ਤੁਰਕਿਸ਼ ਏਅਰਲਾਈਨਜ ਦੇ ਜਹਾਜ਼ ਦੇ ਪਾਇਲਟ ਦੀ ਉਡਾਣ ਦੌਰਾਨ ਹੋਈ ਮੌਤ
ਜਹਾਜ਼ ਨੂੰ ਸਹਿ ਪਾਇਲਟ ਨੇ ਹੰਗਾਮੀ ਹਾਲਤ ਵਿਚ ਨਿਊਯਾਰਕ ਹਵਾਈ ਅੱਡੇ 'ਤੇ ਉਤਾਰਿਆ
By : BikramjeetSingh Gill
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਤੁਰਕਿਸ਼ ਏਅਰਲਾਈਨਜ਼ ਦੇ ਜਹਾਜ਼ ਦੇ ਪਾਇਲਟ ਦੀ ਉਡਾਣ ਦੌਰਾਨ ਅਚਾਨਕ ਮੌਤ ਹੋ ਜਾਣ ਕਾਰਨ ਜਹਾਜ਼ ਨੂੰ ਹੰਗਾਮੀ ਹਾਲਤ ਵਿਚ ਸਹਿ ਪਾਇਲਟ ਵੱਲੋਂ ਨਿਊਯਾਰਕ ਦੇ ਹਵਾਈ ਅੱਡੇ 'ਤੇ ਉਤਾਰੇ ਜਾਣ ਦੀ ਖਬਰ ਹੈ। ਤੁਰਕਿਸ਼ ਏਅਰਲਾਈਨਜ ਦੇ ਬੁਲਾਰੇ ਯਾਹੀਆ ਉਸਤੁਨ ਨੇ ਕਿਹਾ ਹੈ ਕਿ ਜਹਾਜ਼ ਸਿਆਟਲ ਤੋਂ ਇਸਤੰਬੁਲ ਜਾ ਰਿਹਾ ਸੀ ਕਿ 59 ਸਾਲਾ ਪਾਇਲਟ ਲਈਸਹਿਨ ਪੈਹਲੀਵਨ ਅਚਾਨਕ ਬੇਸੁੱਧ ਹੋ ਗਿਆ। ਉਸਤੁਨ ਅਨੁਸਾਰ ਪਾਇਲਟ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ।
ਜਹਾਜ਼ ਦੇ ਸਹਿ ਪਾਇਲਟ ਵੱਲੋ ਜਹਾਜ਼ ਨੂੰ ਹੰਗਾਮੀ ਹਾਲਤ ਵਿਚ ਉਤਾਰਨ ਦਾ ਫੈਸਲਾ ਲਿਆ ਗਿਆ ਪਰੰਤੂ ਪਾਇਲਟ ਪਹਿਲਾਂ ਹੀ ਦਮ ਤੋੜ ਚੁੱਕਾ ਸੀ। ਬੁਲਾਰੇ ਅਨੁਸਾਰ ਪਾਇਲਟ 2007 ਤੋਂ ਤੁਰਕਿਸ਼ ਏਅਰਲਾਈਨ ਵਿਚ ਕੰਮ ਕਰ ਰਿਹਾ ਸੀ ਤੇ ਇਸ ਸਾਲ ਮਾਰਚ ਵਿਚ ਉਸ ਦੀ ਆਮ ਵਾਂਗ ਹੋਈ ਮੈਡੀਕਲ ਜਾਂਚ ਵਿੱਚ ਉਸ ਨੂੰ ਕੋਈ ਵੀ ਸਿਹਤ ਸਮੱਸਿਆ ਨਹੀਂ ਸੀ ਤੇ ਉਹ ਪੂਰੀ ਤਰਾਂ ਤੰਦਰੁਸਤ ਸੀ। ਤੁਰਕਿਸ਼ ਏਅਰਲਾਈਨ ਨੇ ਕੈਪਟਨ ਦੀ ਮੌਤ ਨੂੰ ਵੱਡਾ ਘਾਟਾ ਦੱਸਿਆ ਹੈ ਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।