Canada ਦੇ ਗੁਰੂ ਘਰ 'ਚ ਬਣਿਆ ਵਿਲੱਖਣ ਸੱਚਖੰਡ ਸਾਹਿਬ, ਤੁਸੀਂ ਦੇਖਦੇ ਹੀ ਰਹਿ ਜਾਓਗੇ!
ਮਹੱਤਵਪੂਰਨ ਪ੍ਰੋਜੈਕਟ ‘ਤੇ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਚੱਲ ਰਿਹਾ ਸੀ ਕੰਮ, ਤਜਰਬੇਕਾਰ ਕਾਰੀਗਰਾਂ ਦੀ ਟੀਮ ਨੇ ਦਿਨ-ਰਾਤ ਮਿਹਨਤ ਕਰਕੇ ਤਿਆਰ ਕੀਤਾ ਸੱਚਖੰਡ ਸਾਹਿਬ

By : Sandeep Kaur
ਟੋਰਾਂਟੋ ਸਥਿਤ ਸਿੱਖ ਸਪਿਰਚੂਅਲ ਸੈਂਟਰ ਵਿਖੇ ਸੱਚਖੰਡ ਸਾਹਿਬ ਦੀ ਬਹੁਤ ਹੀ ਸੁੰਦਰ ਅਤੇ ਨਕਸ਼ੀਦਾਰ ਰਚਨਾ ਤਿਆਰ ਕੀਤੀ ਗਈ ਹੈ, ਜੋ ਸੰਗਤਾਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣ ਗਈ ਹੈ। ਕੈਨੇਡਾ ਵਿੱਚ ਇਹ ਪਹਿਲਾ ਗੁਰੂ ਘਰ ਦੱਸਿਆ ਜਾ ਰਿਹਾ ਹੈ ਜਿੱਥੇ ਇੰਨੀ ਸੁੰਦਰਤਾ, ਨਫ਼ਾਸਤ ਅਤੇ ਕਲਾ ਦੇ ਮਿਲਾਪ ਨਾਲ ਸੱਚਖੰਡ ਸਾਹਿਬ ਤਿਆਰ ਕੀਤੇ ਗਏ ਹਨ। 22 ਫਰਵਰੀ ਨੂੰ ਸ਼ਾਮ 4 ਵਜੇ ਇਹ ਪਵਿੱਤਰ ਦਰਬਾਰ ਸੰਗਤਾਂ ਦੇ ਦਰਸ਼ਨ ਲਈ ਖੋਲ੍ਹੇ ਗਏ, ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਹੋਈਆਂ ਅਤੇ ਧਾਰਮਿਕ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ। ਇਸ ਮਹੱਤਵਪੂਰਨ ਪ੍ਰੋਜੈਕਟ ‘ਤੇ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਕੰਮ ਚੱਲ ਰਿਹਾ ਸੀ ਅਤੇ ਹਰ ਛੋਟੀ ਤੋਂ ਛੋਟੀ ਬਰੀਕੀ ਦਾ ਖ਼ਾਸ ਧਿਆਨ ਰੱਖਿਆ ਗਿਆ ਤਾਂ ਜੋ ਆਤਮਿਕਤਾ ਅਤੇ ਸ਼ਰਧਾ ਦਾ ਅਸਲੀ ਰੂਪ ਪ੍ਰਗਟ ਹੋ ਸਕੇ। ਸੱਚਖੰਡ ਸਾਹਿਬ ਦੇ ਦਰਸ਼ਨ ਕਰਨ ਆਈਆਂ ਸੰਗਤਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਨਾ ਸਿਰਫ਼ ਗੁਰੂ ਘਰ ਦੀ ਰੌਣਕ ਵਧਾਉਂਦੇ ਹਨ, ਸਗੋਂ ਨਵੀਂ ਪੀੜ੍ਹੀ ਨੂੰ ਆਪਣੀ ਧਾਰਮਿਕ ਵਿਰਾਸਤ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਰਚਨਾ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਪ੍ਰੇਰਣਾ ਸਰੋਤ ਬਣੇਗੀ ਅਤੇ ਸਿੱਖ ਇਤਿਹਾਸ, ਕਲਾ ਤੇ ਆਤਮਿਕਤਾ ਦੇ ਸੁੰਦਰ ਮਿਲਾਪ ਦਾ ਜੀਵੰਤ ਪ੍ਰਤੀਕ ਰਹੇਗੀ। ਇਹ ਪਵਿੱਤਰ ਕਾਰਜ ਯੂਨੀਕ ਮਰਚੈਨਡਾਈਜ਼ ਡਿਸਪਲੇਜ਼ ਵੱਲੋਂ ਸੰਪੰਨ ਕੀਤਾ ਗਿਆ। ਕੰਪਨੀ ਦੇ ਮਾਲਕ ਸਰਦਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਲਈ ਵਿਸ਼ੇਸ਼ ਤੌਰ ‘ਤੇ ਤਜਰਬੇਕਾਰ ਕਾਰੀਗਰਾਂ ਦੀ ਟੀਮ ਨੇ ਦਿਨ-ਰਾਤ ਮਿਹਨਤ ਕੀਤੀ ਅਤੇ ਹਰ ਡਿਜ਼ਾਈਨ ਨੂੰ ਰਵਾਇਤੀ ਸਿੱਖ ਸਥਾਪਤਕਲਾ ਦੇ ਅਨੁਸਾਰ ਤਿਆਰ ਕੀਤਾ ਗਿਆ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਦਿਓਲ ਨੇ ਵੀ ਇਸ ਉੱਤਮ ਕਾਰਜ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਆਤਮਿਕ ਪ੍ਰਯਾਸ ਸੰਗਤਾਂ ਨੂੰ ਗੁਰੂ ਘਰ ਨਾਲ ਹੋਰ ਨੇੜੇ ਜੋੜਦੇ ਹਨ ਅਤੇ ਧਾਰਮਿਕ ਵਿਰਾਸਤ ਦੀ ਸ਼ਾਨ ਨੂੰ ਵਧਾਉਂਦੇ ਹਨ। ਉਨ੍ਹਾਂ ਨੇ ਸਰਦਾਰ ਪਰਮਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਦਿਲੋਂ ਧੰਨਵਾਦ ਕਰਦਿਆਂ ਆਸ ਜਤਾਈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੇਰਣਾਦਾਇਕ ਉਪਰਾਲੇ ਜਾਰੀ ਰਹਿਣਗੇ, ਜੋ ਸੰਗਤਾਂ ਵਿੱਚ ਸ਼ਰਧਾ, ਸੇਵਾ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਗੇ।


