Begin typing your search above and press return to search.

ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (4 ਫ਼ਰਵਰੀ 2025)

ਹੇ ਮਨੁੱਖ! ਨਿਰਾ ਇਸ) ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ? (ਜਿਵੇਂ) ਧੂਆਂ, (ਜਿਵੇਂ) ਬੱਦਲ (ਉੱਡ ਜਾਂਦਾ ਹੈ, ਤਿਵੇਂ ਇਹ ਸਰੀਰ) ਨਾਸ ਹੋ ਜਾਇਗਾ। ਸਿਰਫ਼ ਪਰਮਾਤਮਾ

ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (4 ਫ਼ਰਵਰੀ 2025)
X

BikramjeetSingh GillBy : BikramjeetSingh Gill

  |  4 Feb 2025 5:41 AM IST

  • whatsapp
  • Telegram

ਸੋਰਠਿ ਮਹਲਾ ੫ ॥ ਪੁਤ੍ਰ ਕਲਤ੍ਰ ਲੋਕ ਗ੍ਰਿਹ ਬਨਿਤਾ ਮਾਇਆ ਸਨਬੰਧੇਹੀ ॥ ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥੧॥ ਰੇ ਨਰ ਕਾਹੇ ਪਪੋਰਹੁ ਦੇਹੀ ॥ ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥ ਰਹਾਉ ॥ ਤੀਨਿ ਸੰਙਿਆ ਕਰਿ ਦੇਹੀ ਕੀਨੀ ਜਲ ਕੂਕਰ ਭਸਮੇਹੀ ॥ ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥੨॥ ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥ ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥੩॥ ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥੪॥੪॥ {ਪੰਨਾ 609}

ਪਦਅਰਥ: ਕਲਤ੍ਰ = ਇਸਤ੍ਰੀ। ਲੋਕ ਗ੍ਰਿਹ = ਘਰ ਦੇ ਲੋਕ। ਬਨਿਤਾ = ਇਸਤ੍ਰੀ। ਸਨਬੰਧੇਹੀ = ਸਨਬੰਧੀ ਹੀ। ਬਾਰ = ਵੇਲੇ। ਖਰਾ = ਮਦਦਗਾਰ। ਹੋਸੀ = ਹੋਵੇਗਾ। ਮਿਥਿਆ = ਝੂਠਾ। ਅਸਨੇਹੀ = ਪਿਆਰ ਕਰਨ ਵਾਲੇ।੧।

ਪਪੋਰਹੁ ਦੇਹੀ = ਸਰੀਰ ਨੂੰ ਲਾਡਾਂ ਨਾਲ ਪਾਲਦੇ ਹੋ। ਧੂਮੁ = ਧੂਆਂ। ਬਾਦਰੋ = ਬੱਦਲ। ਇਕੁ = ਸਿਰਫ਼। ਭਾਜਹੁ = ਭਜਹੁ, ਸਿਮਰੋ। ਸਨੇਹੀ = ਪਿਆਰ ਕਰਨ ਵਾਲਾ।ਰਹਾਉ।

ਤੀਨਿ ਸੰਙਿਆ ਕਰਿ = (ਮਾਇਆ ਦੇ) ਤਿੰਨ ਗੁਣ ਰਲਾ ਕੇ। ਦੇਹੀ = ਸਰੀਰ। ਕੂਕਰ = ਕੁੱਤੇ। ਭਸਮੇਹੀ = ਸੁਆਹ ਮਿੱਟੀ। ਆਮਰੋ = ਅਮਰ। ਕਰਣ ਕਾਰਣ = ਜਗਤ ਦਾ ਮੂਲ। ਬਿਸਰੋਹੀ = ਤੈਨੂੰ ਭੁੱਲ ਗਿਆ ਹੈ।੨।

ਮਣੀਏ = (ਸਾਰੇ ਅੰਗ) ਮਣਕੇ। ਸਾਜੇ = ਬਣਾਏ। ਤਾਗਿ = ਧਾਗੇ ਵਿਚ। ਸੂਤੁ = ਧਾਗਾ। ਬਾਪੁਰੇ = ਹੇ ਨਿਮਾਣੇ (ਜੀਵ) !।੩।

ਜਿਨਿ = ਜਿਸ (ਪਰਮਾਤਮਾ) ਨੇ। ਤੁਮ = ਤੈਨੂੰ। ਸਿਰਜਿ = ਪੈਦਾ ਕਰ ਕੇ। ਸਵਾਰੇ = ਸਜਾਇਆ ਹੈ, ਸੋਹਣਾ ਬਣਾਇਆ ਹੈ। ਰੈਨੇਹੀ = ਰਾਤ। ਪ੍ਰਭ = ਹੇ ਪ੍ਰਭੂ! ਧਾਰੀ = ਧਾਰਿ। ਗਹੇਹੀ = ਫੜਾਂ।੪।

ਅਰਥ: ਹੇ ਮਨੁੱਖ! ਨਿਰਾ ਇਸ) ਸਰੀਰ ਨੂੰ ਹੀ ਕਿਉਂ ਲਾਡਾਂ ਨਾਲ ਪਾਲਦਾ ਰਹਿੰਦਾ ਹੈਂ? (ਜਿਵੇਂ) ਧੂਆਂ, (ਜਿਵੇਂ) ਬੱਦਲ (ਉੱਡ ਜਾਂਦਾ ਹੈ, ਤਿਵੇਂ ਇਹ ਸਰੀਰ) ਨਾਸ ਹੋ ਜਾਇਗਾ। ਸਿਰਫ਼ ਪਰਮਾਤਮਾ ਦਾ ਭਜਨ ਕਰਿਆ ਕਰ, ਉਹੀ ਅਸਲ ਪਿਆਰ ਕਰਨ ਵਾਲਾ ਹੈ।ਰਹਾਉ।

ਹੇ ਭਾਈ! ਪ੍ਰਤ੍ਰ, ਇਸਤ੍ਰੀ, ਘਰ ਦੇ ਹੋਰ ਬੰਦੇ ਤੇ ਜ਼ਨਾਨੀਆਂ (ਸਾਰੇ) ਮਾਇਆ ਦੇ ਹੀ ਸਾਕ ਹਨ। ਅਖ਼ੀਰ ਵੇਲੇ (ਇਹਨਾਂ ਵਿਚੋਂ) ਕੋਈ ਭੀ ਤੇਰਾ ਮਦਦਗਾਰ ਨਹੀਂ ਬਣੇਗਾ, ਸਾਰੇ ਝੂਠਾ ਹੀ ਪਿਆਰ ਕਰਨ ਵਾਲੇ ਹਨ।੧।

ਹੇ ਭਾਈ! ਪਰਮਾਤਮਾ ਨੇ) ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲਾ ਤੇਰਾ ਸਰੀਰ ਬਣਾ ਦਿੱਤਾ, (ਇਹ ਅੰਤ ਨੂੰ) ਪਾਣੀ ਦੇ, ਕੁੱਤਿਆਂ ਦੇ, ਜਾਂ, ਮਿੱਟੀ ਦੇ ਹਵਾਲੇ ਹੋ ਜਾਂਦਾ ਹੈ। ਤੂੰ ਇਸ ਸਰੀਰ-ਘਰ ਵਿਚ (ਆਪਣੇ ਆਪ ਨੂੰ) ਅਮਰ ਸਮਝ ਕੇ ਬੈਠਾ ਰਹਿੰਦਾ ਹੈਂ, ਤੇ ਜਗਤ ਦੇ ਮੂਲ ਪਰਮਾਤਮਾ ਨੂੰ ਭੁਲਾ ਰਿਹਾ ਹੈਂ।੨।

ਹੇ ਭਾਈ! ਅਨੇਕਾਂ ਤਰੀਕਿਆਂ ਨਾਲ (ਪਰਮਾਤਮਾ ਨੇ ਤੇਰੇ ਸਾਰੇ ਅੰਗ) ਮਣਕੇ ਬਣਾਏ ਹਨ; (ਪਰ ਸੁਆਸਾਂ ਦੇ) ਕੱਚੇ ਧਾਗੇ ਵਿਚ ਪਰੋਏ ਹੋਏ ਹਨ। ਹੇ ਨਿਮਾਣੇ ਜੀਵ! ਇਹ ਧਾਗਾ (ਆਖ਼ਰ) ਟੁੱਟ ਜਾਇਗਾ, (ਹੁਣ ਇਸ ਸਰੀਰ ਦੇ ਮੋਹ ਵਿਚ ਪ੍ਰਭੂ ਨੂੰ ਵਿਸਾਰੀ ਬੈਠਾ ਹੈਂ) ਫਿਰ ਸਮਾ ਵਿਹਾ ਜਾਣ ਤੇ ਹੱਥ ਮਲੇਂਗਾ।੩।

ਹੇ ਭਾਈ! ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਤੈਨੂੰ ਸੋਹਣਾ ਬਣਾਇਆ ਹੈ ਉਸ ਨੂੰ ਦਿਨ ਰਾਤ (ਹਰ ਵੇਲੇ) ਸਿਮਰਦਾ ਰਿਹਾ ਕਰ। ਹੇ ਦਾਸ ਨਾਨਕ! ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਮੇਰੇ ਉਤੇ) ਮੇਹਰ ਕਰ, ਮੈਂ ਗੁਰੂ ਦਾ ਆਸਰਾ ਫੜੀ ਰੱਖਾਂ।੪।੪।

Next Story
ਤਾਜ਼ਾ ਖਬਰਾਂ
Share it