਨ ਦੀ ਸੰਗਤ 'ਤੇ ਬਹੁਤ ਕਿਰਪਾ ਕੀਤੀ ਹੈ। ਉਨ੍ਹਾਂ ਦੀ ਅਪਾਰ ਕਿਰਪਾ ਸਦਕਾ ਅਸੀਂ ਫਾਇਨੈਸ਼ਲ ਡ੍ਰਾਈਵ ਅਤੇ ਰੀਵਰਮਾਊਂਟ ਰੋਡ ਦੇ ਕੋਨੇ 'ਤੇ ਤਕਰੀਬਨ 4 ਏਕੜ ਦੇ ਕਰੀਬ ਜ਼ਮੀਨ ਖਰੀਦੀ ਹੈ। ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਅਰਦਾਰ ਕਰੋ ਤਾਂ ਜੋ ਉਹ ਛੇਤੀ ਹੀ ਇਸ ਅਸਥਾਨ 'ਤੇ ਸੁੰਦਰ ਗੁਰਦੁਆਰਾ ਸਾਹਿਬ ਉਸਾਰ ਸਕਣ ਅਤੇ ਸੰਗਤਾਂ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰ ਸਕਣ। ਹਰਜੀਤ ਸਿੰਘ ਮੇਹਲੋ, ਹਰਨਾਮ ਸਿੰਘ ਗੁਰੋ, ਗੁਰਿੰਦਰ ਸਿੰਘ ਮੱਲੀ, ਬਲਦੇਵ ਸਿੰਘ ਸਹੋਤਾ, ਲਾਜਵੰਤ ਸਿੰਘ ਘੁੰਮਣ ਸਾਹਿਬ ਵੱਲੋਂ ਇਸ ਪਵਿੱਤਰ ਅਸਥਾਨ ਤੇ ਪਹੁੰਚ ਕੇ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਕੀਤੀ ਗਈ।


