Begin typing your search above and press return to search.

ਕੈਨੇਡਾ ਦੀ ਸਰਕਾਰ ਵਿੱਚ ਤਿੰਨ ਪੰਜਾਬੀ ਮੰਤਰੀ ਹੋਏ ਸ਼ਾਮਿਲ

ਦੋ ਭਾਰਤੀ ਤੇ ਇੱਕ ਪਾਕਿਸਤਾਨੀ ਐੱਮਪੀ ਵੀ ਸ਼ਾਮਲ, 24 ਨਵੇਂ ਚਿਹਰਿਆਂ ਨੂੰ ਚੁਣਿਆ, 13 ਨੇ ਪਹਿਲੀ ਵਾਰ ਲੜ੍ਹੀ ਸੀ ਚੋਣ

ਕੈਨੇਡਾ ਦੀ ਸਰਕਾਰ ਵਿੱਚ ਤਿੰਨ ਪੰਜਾਬੀ ਮੰਤਰੀ ਹੋਏ ਸ਼ਾਮਿਲ
X

Sandeep KaurBy : Sandeep Kaur

  |  13 May 2025 11:33 PM IST

  • whatsapp
  • Telegram

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਆਪਣੀ ਨਵੀਂ ਕੈਬਿਨੇਟ ਚੁਣ ਲਈ ਹੈ। ਕਾਰਨੀ ਦੇ ਨਵੇਂ ਮੰਤਰੀ ਮੰਡਲ ਵਿਚ 28 ਮੈਂਬਰ ਹਨ। ਇਸ ਤੋਂ ਇਲਾਵਾ ਹਰੇਕ ਸੂਬੇ ਤੋਂ 9 ਅਤੇ ਇੱਕ ਉੱਤਰ ਤੋਂ ਸਟੇਟ ਸਕੱਤਰ ਚੁਣੇ ਗਏ ਹਨ। ਸਟੇਟ ਸਕੱਤਰ ਵਿੱਚ ਕੁਝ ਪੁਰਾਣੇ ਚਿਹਰੇ ਸ਼ਾਮਲ ਹਨ, ਪਰ ਜ਼ਿਆਦਾਤਰ ਉਹ ਲੋਕ ਹਨ ਜਿਹੜੇ ਕੈਬਿਨੇਟ ਵਿਚ ਨਹੀਂ ਰਹੇ ਜਾਂ ਪਿਛਲੇ ਮਹੀਨੇ ਦੀਆਂ ਫ਼ੈਡਰਲ ਚੋਣਾਂ ਵਿਚ ਐੱਮਪੀ ਬਣੇ ਹਨ। ਕੁਲ ਮਿਲਾ ਕੇ ਕਾਰਨੀ ਨੇ 24 ਨਵੇਂ ਚਿਹਰਿਆਂ ਨੂੰ ਚੁਣਿਆ ਹੈ ਜਿਨ੍ਹਾਂ ਵਿਚੋਂ 13 ਇਸ ਵਾਰ ਦੀਆਂ ਚੋਣਾਂ ਵਿਚ ਚੁਣੇ ਗਏ ਸਨ। ਕੁਝ ਮਹੀਨੇ ਪਹਿਲਾਂ, ਸੀਨ ਫਰੇਜ਼ਰ ਅਤੇ ਅਨੀਤਾ ਆਨੰਦ ਦੋਵੇਂ ਰਾਜਨੀਤਿਕ ਜੀਵਨ ਛੱਡਣ ਦੀ ਯੋਜਨਾ ਬਣਾ ਰਹੇ ਸਨ। ਹੁਣ ਉਨ੍ਹਾਂ ਦੋਵਾਂ ਕੋਲ ਵੱਡੇ ਨਵੇਂ ਕੈਬਨਿਟ ਵਿਭਾਗ ਹਨ। ਨਵੇਂ ਵਿਦੇਸ਼ ਮੰਤਰੀ ਆਨੰਦ ਅਤੇ ਨਵੇਂ ਨਿਆਂ ਮੰਤਰੀ ਫਰੇਜ਼ਰ ਦੋਵਾਂ ਨੇ ਐਲਾਨ ਕੀਤਾ ਸੀ ਕਿ ਉਹ ਦੁਬਾਰਾ ਸੰਸਦ ਮੈਂਬਰ ਵਜੋਂ ਚੋਣ ਨਹੀਂ ਲੜਨਗੇ ਪਰ ਕਾਰਨੀ ਦੇ ਆਉਣ ਨਾਲ ਉਨ੍ਹਾਂ ਨੇ ਆਪਣਾ ਮਨ ਬਦਲ ਲਿਆ।

ਫ਼੍ਰੈਂਸੁਆ ਫ਼ਿਿਲਪ ਸ਼ੈਂਪੇਨ ਵਿੱਤ ਮੰਤਰੀ ਵੱਜੋਂ ਬਰਕਰਾਰ ਰਹੇ। ਕ੍ਰਿਸਟੀਆ ਫ਼੍ਰੀਲੈਂਡ ਵੀ ਟ੍ਰਾਂਸਪੋਰਟ ਮੰਤਰੀ ਦਾ ਅਹੁਦਾ ਜਾਰੀ ਰੱਖ ਰਹੇ ਹਨ। ਸਟੀਵਨ ਗਿਲਬੌ ਅਧਿਕਾਰਤ ਭਾਸ਼ਾਵਾਂ ਲਈ ਮੰਤਰੀ ਅਤੇ ਕੈਨੇਡੀਅਨ ਸ਼ਨਾਖ਼ਤ ਅਤੇ ਸੱਭਿਆਚਾਰ ਮੰਤਰੀ ਵੱਜੋਂ ਬਰਕਰਾਰ ਹਨ। ਡੌਮਿਿਨਕ ਲੇਬਲਾਂ ਪਿਛਲੇ ਅੰਤਰਰਾਸ਼ਟਰੀ ਵਪਾਰ ਮੰਤਰਾਲੇ ਨਾਲੋਂ ਵਧੇਰੇ ਫ਼ੋਕਸ ਨਾਲ ਕੈਨੇਡਾ-ਅਮਰੀਕਾ ਵਪਾਰ ਦੇਖ ਰਹੇ ਹਨ। ਉਹ ਕਿੰਗਜ਼ ਪ੍ਰਿਵੀ ਕੌਂਸਲ ਦੇ ਪ੍ਰੈਜ਼ੀਡੈਂਟ ਵੱਜੋਂ ਬਰਕਰਾਰ ਹਨ। ਜੋਐਨ ਥੌਮਪਸਨ ਫ਼ਿਸ਼ਰੀਜ਼ (ਮੱਛੀ ਪਾਲਣ) ਮੰਤਰਾਲੇ ‘ਤੇ ਬਰਕਰਾਰ ਰਹੇ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਬਰੈਂਪਟਨ, ਓਨਟਾਰਿਓ ਤੋਂ ਦੋ ਐੱਮਪੀ ਕੈਬਨਿਟ ਵਿੱਚ ਹਨ ਅਤੇ ਇੱਕ ਸਟੇਟ ਸਕੱਤਰ ਨਿਯੁਕਤ ਹੋਏ ਹਨ। ਮਨਿੰਦਰ ਸਿੱਧੂ, ਸ਼ਫ਼ਕਤ ਅਲੀ, ਰੂਬੀ ਸਹੋਤਾ।

ਕਾਰਨੇ ਨੇ ਰਾਜ ਸਕੱਤਰਾਂ ਦੇ ਅਹੁਦੇ ਨੂੰ ਵਾਪਸ ਲਿਆਂਦਾ ਹੈ। ਇਤਿਹਾਸਕ ਤੌਰ 'ਤੇ, ਇਨ੍ਹਾਂ ਅਹੁਦਿਆਂ ਨੂੰ ਕਈ ਵਾਰ ਜੂਨੀਅਰ ਮੰਤਰੀ ਕਿਹਾ ਜਾਂਦਾ ਰਿਹਾ ਹੈ। ਉਹ ਕੈਬਨਿਟ ਦੇ ਮੈਂਬਰ ਨਹੀਂ ਹਨ, ਪਰ ਜਦੋਂ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨਾਲ ਸਬੰਧਤ ਮਾਮਲਿਆਂ 'ਤੇ ਚਰਚਾ ਕੀਤੀ ਜਾ ਰਹੀ ਹੋਵੇ ਜਾਂ ਜੇ ਉਨ੍ਹਾਂ ਦੀ ਮੁਹਾਰਤ ਦੀ ਲੋੜ ਹੋਵੇ ਤਾਂ ਉਨ੍ਹਾਂ ਨੂੰ ਕੈਬਨਿਟ ਜਾਂ ਕੈਬਨਿਟ ਕਮੇਟੀ ਦੀਆਂ ਮੀਟਿੰਗਾਂ ਵਿੱਚ ਸੱਦਾ ਦਿੱਤਾ ਜਾ ਸਕਦਾ ਹੈ। ਕਾਰਨੇ ਦੀ ਨਵੀਂ ਟੀਮ ਵਿੱਚ ਹਰੇਕ ਸੂਬੇ ਅਤੇ ਇੱਕ ਪ੍ਰਦੇਸ਼ ਦੇ ਮੈਂਬਰ ਹਨ। ਹਰੇਕ ਸੂਬੇ ਤੋਂ ਇੱਕ ਕੈਬਨਿਟ ਮੰਤਰੀ ਹੁੰਦਾ ਹੈ, ਸਸਕੈਚਵਨ ਅਤੇ ਨਿਊ ਬਰੰਸਵਿਕ ਨੂੰ ਛੱਡ ਕੇ, ਜਿਨ੍ਹਾਂ ਨੂੰ ਇੱਕ ਸਕੱਤਰ ਅਲਾਟ ਕੀਤਾ ਜਾਂਦਾ ਹੈ। ਉੱਤਰੀ ਕੈਨੇਡਾ ਦੀ ਨੁਮਾਇੰਦਗੀ ਉੱਤਰ-ਪੱਛਮੀ ਪ੍ਰਦੇਸ਼ਾਂ ਤੋਂ ਇੱਕ ਮੰਤਰੀ ਨਾਲ ਕੀਤੀ ਜਾਂਦੀ ਹੈ।

ਓਨਟਾਰੀਓ ਵਿੱਚੋਂ 14 ਐੱਮਪੀ ਲਏ ਗਏ ਹਨ। ਜਿੰਨ੍ਹਾਂ ਵਿੱਚ 11 ਮੰਤਰੀ ਅਤੇ 3 ਸਕੱਤਰ ਸ਼ਾਮਲ ਹਨ। ਕਿਊਬੈਕ ਵਿੱਚੋਂ ਕੁੱਲ 9 (7 ਮੰਤਰੀ, 2 ਸਕੱਤਰ), ਬ੍ਰਿਿਟਸ਼ ਕੋਲੰਬੀਆ ਵਿੱਚੋਂ 5 (2 ਮੰਤਰੀ, 3 ਸਕੱਤਰ), ਨੋਵਾ ਸਕੋਸ਼ੀਆ ਵਿੱਚੋਂ 2 ਮੰਤਰੀ, ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿੱਚੋਂ 1 ਮੰਤਰੀ, ਅਲਬਰਟਾ ਵਿੱਚੋਂ 1 ਮੰਤਰੀ, ਮੈਨੀਟੋਬਾ ਵਿੱਚੋਂ 1 ਮੰਤਰੀ, ਉੱਤਰ-ਪੱਛਮੀ ਪ੍ਰਦੇਸ਼ ਵਿੱਚੋਂ 1 ਮੰਤਰੀ, ਪ੍ਰਿੰਸ ਐਡਵਰਡ ਆਈਲੈਂਡ ਵਿੱਚੋਂ 1 ਮੰਤਰੀ, ਨਿਊ ਬਰੰਜ਼ਵਿਕ ਵਿੱਚੋਂ 1 ਸੈਕਟਰੀ, ਸਸਕੈਚਵਨ ਵਿੱਚੋਂ 1 ਸੈਕਟਰੀ ਸ਼ਾਮਲ ਹਨ। ਮਾਰਕ ਕਾਰਨੀ ਦੀ ਕੈਬਨਿਟ ਵਿੱਚ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰੀ ਦਾ ਅਹੁਦਾ ਲੀਨਾ ਮੇਟਲੇਗੇ ਦਿਆਬ, ਵਿਦੇਸ਼ ਮੰਤਰੀ ਦਾ ਅਹੁਦਾ ਅਨੀਤਾ ਅਨੰਦ, ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦਾਸੰਗਾਰੀ, ਖ਼ਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਸ਼ਫ਼ਕਤ ਅਲੀ, ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ। (ਅਪਰਾਧ ਰੋਕਥਾਮ) ਲਈ ਸਟੇਟ ਸਕੱਤਰ ਰੂਬੀ ਸਹੋਤਾ, (ਅੰਤਰਰਾਸ਼ਟਰੀ ਵਿਕਾਸ) ਲਈ ਸਟੇਟ ਸਕੱਤਰ ਰਣਦੀਪ ਸਰਾਏ ਨਿਯੁਕਤ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਸਰੀ ਸੈਂਟਰ ਦੇ ਐੱਮਪੀ ਰਣਦੀਪ ਸਰਾਏ ਪਹਿਲੇ ਦਸਤਾਰਧਾਰੀ ਐੱਮਪੀ ਹਨ ਜੋ ਕਿ ਮੰਤਰੀ ਮੰਡਲ ਵਿੱਚ ਸ਼ਾਮਲ ਹੋਏ ਹਨ। ਬਰੈਂਪਟਨ ਨੌਰਥ-ਕੈਲੇਡਨ ਤੋਂ ਚੌਥੀ ਵਾਰ ਚੋਣ ਜਿੱਤ ਕੇ ਐੱਮਪੀ ਬਣੀ ਰੂਬੀ ਸਹੋਤਾ ਨੂੰ ਰਾਜ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ। ਰੂਬੀ ਸਹੋਤਾ ਨੇ ਪਹਿਲੀ ਵਾਰ 2015 ਵਿੱਚ ਚੋਣ ਲੜ੍ਹੀ ਸੀ। ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਨਿਟ ਵਿੱਚ ਵੀ ਰੂਬੀ ਸਹੋਤਾ ਨੂੰ ਕੈਬਨਿਟ ਵਿੱਚ ਅਹੁਦਾ ਦਿੱਤਾ ਗਿਆ ਸੀ ਅਤੇ ਮਾਰਕ ਕਾਰਨੀ ਦੀ ਚੋਣਾਂ ਜਿੱਤਣ ਤੋਂ ਬਾਅਦ ਪਹਿਲੀ ਕੈਬਨਿਟ ਵਿੱਚ ਵੀ ਐੱਮਪੀ ਰੂਬੀ ਸਹੋਤਾ ਨੂੰ ਸ਼ਾਮਲ ਕੀਤਾ ਗਿਆ ਹੈ। ਬਰੈਂਪਟਨ ਈਸਟ ਦੇ ਐੱਮਪੀ ਮਨਿੰਦਰ ਸਿੱਧੂ 2019 ਵਿੱਚ ਚੋਣ ਮੈਦਾਨ ਵਿੱਚ ਉੱਤਰੇ ਸਨ। ਲਗਾਤਾਰ ਤੀਸਰੀ ਵਾਰ ਜਿੱਤ ਹਾਸਲ ਕਰਨ ਤੋਂ ਬਾਅਦ ਮਨਿੰਦਰ ਸਿੱਧੂ ਨੂੰ ਇਸ ਵਾਰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਬਰੈਂਪਟਨ ਚਿੰਗੂਜ਼ੀ ਪਾਰਕ ਤੋਂ ਐੱਮਪੀ ਸ਼ਫਕਤ ਅਲੀ ਨੇ ਦੂਸਰੀ ਵਾਰ ਚੋਣ ਜਿੱਤੀ ਹੈ ਅਤੇ ਉਨ੍ਹਾਂ ਨੂੰ ਵੀ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਸਮੂਹ ਪੰਜਾਬੀ ਭਾਈਚਾਰੇ ਨੂੰ ਮਾਰਕ ਕਾਰਨੀ ਦੀ ਕੈਬਨਿਟ ਵਿੱਚ ਸ਼ਾਮਲ ਹੋਏ ਤਿੰਨ ਪੰਜਾਬੀਆਂ 'ਤੇ ਮਾਣ ਮਹਿਸੂਸ ਹੋ ਰਿਹਾ ਹੈ।

Next Story
ਤਾਜ਼ਾ ਖਬਰਾਂ
Share it