Begin typing your search above and press return to search.

ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਸਤੰਬਰ 2025)

ਹੇ ਮੇਰੇ ਸੋਹਣੇ ਪ੍ਰਭੂ ਜੀ! ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ (ਮੈਨੂੰ ਇਹ ਸਮਝ ਨਹੀਂ ਆ ਸਕਦੀ ਕਿ ਤੇਰੇ ਵਿਚ ਕਿਤਨੀਆਂ ਕੁ ਸਿਫ਼ਤਾਂ ਹਨ) । ਤੂੰ ਪਾਣੀ ਵਿਚ ਭਰਪੂਰ

ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਸਤੰਬਰ 2025)
X

GillBy : Gill

  |  27 Sept 2025 5:36 AM IST

  • whatsapp
  • Telegram

ਸੂਹੀ ਮਹਲਾ ੧ ॥ ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥ ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥੧॥ ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥ ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥ ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥ ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥ ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥ ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥ ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥੪॥੨॥੯॥ {ਪੰਨਾ 730-731}

ਪਦਅਰਥ: ਕਉਣ = ਕੇਹੜੀ? ਤਰਾਜੀ = ਤੱਕੜੀ। ਕਵਣੁ = ਕੇਹੜਾ? ਤੁਲਾ = ਵੱਟਾ। ਸਰਾਫੁ = ਮੁੱਲ ਪਾਣ ਵਾਲਾ, ਪਰਖ ਕਰਨ ਵਾਲਾ। ਬੁਲਾਵਾ = ਬੁਲਾਵਾਂ, ਮੈਂ ਸੱਦਾਂ। ਕੈ ਪਹਿ = ਕਿਸ ਪਾਸੋਂ? ਦੀਖਿਆ = ਸਿੱਖਿਆ। ਲੇਵਾ = ਮੈਂ ਲਵਾਂ। ਮੁਲੁ ਕਰਾਵਾ = ਮੈਂ ਕੀਮਤ ਪਵਾਵਾਂ।੧।

ਲਾਲ = ਹੇ ਲਾਲ! ਨ ਜਾਣਾ = ਮੈਂ ਨਹੀਂ ਜਾਣਦਾ। ਜਲਿ = ਜਲ ਵਿਚ। ਥਲਿ = ਧਰਤੀ ਦੇ ਅੰਦਰ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਭਰਿਪੁਰਿ = ਭਰਪੂਰ। ਲੀਣਾ = ਵਿਆਪਕ। ਆਪੇ = ਆਪ ਹੀ।੧।ਰਹਾਉ।

ਤਾਰਾਜੀ = ਤੱਕੜੀ। ਤੇਰੀ ਸੇਵ ਕਮਾਵਾ = ਮੈਂ ਤੇਰੀ ਸੇਵਾ ਕਰਾਂ, ਮੈਂ ਤੇਰਾ ਸਿਮਰਨ ਕਰਾਂ। ਘਟ = ਹਿਰਦਾ। ਭੀਤਰਿ = ਅੰਦਰ। ਸਹੁ = ਖਸਮ = ਪ੍ਰਭੂ। ਤੋਲੀ = ਮੈਂ ਤੋਲਾਂ, ਪਰਖ ਕਰਾਂ। ਇਨ੍ਹ੍ਹ ਬਿਧਿ = ਇਹਨਾਂ ਤਰੀਕਿਆਂ ਨਾਲ। ਰਹਾਵਾ = ਮੈਂ ਟਿਕਾਵਾਂ।੨।

ਕੰਡਾ = ਤੱਕੜੀ ਦੀ ਡੰਡੀ ਦੇ ਅੱਧ ਵਿਚ ਦੀ ਸੂਈ, ਤੱਕੜੀ ਦੀ ਬੋਦੀ। ਦੇਖੈ = ਸੰਭਾਲ ਕਰਦਾ ਹੈ। ਬੂਝੈ = ਸਮਝਦਾ ਹੈ। ਵਣਜਾਰਾ = ਵਣਜ ਕਰਨ ਵਾਲਾ ਜੀਵ = ਵਪਾਰੀ।੩।

ਅੰਧੁਲਾ = ਅੰਨ੍ਹ੍ਹਾ। ਨੀਚ ਜਾਤਿ = ਨੀਵੀਂ ਜਾਤਿ ਵਾਲਾ। ਪਰਦੇਸੀ = ਭਟਕਦਾ ਰਹਿਣ ਵਾਲਾ। ਖਿਨੁ = ਅੱਖ ਦੇ ਝਮਕਣ ਜਿਤਨੇ ਸਮੇ ਵਿਚ। ਤਿਲੁ = ਰਤਾ ਭਰ ਸਮੇ ਵਿਚ। ਤਾ ਕੀ = ਅਜੇਹੇ (ਮਨ) ਦੀ। ਕਿਉ ਕਰਿ = ਕਿਸ ਤਰ੍ਹਾਂ? ਮੂੜਾ = ਮੂਰਖ। ਪਾਵੈ = (ਕਦਰ) ਪਾ ਸਕਦਾ ਹੈ।੪।

ਅਰਥ: ਹੇ ਮੇਰੇ ਸੋਹਣੇ ਪ੍ਰਭੂ ਜੀ! ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ (ਮੈਨੂੰ ਇਹ ਸਮਝ ਨਹੀਂ ਆ ਸਕਦੀ ਕਿ ਤੇਰੇ ਵਿਚ ਕਿਤਨੀਆਂ ਕੁ ਸਿਫ਼ਤਾਂ ਹਨ) । ਤੂੰ ਪਾਣੀ ਵਿਚ ਭਰਪੂਰ ਹੈਂ, ਤੂੰ ਧਰਤੀ ਦੇ ਅੰਦਰ ਵਿਆਪਕ ਹੈਂ, ਤੂੰ ਆਕਾਸ਼ ਵਿਚ ਹਰ ਥਾਂ ਮੌਜੂਦ ਹੈਂ, ਤੂੰ ਆਪ ਹੀ ਸਭ ਜੀਵਾਂ ਵਿਚ ਸਭ ਥਾਵਾਂ ਵਿਚ ਸਮਾਇਆ ਹੋਇਆ ਹੈਂ।੧।ਰਹਾਉ।

ਹੇ ਪ੍ਰਭੂ! ਕੋਈ ਐਸੀ ਤੱਕੜੀ ਨਹੀਂ ਕੋਈ ਐਸਾ ਵੱਟਾ ਨਹੀਂ (ਜੋ ਤੇਰੇ ਗੁਣਾਂ ਦਾ ਅੰਦਾਜ਼ਾ ਲਾ ਸਕਣ) , ਕੋਈ ਐਸਾ ਸਰਾਫ਼ ਨਹੀਂ ਜਿਸ ਨੂੰ ਮੈਂ (ਤੇਰੇ ਗੁਣਾਂ ਦਾ ਅੰਦਾਜ਼ਾ ਲਾਣ ਵਾਸਤੇ) ਸੱਦ ਸਕਾਂ। ਮੈਨੂੰ ਕੋਈ ਐਸਾ ਉਸਤਾਦ ਨਹੀਂ ਦਿੱਸਦਾ ਜਿਸ ਪਾਸੋਂ ਮੈਂ ਤੇਰਾ ਮੁੱਲ ਪਵਾ ਸਕਾਂ ਜਾਂ ਮੁੱਲ ਪਾਣ ਦੀ ਜਾਚ ਸਿੱਖ ਸਕਾਂ।੧।

ਹੇ ਪ੍ਰਭੂ! ਜੇ ਮੇਰਾ ਮਨ ਤੱਕੜੀ ਬਣ ਜਾਏ, ਜੇ ਮੇਰਾ ਚਿੱਤ ਤੋਲਣ ਵਾਲਾ ਵੱਟਾ ਬਣ ਜਾਏ, ਜੇ ਮੈਂ ਤੇਰੀ ਸੇਵਾ ਕਰ ਸਕਾਂ, ਤੇਰਾ ਸਿਮਰਨ ਕਰ ਸਕਾਂ (ਜੇ ਇਹ ਸੇਵਾ-ਸਿਮਰਨ ਮੇਰੇ ਵਾਸਤੇ) ਸਰਾਫ਼ ਬਣ ਜਾਏ (ਤੇਰੇ ਗੁਣਾਂ ਦਾ ਮੈਂ ਅੰਤ ਤਾਂ ਨਹੀਂ ਪਾ ਸਕਾਂਗਾ, ਪਰ) ਇਹਨਾਂ ਤਰੀਕਿਆਂ ਨਾਲ ਮੈਂ ਆਪਣੇ ਚਿੱਤ ਨੂੰ ਤੇਰੇ ਚਰਨਾਂ ਵਿਚ ਟਿਕਾ ਕੇ ਰੱਖ ਸਕਾਂਗਾ। (ਹੇ ਭਾਈ!) ਮੈਂ ਆਪਣੇ ਹਿਰਦੇ ਵਿਚ ਹੀ ਉਸ ਖਸਮ-ਪ੍ਰਭੂ ਨੂੰ ਬੈਠਾ ਜਾਚ ਸਕਾਂਗਾ।੨।

(ਹੇ ਭਾਈ! ਪ੍ਰਭੂ ਹਰੇਕ ਥਾਂ ਵਿਆਪਕ ਹੈ, ਆਪਣੀ ਵਡਿਆਈ ਭੀ ਉਹ ਆਪ ਹੀ ਜਾਣਦਾ ਹੈ ਤੇ ਜਾਚ ਸਕਦਾ ਹੈ ਉਹ) ਆਪ ਹੀ ਤੱਕੜੀ ਹੈ, ਤੱਕੜੀ ਦਾ ਵੱਟਾ ਹੈ, ਤੱਕੜੀ ਦੀ ਬੋਦੀ ਹੈ, ਉਹ ਆਪ ਹੀ (ਆਪਣੇ ਗੁਣਾਂ ਨੂੰ) ਤੋਲਣ ਵਾਲਾ ਹੈ। ਉਹ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਜੀਵ-ਰੂਪ ਹੋ ਕੇ ਜਗਤ ਵਿਚ (ਨਾਮ) ਵਣਜ ਕਰ ਰਿਹਾ ਹੈ।੩।

ਅੰਞਾਣ ਨਾਨਕ ਪਰਮਾਤਮਾ ਦੇ ਗੁਣਾਂ ਦੀ ਕਦਰ ਨਹੀਂ ਪਾ ਸਕਦਾ, ਕਿਉਂਕਿ ਇਸ ਦੀ ਸੰਗਤਿ ਸਦਾ ਉਸ ਮਨ ਨਾਲ ਹੈ ਜੋ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਪਿਆ ਹੈ ਜੋ (ਜਨਮਾਂ ਜਨਮਾਂਤਰਾਂ ਦੇ ਵਿਕਾਰਾਂ ਦੀ ਮੈਲ ਨਾਲ) ਨੀਵੀਂ ਜਾਤਿ ਦਾ ਬਣਿਆ ਹੋਇਆ ਹੈ, ਜੋ ਸਦਾ ਭਟਕਦਾ ਰਹਿੰਦਾ ਹੈ, ਰਤਾ ਮਾਤ੍ਰ ਭੀ ਕਿਤੇ ਇਕ ਥਾਂ ਟਿਕ ਨਹੀਂ ਸਕਦਾ।੪।੨।੯।

Next Story
ਤਾਜ਼ਾ ਖਬਰਾਂ
Share it