Begin typing your search above and press return to search.

ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (7 ਸਤੰਬਰ 2025)

ਹੇ ਜਗਤ ਦੇ ਮਾਲਕ-ਪ੍ਰਭੂ! ਮੇਹਰ ਕਰ) ਮੈਂ (ਤੇਰਾ ਨਾਮ) ਸਿਮਰਦਾ ਰਹਾਂ, (ਇਸ ਤੋਂ ਚੰਗਾ) ਮੈਨੂੰ ਹੋਰ ਕੋਈ ਕੰਮ ਨਾਹ ਲੱਗੇ। (ਹੇ ਪ੍ਰਭੂ!) ਗੁਰੂ ਦੀ ਸਰਨ ਪੈ ਕੇ (ਆਤਮਕ ਆਨੰਦ ਦੀ)

ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (7 ਸਤੰਬਰ 2025)
X

GillBy : Gill

  |  7 Sept 2025 5:40 AM IST

  • whatsapp
  • Telegram

ਬਿਲਾਵਲੁ ਮਹਲਾ ੩ ॥ ਪੂਰੇ ਗੁਰ ਤੇ ਵਡਿਆਈ ਪਾਈ ॥ ਅਚਿੰਤ ਨਾਮੁ ਵਸਿਆ ਮਨਿ ਆਈ ॥ ਹਉਮੈ ਮਾਇਆ ਸਬਦਿ ਜਲਾਈ ॥ ਦਰਿ ਸਾਚੈ ਗੁਰ ਤੇ ਸੋਭਾ ਪਾਈ ॥੧॥ ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥ ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥੧॥ ਰਹਾਉ ॥ਮਨ ਕੀ ਪਰਤੀਤਿ ਮਨ ਤੇ ਪਾਈ ॥ ਪੂਰੇ ਗੁਰ ਤੇ ਸਬਦਿ ਬੁਝਾਈ ॥ ਜੀਵਣ ਮਰਣੁ ਕੋ ਸਮਸਰਿ ਵੇਖੈ ॥ ਬਹੁੜਿ ਨ ਮਰੈ ਨਾ ਜਮੁ ਪੇਖੈ ॥੨॥ ਘਰ ਹੀ ਮਹਿ ਸਭਿ ਕੋਟ ਨਿਧਾਨ ॥ ਸਤਿਗੁਰਿ ਦਿਖਾਏ ਗਇਆ ਅਭਿਮਾਨੁ ॥ ਸਦ ਹੀ ਲਾਗਾ ਸਹਜਿ ਧਿਆਨ ॥ ਅਨਦਿਨੁ ਗਾਵੈ ਏਕੋ ਨਾਮ ॥੩॥ ਇਸੁ ਜੁਗ ਮਹਿ ਵਡਿਆਈ ਪਾਈ ॥ ਪੂਰੇ ਗੁਰ ਤੇ ਨਾਮੁ ਧਿਆਈ ॥ ਜਹ ਦੇਖਾ ਤਹ ਰਹਿਆ ਸਮਾਈ ॥ ਸਦਾ ਸੁਖਦਾਤਾ ਕੀਮਤਿ ਨਹੀ ਪਾਈ ॥੪॥ ਪੂਰੈ ਭਾਗਿ ਗੁਰੁ ਪੂਰਾ ਪਾਇਆ ॥ ਅੰਤਰਿ ਨਾਮੁ ਨਿਧਾਨੁ ਦਿਖਾਇਆ ॥ ਗੁਰ ਕਾ ਸਬਦੁ ਅਤਿ ਮੀਠਾ ਲਾਇਆ ॥ ਨਾਨਕ ਤ੍ਰਿਸਨ ਬੁਝੀ ਮਨਿ ਤਨਿ ਸੁਖੁ ਪਾਇਆ ॥੫॥੬॥੪॥੬॥੧੦॥ {ਪੰਨਾ 798}

ਪਦਅਰਥ: ਤੇ = ਤੋਂ। ਵਡਿਆਈ = ਗੌਰਵਤਾ, ਇੱਜ਼ਤ। ਅਚਿੰਤ ਨਾਮੁ = ਚਿੰਤਾ ਤੋਂ ਬਚਾਣ ਵਾਲਾ ਹਰਿ = ਨਾਮ। ਮਨਿ = ਮਨ ਵਿਚ। ਸਬਦਿ = ਸ਼ਬਦ ਨੇ। ਦਰਿ = ਦਰ ਉਤੇ।੧।

ਜਗਦੀਸ = {ਜਗਤ = ਈਸ਼} ਹੇ ਜਗਤ ਦੇ ਮਾਲਕ! ਸੇਵਉ = ਸੇਵਉਂ, ਮੈਂ ਸੇਵਾ ਕਰਦਾ ਰਹਾਂ। ਮੈ = ਮੈਨੂੰ। ਅਵਰੁ = ਹੋਰ। ਅਨਦਿਨੁ = ਹਰ ਰੋਜ਼। ਗੁਰਮੁਖਿ = ਗੁਰੂ ਦੀ ਰਾਹੀਂ। ਮਾਗਉ = ਮਾਂਗਉਂ, ਮੈਂ ਮੰਗਦਾ ਹਾਂ। ਨਿਵਾਜਾ = ਬਖ਼ਸ਼ਸ਼ ਕਰਨ ਵਾਲਾ।੧।ਰਹਾਉ।

ਪਰਤੀਤਿ = ਸਰਧਾ, ਨਿਸ਼ਚਾ। ਮਨ ਤੇ = ਮਨ ਤੋਂ, ਅੰਦਰੋਂ ਹੀ। ਤੇ = ਤੋਂ। ਸਬਦਿ = ਸ਼ਬਦ ਦੀ ਰਾਹੀਂ। ਬੁਝਾਈ = ਸਮਝ। ਜੀਵਣ ਮਰਣੁ = ਜਨਮ ਤੋਂ ਮਰਨ ਤਕ, ਸਾਰੀ ਉਮਰ। ਕੋ = ਜੇਹੜਾ ਕੋਈ ਮਨੁੱਖ। ਸਮਸਰਿ = ਬਰਾਬਰ, ਇੱਕ = ਸਮਾਨ। ਬਹੁੜਿ = ਮੁੜ। ਪੇਖੈ = ਵੇਖਦਾ।੨।

ਘਰ = ਹਿਰਦਾ = ਘਰ। ਮਹਿ = ਵਿਚ। ਸਭਿ ਕੋਟ = ਸਾਰੇ ਕਿਲ੍ਹੇ {ਕੋਟਿ = ਕ੍ਰੋੜ। ਕੋਟੁ = ਕਿਲ੍ਹਾ। ਕੋਟ = ਕਿਲ੍ਹੇ}। ਨਿਧਾਨ = ਖ਼ਜ਼ਾਨੇ। ਸਤਿਗੁਰਿ = ਗੁਰੂ ਨੇ। ਅਭਿਮਾਨੁ = ਅਹੰਕਾਰ। ਸਦ = ਸਦਾ। ਸਹਜਿ = ਆਤਮਕ ਅਡੋਲਤਾ ਵਿਚ। ਏਕੋ ਨਾਮ = ਇਕ ਨਾਮ ਹੀ।੩।

ਜੁਗ ਮਹਿ = ਜਗਤ ਵਿਚ। ਦੇਖਾ = ਦੇਖਾਂ, ਮੈਂ ਵੇਖਦਾ ਹਾਂ।੪।

ਭਾਗਿ = ਕਿਸਮਤ ਨਾਲ। ਅੰਤਰਿ = (ਹਿਰਦੇ ਦੇ) ਅੰਦਰ। ਨਿਧਾਨੁ = ਖ਼ਜ਼ਾਨਾ। ਮਨਿ = ਮਨ ਵਿਚ। ਤਨਿ = ਸਰੀਰ ਵਿਚ।੫।

ਅਰਥ: ਹੇ ਜਗਤ ਦੇ ਮਾਲਕ-ਪ੍ਰਭੂ! ਮੇਹਰ ਕਰ) ਮੈਂ (ਤੇਰਾ ਨਾਮ) ਸਿਮਰਦਾ ਰਹਾਂ, (ਇਸ ਤੋਂ ਚੰਗਾ) ਮੈਨੂੰ ਹੋਰ ਕੋਈ ਕੰਮ ਨਾਹ ਲੱਗੇ। (ਹੇ ਪ੍ਰਭੂ!) ਗੁਰੂ ਦੀ ਸਰਨ ਪੈ ਕੇ (ਆਤਮਕ ਆਨੰਦ ਦੀ) ਬਖ਼ਸ਼ਸ਼ ਕਰਨ ਵਾਲਾ ਤੇਰਾ ਨਾਮ ਮੰਗਦਾ ਹਾਂ (ਤਾ ਕਿ) ਮੇਰੇ ਮਨ ਵਿਚ (ਉਸ ਨਾਮ ਦੀ ਬਰਕਤਿ ਨਾਲ) ਹਰ ਵੇਲੇ ਆਨੰਦ ਬਣਿਆ ਰਹੇ।੧।ਰਹਾਉ।

ਹੇ ਭਾਈ! ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਡਿਆਈ-ਇੱਜ਼ਤ ਪ੍ਰਾਪਤ ਕਰ ਲਈ, ਉਸ ਦੇ ਮਨ ਵਿਚ ਉਹ ਹਰਿ-ਨਾਮ ਆ ਵੱਸਦਾ ਹੈ ਜੋ ਹਰੇਕ ਕਿਸਮ ਦਾ ਫ਼ਿਕਰ-ਤੌਖਲਾ ਦੂਰ ਕਰ ਦੇਂਦਾ ਹੈ। ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਮਾਇਆ ਦੇ ਕਾਰਨ ਪੈਦਾ ਹੋਈ ਹਉਮੈ ਸਾੜ ਲਈ, ਉਸ ਨੇ ਗੁਰੂ ਦੀ ਕਿਰਪਾ ਨਾਲ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਸੋਭਾ ਖੱਟ ਲਈ।੧।

ਹੇ ਭਾਈ! ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ (ਉਸ ਦੇ) ਸ਼ਬਦ ਦੀ ਰਾਹੀਂ (ਆਤਮਕ ਜੀਵਨ ਦੀ) ਸੂਝ ਪ੍ਰਾਪਤ ਕਰ ਲਈ, ਉਸ ਨੇ ਆਪਣੇ ਅੰਦਰੋਂ ਹੀ ਆਪਣੇ ਮਨ ਵਾਸਤੇ ਸਰਧਾ-ਵਿਸ਼ਵਾਸ ਦੀ ਦਾਤਿ ਲੱਭ ਲਈ (ਇਹ ਸਰਧਾ ਕਿ ਪਰਮਾਤਮਾ ਸਾਰੇ ਜਗਤ ਵਿਚ ਇਕ-ਸਮਾਨ ਵਿਆਪਕ ਹੈ) । ਹੇ ਭਾਈ! ਜੇਹੜਾ ਭੀ ਮਨੁੱਖ ਸਾਰੀ ਉਮਰ ਪ੍ਰਭੂ ਨੂੰ (ਸ੍ਰਿਸ਼ਟੀ ਵਿਚ) ਇਕ-ਸਮਾਨ (ਵੱਸਦਾ) ਵੇਖਦਾ ਹੈ, ਉਸ ਨੂੰ ਕਦੇ ਆਤਮਕ ਮੌਤ ਨਹੀਂ ਵਿਆਪਦੀ, ਉਸ ਵਲ ਜਮਰਾਜ ਕਦੇ ਨਹੀਂ ਤੱਕਦਾ।੨।

ਹੇ ਭਾਈ! ਹਰੇਕ ਮਨੁੱਖ ਦੇ) ਹਿਰਦੇ-ਘਰ ਵਿਚ ਸਾਰੇ (ਸੁਖਾਂ ਦੇ) ਖ਼ਜ਼ਾਨਿਆਂ ਦੇ (ਕੋਟਾਂ ਦੇ) ਕੋਟ ਮੌਜੂਦ ਹਨ। ਜਿਸ ਮਨੁੱਖ ਨੂੰ ਗੁਰੂ ਨੇ (ਇਹ ਕੋਟ) ਵਿਖਾ ਦਿੱਤੇ, ਉਸ ਦੇ ਅੰਦਰੋਂ ਅਹੰਕਾਰ ਦੂਰ ਹੋ ਗਿਆ। ਉਹ ਮਨੁੱਖ ਸਦਾ ਹੀ ਆਤਮਕ ਅਡੋਲਤਾ ਵਿਚ ਸੁਰਤਿ ਜੋੜੀ ਰੱਖਦਾ ਹੈ। ਉਹ ਮਨੁੱਖ ਹਰ ਵੇਲੇ ਇਕੋ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।੩।

ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਪਾਸੋਂ (ਸਿੱਖਿਆ ਲੈ ਕੇ) ਪ੍ਰਭੂ ਦਾ ਨਾਮ ਸਿਮਰਦਾ ਹੈ, ਉਹ ਇਸ ਜਗਤ ਵਿਚ ਇੱਜ਼ਤ ਪ੍ਰਾਪਤ ਕਰਦਾ ਹੈ। ਹੇ ਭਾਈ! ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਪਰਮਾਤਮਾ ਮੌਜੂਦ ਦਿੱਸਦਾ ਹੈ। ਉਹ ਸਦਾ ਹੀ (ਸਭਨਾਂ ਨੂੰ) ਸੁਖ ਦੇਣ ਵਾਲਾ ਹੈ। ਪਰ ਉਹ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ।੪।

ਹੇ ਭਾਈ! ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਪੂਰਾ ਗੁਰੂ ਲੱਭ ਲਿਆ, ਗੁਰੂ ਨੇ ਉਸ ਨੂੰ ਉਸ ਦੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਾਮ-ਖ਼ਜ਼ਾਨਾ ਵਿਖਾਲ ਦਿੱਤਾ। ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਬਹੁਤ ਪਿਆਰਾ ਲੱਗਣ ਲੱਗ ਪਿਆ, ਉਸ ਦੇ ਅੰਦਰੋਂ ਮਾਇਆ ਦੀ ਤ੍ਰੇਹ ਬੁੱਝ ਗਈ। ਉਸ ਨੂੰ ਆਪਣੇ ਮਨ ਵਿਚ ਆਪਣੇ ਹਿਰਦੇ ਵਿਚ ਆਨੰਦ ਹੀ ਆਨੰਦ ਹਾਸਲ ਹੋ ਗਿਆ।੫।੬।੧੦।

Next Story
ਤਾਜ਼ਾ ਖਬਰਾਂ
Share it