ਕੈਨੇਡਾ 'ਚ ਟਰੱਕਾਂ ਦੀ ਟੱ.ਕਰ, ਮੌਕੇ 'ਤੇ 23 ਸਾਲਾ ਪੰਜਾਬੀ ਦੀ ਹੋਈ ਮੌ/ਤ
2 ਅਪ੍ਰੈਲ ਨੂੰ ਬੀਸੀ 'ਚ ਹਾਈਵੇ 16 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਸਵੇਰੇ ਕਰੀਬ 3:45 ਵਜੇ ਪੁਲਿਸ ਨੂੰ ਮਿਲੀ ਸੂਚਨਾ, ਦੂਜਾ ਡਰਾਈਵਰ ਜਖਮੀ
By : Sandeep Kaur
ਵੀਰਵਾਰ, 2 ਅਪ੍ਰੈਲ ਨੂੰ ਬ੍ਰਿਟਸ਼ ਕੋਲੰਬੀਆ ਦੇ ਵਾਲਮਾਊਂਟ ਖੇਤਰ ਵਿੱਚ ਹਾਈਵੇ 16 ‘ਤੇ ਵਾਪਰੇ ਇਕ ਭਿਆਨਕ ਸੜਕ ਹਾਦਸੇ ਨੇ ਨਾ ਸਿਰਫ ਇੱਕ ਨੌਜਵਾਨ ਦੀ ਜਾਨ ਲੈ ਲਈ, ਸਗੋਂ ਦਰਜਨਾਂ ਯਾਤਰੀਆਂ ਨੂੰ ਘੰਟਿਆਂ ਲਈ ਫਸਾ ਦਿੱਤਾ। ਡਰਾਈਵ ਬੀਸੀ ਅਤੇ 511 ਅਲਬਰਟਾ ਦੇ ਅਨੁਸਾਰ, ਗ੍ਰਾਂਟ ਬਰੂਕ ਬ੍ਰਿਜ ਤੋਂ ਲੈ ਕੇ ਫ੍ਰੇਜ਼ਰ ਦਰਿਆ ਤੱਕ ਲਗਭਗ 0.3 ਕਿਲੋਮੀਟਰ ਦਾ ਹਿੱਸਾ ਸਵੇਰੇ ਤੜਕੇ ਹੀ ਬੰਦ ਕਰ ਦਿੱਤਾ ਗਿਆ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ। ਵਾਲਮਾਊਂਟ ਆਰਸੀਐਮਪੀ ਦੇ ਮੀਡੀਆ ਰਿਲੇਸ਼ਨਜ਼ ਅਧਿਕਾਰੀ ਕੋਰਪੋਰਲ ਬ੍ਰੈੱਟ ਉਰਾਨੋ ਮੁਤਾਬਕ, ਸਵੇਰੇ ਕਰੀਬ 3:45 ਵਜੇ ਕਮਰਸ਼ੀਅਲ ਟਰੱਕਾਂ ਦੀ ਭਿਆਨਕ ਟੱਕਰ ਦੀ ਸੂਚਨਾ ਮਿਲੀ। ਪੁਲਿਸ ਅਤੇ ਰੈਸਕਿਊ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ, ਪਰ ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਡਰਾਈਵਰ ਨੂੰ ਮੌਕੇ ‘ਤੇ ਹੀ ਮ੍ਰਿਤ ਘੋਸ਼ਿਤ ਕਰਨਾ ਪਿਆ, ਜਦਕਿ ਦੂਜੇ ਡਰਾਈਵਰ ਨੂੰ ਹਲਕੀਆਂ ਸੱਟਾਂ ਦੇ ਨਾਲ ਹਸਪਤਾਲ ਭੇਜਿਆ ਗਿਆ।
ਹਾਈਵੇ ਬੰਦ ਹੋਣ ਕਾਰਨ ਟੇਟ ਜੌਨ ਜੰਕਸ਼ਨ ਨੇੜੇ ਟ੍ਰੈਫਿਕ ਨੂੰ ਵਾਪਸ ਮੋੜਿਆ ਗਿਆ, ਜਿਸ ਨਾਲ ਲੰਮੇ ਰੂਟਾਂ ‘ਤੇ ਚੱਲ ਰਹੇ ਟਰੱਕ ਡਰਾਈਵਰਾਂ ਅਤੇ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਡਰਾਈਵਰਾਂ ਨੇ ਦੱਸਿਆ ਕਿ ਪਹਾੜੀ ਇਲਾਕਿਆਂ ਵਿੱਚ ਵਿਕਲਪਕ ਰਸਤੇ ਨਾ ਹੋਣ ਕਰਕੇ ਉਹ ਘੰਟਿਆਂ ਲਈ ਰੁਕੇ ਰਹੇ। ਕੁਝ ਯਾਤਰੀਆਂ ਨੂੰ ਆਪਣੀਆਂ ਮੰਜ਼ਿਲਾਂ ‘ਤੇ ਪਹੁੰਚਣ ਵਿੱਚ ਕਾਫ਼ੀ ਦੇਰੀ ਹੋਈ ਅਤੇ ਯਾਤਰਾ ਯੋਜਨਾਵਾਂ ਪੂਰੀ ਤਰ੍ਹਾਂ ਵਿਗੜ ਗਈਆਂ। ਇਸ ਦਰਦਨਾਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਨੌਜਵਾਨ ਦੀ ਪਛਾਣ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਖੋਖਰ ਦੇ ਰਹਿਣ ਵਾਲੇ 23 ਸਾਲਾ ਹਰਸਿਮਰਨ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ, ਉਹ ਮੂਸ ਲੇਕ ਨੇੜੇ ਆਪਣਾ ਕਮਰਸ਼ੀਅਲ ਟਰੱਕ ਚਲਾ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ। ਟੱਕਰ ਕਾਰਨ ਉਸ ਨੂੰ ਗੰਭੀਰ ਅੰਦਰੂਨੀ ਸੱਟਾਂ ਲੱਗੀਆਂ ਅਤੇ ਉਹ ਮੌਕੇ ‘ਤੇ ਹੀ ਦਮ ਤੋੜ ਗਿਆ।
ਹਰਸਿਮਰਨ ਸਿੰਘ ਸਿਰਫ ਦੋ ਸਾਲ ਪਹਿਲਾਂ ਹੀ ਕੈਨੇਡਾ ਆਇਆ ਸੀ, ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰਨ ਅਤੇ ਇਕ ਚੰਗਾ ਭਵਿੱਖ ਬਣਾਉਣ ਦੀ ਆਸ ਨਾਲ। ਉਹ ਆਪਣੀ ਮਿਹਨਤ, ਨਿਮਰਤਾ ਅਤੇ ਸਧਾਰਣ ਸੁਭਾਅ ਲਈ ਜਾਣਿਆ ਜਾਂਦਾ ਸੀ। ਸਥਾਨਕ ਭਾਈਚਾਰੇ ਵਿੱਚ ਵੀ ਉਸ ਦੀ ਚੰਗੀ ਪਛਾਣ ਬਣ ਰਹੀ ਸੀ। ਉਸ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਦੋਸਤਾਂ, ਸਹਿਕਰਮੀਆਂ ਅਤੇ ਸਾਰੀ ਪੰਜਾਬੀ ਕਮਿਊਨਿਟੀ ਵਿੱਚ ਗਹਿਰਾ ਸੋਗ ਛਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਵੀ ਲੋਕਾਂ ਵੱਲੋਂ ਸ਼ੋਕ ਸੰਦੇਸ਼ ਦਿੱਤੇ ਜਾ ਰਹੇ ਹਨ ਅਤੇ ਪਰਿਵਾਰ ਨਾਲ ਹਮਦਰਦੀ ਜਤਾਈ ਜਾ ਰਹੀ ਹੈ। ਇਹ ਹਾਦਸਾ ਫਿਰ ਇੱਕ ਵਾਰ ਯਾਦ ਦਿਵਾਉਂਦਾ ਹੈ ਕਿ ਲੰਮੇ ਰਸਤੇ ਅਤੇ ਖਾਸ ਕਰਕੇ ਪਹਾੜੀ ਇਲਾਕਿਆਂ ਵਿੱਚ ਡਰਾਈਵਿੰਗ ਦੌਰਾਨ ਕਿੰਨੀ ਸਾਵਧਾਨੀ ਦੀ ਲੋੜ ਹੁੰਦੀ ਹੈ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਉਮੀਦ ਹੈ ਕਿ ਜਲਦ ਹੀ ਹੋਰ ਵੇਰਵੇ ਸਾਹਮਣੇ ਆਉਣਗੇ।


