Begin typing your search above and press return to search.

ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਫ਼ਰਵਰੀ 2025)

ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ

ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਫ਼ਰਵਰੀ 2025)
X

BikramjeetSingh GillBy : BikramjeetSingh Gill

  |  3 Feb 2025 5:39 AM IST

  • whatsapp
  • Telegram

ਸੋਰਠਿ ਮਹਲਾ ੫ ॥ ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥ ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥ ਸਾਚਾ ਸਾਹਿਬੁ ਸਦ ਮਿਹਰਵਾਣ ॥ ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥ ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥ ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥ {ਪੰਨਾ 619}

ਪਦਅਰਥ: ਹਮਰੀ = ਅਸਾਂ ਜੀਵਾਂ ਦੀ। ਗਣਤ = ਕੀਤੇ ਕਰਮਾਂ ਦਾ ਹਿਸਾਬ। ਨ ਗਣੀਆ = ਨਹੀਂ ਗਿਣਦਾ। ਕਾਈ ਗਣਤ = ਕੋਈ ਭੀ ਲੇਖਾ। ਬਿਰਦੁ = ਮੁੱਢ = ਕਦੀਮਾਂ ਦਾ (ਪਿਆਰ ਵਾਲਾ) ਸੁਭਾਉ। ਪਛਾਣਿ = ਪਛਾਣੈ, ਚੇਤੇ ਰੱਖਦਾ ਹੈ। ਦੇਇ = ਦੇ ਕੇ। ਰਾਖੇ = (ਕੁਕਰਮਾਂ ਤੋਂ) ਬਚਾਈ ਰੱਖਦਾ ਹੈ। ਮਾਣਿ = ਮਾਣੈ, ਮਾਣਦਾ ਹੈ।੧।

ਸਾਚਾ = ਸਦਾ ਕਾਇਮ ਰਹਿਣ ਵਾਲਾ। ਸਦ = ਸਦਾ। ਬੰਧੁ = ਰੋਕ, ਬੰਨ੍ਹ (ਕੁਕਰਮਾਂ ਦੇ ਰਾਹ ਵਿਚ) ਰੁਕਾਵਟ। ਸਤਿਗੁਰਿ = ਗੁਰੂ ਨੇ। ਕਲਿਆਣ = (ਆਤਮਕ) ਸੁਖ।ਰਹਾਉ।

ਜੀਉ = ਜਿੰਦ। ਪਾਇ = ਪਾ ਕੇ। ਪਿੰਡੁ = ਸਰੀਰ। ਜਿਨ = ਜਿਸ (ਪ੍ਰਭੂ) ਨੇ। ਸਜਾਇਆ = ਪੈਦਾ ਕੀਤਾ। ਪੈਜ = ਇੱਜ਼ਤ। ਸਦ = ਸਦਾ।੨।

ਅਰਥ: ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ, (ਕੁਕਰਮਾਂ ਵਲ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਾਂਦਾ ਹੈ। ਜਿਸ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਵਿਕਾਰਾਂ ਦੇ ਰਸਤੇ ਵਿਚ) ਮੇਰੇ ਪੂਰੇ ਗੁਰੂ ਨੇ ਬੰਨ੍ਹ ਮਾਰ ਦਿੱਤਾ (ਤੇ, ਇਸ ਤਰ੍ਹਾਂ ਉਸ ਦੇ ਅੰਦਰ) ਸਾਰੇ ਆਤਮਕ ਆਨੰਦ ਪੈਦਾ ਹੋ ਗਏ।ਰਹਾਉ।

ਹੇ ਭਾਈ! ਪਰਮਾਤਮਾ ਅਸਾਂ ਜੀਵਾਂ ਦੇ ਕੀਤੇ ਮੰਦ-ਕਰਮਾਂ ਦਾ ਕੋਈ ਖ਼ਿਆਲ ਨਹੀਂ ਕਰਦਾ। ਉਹ ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਉ ਨੂੰ ਚੇਤੇ ਰੱਖਦਾ ਹੈ, (ਉਹ, ਸਗੋਂ, ਸਾਨੂੰ ਗੁਰੂ ਮਿਲਾ ਕੇ, ਸਾਨੂੰ) ਆਪਣੇ ਬਣਾ ਕੇ (ਆਪਣੇ) ਹੱਥ ਦੇ ਕੇ (ਸਾਨੂੰ ਵਿਕਾਰਾਂ ਵਲੋਂ) ਬਚਾਂਦਾ ਹੈ। (ਜਿਸ ਵਡ-ਭਾਗੀ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਸਦਾ ਹੀ ਆਤਮਕ ਆਨੰਦ ਮਾਣਦਾ ਹੈ।੧।

ਹੇ ਭਾਈ! ਜਿਸ ਪਰਮਾਤਮਾ ਨੇ ਜਿੰਦ ਪਾ ਕੇ (ਸਾਡਾ) ਸਰੀਰ ਪੈਦਾ ਕੀਤਾ ਹੈ, ਜੇਹੜਾ (ਹਰ ਵੇਲੇ) ਸਾਨੂੰ ਖ਼ੁਰਾਕ ਤੇ ਪੁਸ਼ਾਕ ਦੇ ਰਿਹਾ ਹੈ, ਉਹ ਪਰਮਾਤਮਾ (ਸੰਸਾਰ-ਸਮੁੰਦਰ ਦੀਆਂ ਵਿਕਾਰ-ਲਹਿਰਾਂ ਤੋਂ) ਆਪਣੇ ਸੇਵਕ ਦੀ ਇੱਜ਼ਤ (ਗੁਰੂ ਮਿਲਾ ਕੇ) ਆਪ ਬਚਾਂਦਾ ਹੈ। ਹੇ ਨਾਨਕ! ਆਖ-ਮੈਂ ਉਸ ਪਰਮਾਤਮਾ ਤੋਂ) ਸਦਾ ਸਦਕੇ ਜਾਂਦਾ ਹਾਂ।੨।੧੬।੪੪।

Next Story
ਤਾਜ਼ਾ ਖਬਰਾਂ
Share it