ਨਸ਼ਾ ਤਸਕਰਾਂ ਦੇ ਘਰਾਂ ਉਤੇ ਫਿਰ ਚੱਲਿਆ ਪੀਲਾ ਪੰਜਾ

By : Gill
ਅੰਮ੍ਰਿਤਸਰ:
ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ, ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਜੰਡਿਆਲਾ ਥਾਣਾ ਖੇਤਰ ਦੇ ਪਿੰਡ ਧਾਰੜ ਵਿੱਚ ਵੱਡੀ ਕਾਰਵਾਈ ਕਰਦਿਆਂ, ਦੋ ਬਦਨਾਮ ਨਸ਼ਾ ਤਸਕਰਾਂ ਜਗਪ੍ਰੀਤ ਸਿੰਘ ਉਰਫ਼ ਜੱਗਾ ਅਤੇ ਸਤਨਾਮ ਸਿੰਘ ਉਰਫ਼ ਸੱਤੇ ਵੱਲੋਂ ਸਰਕਾਰੀ ਛੱਪੜ 'ਤੇ ਬਣਾਏ ਨਾਜਾਇਜ਼ ਘਰ ਢਾਹ ਦਿੱਤੇ। ਦੋਵੇਂ ਤਸਕਰਾਂ ਵਿਰੁੱਧ NDPS ਐਕਟ ਤਹਿਤ ਕਈ ਗੰਭੀਰ ਮਾਮਲੇ ਦਰਜ ਹਨ ਅਤੇ ਇਸ ਵੇਲੇ ਦੋਵੇਂ ਜੇਲ੍ਹ ਵਿੱਚ ਹਨ।
ਐਸਐਸਪੀ ਦਿਹਾਤੀ ਮਨਿੰਦਰ ਸਿੰਘ ਮੁਤਾਬਕ, ਇਹ ਅੰਮ੍ਰਿਤਸਰ ਪੁਲਿਸ ਦੀ ਪੰਜਵੀਂ ਅਜਿਹੀ ਕਾਰਵਾਈ ਹੈ, ਜਿਸ ਵਿੱਚ ਨਸ਼ਾ ਤਸਕਰਾਂ ਦੀ ਗੈਰ-ਕਾਨੂੰਨੀ ਜਾਇਦਾਦ ਨੂੰ ਢਾਹਿਆ ਗਿਆ। ਪੁਲਿਸ ਹੁਣ ਸਿਰਫ਼ ਗ੍ਰਿਫ਼ਤਾਰੀਆਂ ਤੱਕ ਸੀਮਤ ਨਹੀਂ, ਸਗੋਂ ਨਸ਼ਿਆਂ ਦੇ ਕਾਰੋਬਾਰ ਰਾਹੀਂ ਬਣੀ ਹੋਰ ਜਾਇਦਾਦਾਂ ਦੀ ਵੀ ਪਛਾਣ ਅਤੇ ਜ਼ਬਤੀ ਕਰ ਰਹੀ ਹੈ।
ਪੁਲਿਸ ਵੱਲੋਂ ਦੱਸਿਆ ਗਿਆ ਕਿ ਨਸ਼ਿਆਂ ਵਿਰੁੱਧ ਹੋ ਰਹੀਆਂ ਲਗਾਤਾਰ ਕਾਰਵਾਈਆਂ ਕਾਰਨ ਨੌਜਵਾਨਾਂ ਵਿੱਚ ਜਾਗਰੂਕਤਾ ਵਧੀ ਹੈ ਅਤੇ ਕਈ ਨੌਜਵਾਨ ਹੁਣ ਆਪਣੀ ਇੱਛਾ ਨਾਲ ਨਸ਼ਾ ਛੁਡਾਊ ਕੇਂਦਰਾਂ ਵਿੱਚ ਜਾ ਰਹੇ ਹਨ। ਹੁਣ ਤੱਕ ਆਬਕਾਰੀ ਐਕਟ ਤਹਿਤ 50 ਤੋਂ ਵੱਧ ਮਾਮਲੇ ਦਰਜ ਹੋ ਚੁੱਕੇ ਹਨ, ਜੋ ਪੁਲਿਸ ਦੀ ਸਖ਼ਤੀ ਨੂੰ ਦਰਸਾਉਂਦੇ ਹਨ।
ਐਸਐਸਪੀ ਨੇ ਆਖਿਆ ਕਿ ਨਸ਼ਿਆਂ ਦੇ ਕਾਰੋਬਾਰ ਤੋਂ ਬਣੀ ਹੋਰ ਜਾਇਦਾਦਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਵਿਰੁੱਧ ਹੋਰ ਕਾਰਵਾਈ ਕੀਤੀ ਜਾਵੇਗੀ।


