5 ਭੈਣਾਂ ਦਾ ਇਕਲੌਤਾ ਭਰਾ ਕੈਨੇਡਾ ਵਿੱਚ ਆਇਆ ਹਾਰਟ ਅਟੈਕ
ਬਰਨਾਲਾ ਦੇ ਪਿੰਡ ਠੀਕਰੀਵਾਲਾ ਵਾਸੀ 31 ਸਾਲਾ ਨੌਜਵਾਨ ਬੇਅੰਤ ਸਿੰਘ ਉਰਫ਼ ਜਗਤਾਰ ਪੁੱਤਰ ਬਚਿੱਤਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

ਸਿਰ ਉੱਤੇ ਪਿਉ ਦਾ ਸਾਇਆ ਵੀ ਹੈ ਨਾ, ਵਿਧਵਾ ਮਾਂ ਦਾ ਇੱਕੋ ਸਹਾਰਾ ਸੀ ਨੌਜਵਾਨ
ਹਲੇ 2 ਮਹੀਨੇ ਪਹਿਲਾਂ ਹੀ ਰੋਜੀ ਰੋਟੀ ਲਈ ਗਿਆ ਸੀ ਕੈਨੇਡਾ
ਕੈਨੇਡਾ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੇ ਬਰਨਾਲਾ ਦੇ ਪਿੰਡ ਠੀਕਰੀਵਾਲਾ ਵਾਸੀ 31 ਸਾਲਾ ਨੌਜਵਾਨ ਬੇਅੰਤ ਸਿੰਘ ਉਰਫ਼ ਜਗਤਾਰ ਪੁੱਤਰ ਬਚਿੱਤਰ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਬੇਅੰਤ ਸਿੰਘ ਕਰੀਬ ਦੋ ਮਹੀਨੇ ਪਹਿਲਾਂ ਹੀ ਆਪਣੀ ਮਾਂ ਅਤੇ ਪਰਿਵਾਰ ਦੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਕੈਨੇਡਾ ਦੇ ਸਰੀ ਸ਼ਹਿਰ ਗਿਆ ਸੀ। ਪਰਿਵਾਰ ਨੇ ਉਸਨੂੰ ਵਿਦੇਸ਼ ਭੇਜਣ ਲਈ ਕਰਜ਼ਾ ਵੀ ਚੁੱਕਿਆ ਸੀ। ਬੇਅੰਤ ਸਿੰਘ ਪੰਜ ਭੈਣਾਂ ਦਾ ਇਕਲੌਤਾ ਭਰਾ ਤੇ ਆਪਣੀ ਵਿਧਵਾ ਮਾਂ ਮਲਕੀਤ ਕੌਰ ਦਾ ਇਕੋ-ਇੱਕ ਸਹਾਰਾ ਸੀ।
ਮ੍ਰਿਤਕ ਦੇ ਚਾਚਾ ਹਰਭਗਵਾਨ ਸਿੰਘ ਨੇ ਦੱਸਿਆ ਕਿ ਬੇਅੰਤ ਸਿੰਘ ਅਪਰੈਲ ਮਹੀਨੇ ਵਿੱਚ ਕੈਨੇਡਾ ਗਿਆ ਸੀ। ਦੋ ਜੁਲਾਈ ਨੂੰ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਦੁਖਦਾਈ ਘਟਨਾ ਨੇ ਪੂਰੇ ਪਰਿਵਾਰ ਅਤੇ ਪਿੰਡ 'ਚ ਸੋਗ ਦੀ ਲਹਿਰ ਛਾ ਦਿੱਤੀ ਹੈ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤ ਦੀ ਲਾਸ਼ ਜਲਦੀ ਤੋਂ ਜਲਦੀ ਭਾਰਤ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ, ਤਾਂ ਜੋ ਉਹ ਪੁੱਤ ਦੇ ਅੰਤਿਮ ਦਰਸ਼ਨ ਕਰ ਸਕਣ।
ਪਿੰਡ ਵਾਸੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਪਰਿਵਾਰ ਨੂੰ ਹੌਸਲਾ ਦਿੱਤਾ ਜਾ ਰਿਹਾ ਹੈ, ਪਰ ਇਸ ਅਚਾਨਕ ਦੁੱਖ ਨੇ ਉਨ੍ਹਾਂ ਦੀਆਂ ਉਮੀਦਾਂ ਤੇ ਆਸਾਂ 'ਤੇ ਪਾਣੀ ਫੇਰ ਦਿੱਤਾ ਹੈ।