ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬੀਆਂ ਦੇ ਕਾਰੋਬਾਰਾਂ 'ਤੇ ਪਿਆ ਅਸਰ!
14 ਦਸੰਬਰ ਤੋਂ 15 ਫਰਵਰੀ ਤੱਕ ਕੁੱਝ ਉਤਪਾਦਾਂ 'ਤੇ ਕੀਤਾ ਸੀ ਟੈਕਸ ਮੁਆਫ

ਓਨਟਾਰੀਓ 'ਚ 15 ਫਰਵਰੀ ਨੂੰ ਐੱਚਐੱਸਟੀ ਛੁੱਟੀਆਂ ਖਤਮ ਹੋ ਰਹੀਆਂ ਹਨ। ਸੰਘੀ ਸਰਕਾਰ ਨੇ ਘਰੇਲੂ ਖਰਚਿਆਂ ਨਾਲ ਨਜਿੱਠਣ 'ਚ ਕੈਨੇਡੀਅਨਾਂ ਦੀ ਮਦਦ ਕਰਨ ਲਈ ਟੈਕਸ ਛੋਟ ਲਾਗੂ ਕੀਤੀ ਸੀ। 14 ਦਸੰਬਰ 2024 ਅਤੇ 15 ਫਰਵਰੀ 2025 ਦੇ ਵਿਚਕਾਰ ਕੁਝ ਉਤਪਾਦਾਂ 'ਤੇ ਟੈਕਸ ਮੁਆਫ਼ ਕਰ ਦਿੱਤਾ ਗਿਆ ਸੀ। ਐੱਚਐੱਸਟੀ ਛੁੱਟੀਆਂ 'ਚ ਸ਼ਾਮਲ ਚੀਜ਼ਾਂ 'ਚ ਤਿਆਰ ਭੋਜਨ, ਰੈਸਟੋਰੈਂਟ ਦੇ ਖਾਣੇ, ਕੁਝ ਸਨੈਕਸ, ਬੀਅਰ, ਵਾਈਨ ਅਤੇ ਸਾਈਡਰ, ਨਾਲ ਹੀ ਕੁਝ ਪਹਿਲਾਂ ਤੋਂ ਮਿਕਸਡ ਅਲਕੋਹਲ ਵਾਲੇ ਪੀਣ ਵਾਲੇ ਪਦਾਰਥ, ਬੱਚਿਆਂ ਦੇ ਕੱਪੜੇ ਅਤੇ ਜੁੱਤੇ, ਕਾਰ ਸੀਟਾਂ ਅਤੇ ਡਾਇਪਰ, ਕੁਝ ਬੱਚਿਆਂ ਦੇ ਖਿਡੌਣੇ, ਜਿਵੇਂ ਕਿ ਬੋਰਡ ਗੇਮਜ਼, ਗੁੱਡੀਆਂ ਅਤੇ ਵੀਡੀਓ ਗੇਮ, ਕੁਝ ਕਿਤਾਬਾਂ, ਅਖਬਾਰ ਅਤੇ ਕ੍ਰਿਸਮਸ ਟ੍ਰੀ ਸ਼ਾਮਲ ਸਨ। ਜਦੋਂ ਕਿ ਖਪਤਕਾਰਾਂ ਨੂੰ ਥੋੜ੍ਹੀਆਂ ਘੱਟ ਕੀਮਤਾਂ ਦਾ ਆਨੰਦ ਮਿਿਲਆ, ਕਾਰੋਬਾਰੀ ਮਾਲਕਾਂ ਨੇ ਕਿਹਾ ਕਿ ਇਹ ਥੋੜ੍ਹੇ ਜਿਹੇ ਲਾਭ ਲਈ ਬਹੁਤ ਸਾਰਾ ਕੰਮ ਸੀ। ਜਿੰਨ੍ਹਾਂ ਕਾਰੋਬਾਰਾਂ ਉੱਪਰ ਸਭ ਤੋਂ ਵੱਧ ਇਸ ਦਾ ਅਸਰ ਦੇਖਣ ਨੂੰ ਮਿਿਲਆ, ਹਮਦਰਦ ਟੀਵੀ ਵੱਲੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ। ਇੰਨ੍ਹਾਂ 'ਚ ਰੈਸਟੋਰੈਂਟ, ਬੱਚਿਆਂ ਦੇ ਕੱਪੜੇ ਅਤੇ ਬੱਚਿਆਂ ਦੇ ਖਿਡੋਣੇ ਤੇ ਕਿਤਾਬਾਂ ਦੇ ਸਟੋਰ ਸ਼ਾਮਲ ਹਨ। ਬਰੈਂਪਟਨ 'ਚ ਸਥਿਤ ਫੈਸ਼ਨ ਆਈਕਿਊ ਸਟੋਰ ਦੇ ਮਾਲਕ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਐੱਚਐੱਸਟੀ ਛੁੱਟੀਆਂ ਦੌਰਾਨ ਉਨ੍ਹਾਂ ਦੇ ਕਾਰੋਬਾਰ 'ਚ ਵਾਧਾ ਦੇਖਣ ਨੂੰ ਮਿਿਲਆ।
ਬੱਚਿਆਂ ਦੇ ਖਿਡੌਣੇ ਅਤੇ ਕਿਤਾਬਾਂ ਉੱਪਰ ਵੀ ਐੱਚਐੱਸਟੀ ਛੁੱਟੀ ਦਿੱਤੀ ਗਈ ਸੀ। ਬਰੈਂਪਟਨ 'ਚ ਸਥਿਤ ਇੱਕ ਨਿੱਜੀ ਸਟੋਰ 'ਤੇ ਜਦੋਂ ਅਸੀਂ ਪਹੁੰਚੇ ਤਾਂ ਕਾਫੀ ਲੋਕਾਂ ਵੱਲੋਂ ਸਾਮਾਨ ਦੀ ਖਰੀਦਦਾਰੀ ਕੀਤੀ ਜਾ ਰਹੀ ਸੀ। ਸਟੋਰ ਦੀ ਮਾਲਕਣ ਨੇ ਆਪਣਾ ਨਾਮ ਅਤੇ ਤਸਵੀਰ ਲੈਣ ਤੋਂ ਮਨ੍ਹਾ ਕੀਤਾ ਪਰ ਉਨ੍ਹਾਂ ਨੇ ਰਿਕਾਡਿੰਗ ਦੌਰਾਨ ਦੱਸਿਆ ਕਿ 2 ਮਹੀਨੇ 'ਚ ਉਨ੍ਹਾਂ ਦੇ ਸਟੋਰ 'ਤੇ ਬਹੁਤ ਜ਼ਿਆਦਾ ਗਾਹਕ ਆਏ। ਗਾਹਕਾਂ ਦੇ ਵੱਲੋਂ ਅਗਲੇ ਸਾਲ ਦੀਆਂ ਕਿਤਾਬਾਂ ਦੀ ਖਰੀਦਦਾਦਰੀ ਵੀ ਪਹਿਲਾਂ ਹੀ ਕਰ ਲਈ ਗਈ ਅਤੇ ਐੱਚਐੱਸਟੀ ਛੁੱਟੀ ਖਤਮ ਹੋਣ ਦੇ ਅਖੀਰਲੇ ਹਫ਼ਤੇ 'ਚ ਲੋਕਾਂ ਵੱਲੋਂ ਹੋਰ ਵੀ ਵਾਧੂ ਖਰੀਦਦਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਪੱਕੇ ਤੌਰ 'ਤੇ ਹੀ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਗਾਹਕਾਂ ਦਾ ਤਾਂ ਫਾਇਦਾ ਹੁੰਦਾ ਹੀ ਹੈ, ਨਾਲ ਹੀ ਕਾਰੋਬਾਰੀਆਂ ਨੂੰ ਵੀ ਲਾਭ ਹੁੰਦਾ ਹੈ। ਓਰੈਂਜ਼ਵਿਲੇ ਦੇ ਪਹਿਲਵਾਨ ਢਾਬਾ ਦੇ ਮਾਲਕ ਚਮਕੌਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਬਹੁਤਾ ਫਾਇਦਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਕਾਰੋਬਾਰੀਆਂ ਨੂੰ ਕੋਈ ਫਾਇਦਾ ਨਹੀਂ ਹੋਇਆ ਪਰ ਗਾਹਕਾਂ ਨੂੰ ਜ਼ਰੂਰ ਇਸ ਦਾ ਫਾਇਦਾ ਹੋਇਆ ਹੈ ਕਿਉਂਕਿ ਜਦੋਂ ਉਹ ਖਾਣਾ ਖਾਣ ਆਉਂਦੇ ਸਨ ਜਾਂ ਆਰਡਰ ਕਰਦੇ ਸਨ ਤਾਂ ਉਸ ਉੱਪਰ ਲੱਗਣ ਵਾਲੇ ਟੈਕਸ ਤੋਂ ਉਨ੍ਹਾਂ ਦਾ ਬਚਾਅ ਹੋ ਜਾਂਦਾ ਸੀ।