ਡਿਜੀਟਲ ਯੁੱਗ ਵਿੱਚ ਬੱਚਿਆਂ ਦੇ ਦਿਮਾਗ ਦੀ ਨਵੀਂ ਸੁਰਤ
ਬੱਚਿਆਂ ਨੂੰ ਡਿਜੀਟਲ ਯੁੱਗ ਵਿੱਚ ਸਹੀ ਦਿਸ਼ਾ ਦਿਖਾਉਣ ਲਈ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਕੇਂਦਰੀ ਬਣ ਜਾਂਦੀ ਹੈ।

21ਵੀਂ ਸਦੀ ਨੇ ਜਿੱਥੇ ਸਾਡੀ ਜੀਵਨ ਸ਼ੈਲੀ ਨੂੰ ਬਦਲ ਕੇ ਰੱਖ ਦਿੱਤਾ ਹੈ, ਉੱਥੇ ਹੀ ਇਸ ਡਿਜੀਟਲ ਕ੍ਰਾਂਤੀ ਨੇ ਸਭ ਤੋਂ ਵੱਧ ਪ੍ਰਭਾਵ ਬੱਚਿਆਂ ਦੇ ਜੀਵਨ 'ਤੇ ਪਾਇਆ ਹੈ। ਅੱਜ ਦਾ ਬੱਚਾ ਜਿੱਥੇ ਇੱਕ ਪਾਸੇ ਇਲੈਕਟ੍ਰੋਨਿਕ ਜੰਤਰਾਂ ਨਾਲ ਪੈਦਾ ਹੋ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਉਸ ਦੀ ਬਚਪਨ ਦੀ ਸਾਦਗੀ, ਖੇਡਾਂ ਅਤੇ ਮਨੋਵਿਗਿਆਨਿਕ ਵਿਕਾਸ ਵਿੱਚ ਵੱਡੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ।
“ਡਿਜੀਟਲ ਯੁੱਗ ਵਿੱਚ ਬੱਚਿਆਂ ਦੇ ਦਿਮਾਗ ਦੀ ਨਵੀ ਸੁਰਤ” ਦੇ ਅਰਥ ਹਨ ਉਹ ਤਰੀਕੇ ਜਿਨ੍ਹਾਂ ਰਾਹੀਂ ਕੰਪਿਊਟਰ, ਟੈਬਲੇਟ, ਮੋਬਾਈਲ ਅਤੇ ਇੰਟਰਨੈਟ ਬੱਚਿਆਂ ਦੇ ਸੋਚਣ, ਸਮਝਣ, ਅਤੇ ਅਧਿਐਨ ਕਰਨ ਦੇ ਢੰਗ ਨੂੰ ਪ੍ਰਭਾਵਿਤ ਕਰ ਰਹੇ ਹਨ। ਕਈ ਦਹਾਕੇ ਪਹਿਲਾਂ ਬੱਚਿਆਂ ਲਈ ਸਿੱਖਣ ਦੀ ਪ੍ਰਕਿਰਿਆ ਖੇਡਾਂ, ਗੱਲਬਾਤ, ਪਰਿਵਾਰਕ ਕਹਾਣੀਆਂ ਅਤੇ ਕੁਦਰਤ ਨਾਲ ਜੁੜੀ ਹੋਈ ਸੀ। ਅੱਜ, ਬੱਚਾ ਆਂਖ ਖੋਲ੍ਹਦੇ ਹੀ ਮੋਬਾਈਲ ਦੀ ਸਕਰੀਨ ਨੂੰ ਵੇਖ ਰਿਹਾ ਹੈ। ਇਹ ਸਕਰੀਨ ਸਿਰਫ ਇੱਕ ਮੀਡੀਆ ਨਹੀਂ ਰਹੀ, ਇਹ ਬੱਚਿਆਂ ਦੀ ਜ਼ਿੰਦਗੀ ਦਾ ਅਟੂਟ ਹਿੱਸਾ ਬਣ ਗਈ ਹੈ। ਪਰ ਇਹ ਜ਼ਰੂਰੀ ਹੈ ਕਿ ਅਸੀਂ ਸਮਝੀਏ ਕਿ ਇਸ ਤਕਨੀਕੀ ਇਨਕਲਾਬ ਨੇ ਬੱਚਿਆਂ ਦੇ ਦਿਮਾਗ ਦੇ ਢਾਂਚੇ, ਸਮਝ, ਯਾਦਦਾਸ਼ਤ, ਧਿਆਨ ਅਤੇ ਵਿਅਕਤੀਗਤ ਵਿਕਾਸ 'ਤੇ ਕਿਵੇਂ ਅਤੇ ਕਿੰਨਾ ਅਸਰ ਕੀਤਾ ਹੈ। ਡਿਜੀਟਲ ਸਾਧਨਾਂ ਦੇ ਸਹੀ ਉਪਯੋਗ ਨਾਲ ਬੱਚਿਆਂ ਦੀ ਵਿਗਿਆਨਕ ਅਤੇ ਗਣਿਤੀਕ ਸੋਚ 'ਚ ਨਿਖਾਰ ਆਇਆ ਹੈ। ਇੰਟਰਐਕਟਿਵ ਗੇਮਜ਼, ਐਪਸ ਅਤੇ ਐਨੀਮੇਟਡ ਵੀਡੀਓਜ਼ ਰਾਹੀਂ ਬੱਚਿਆਂ ਨੂੰ ਸਮਝਾਉਣਾ ਅਸਾਨ ਹੋ ਗਿਆ ਹੈ। ਉਹ ਸਿੱਖਣ ਵਿੱਚ ਦਿਲਚਸਪੀ ਲੈ ਰਹੇ ਹਨ। ਪਰ ਜਿੱਥੇ ਸੂਚਨਾ ਦੀ ਆਜ਼ਾਦੀ ਹੈ, ਉੱਥੇ ਹੀ ਸਮੇਂ ਦੀ ਨਿਯਮਤਤਾ ਦੀ ਕਮੀ ਵੀ ਹੈ। ਜ਼ਿਆਦਾ ਸਕਰੀਨ ਟਾਈਮ ਬੱਚਿਆਂ ਦੇ ਮਨੋਵਿਗਿਆਨ 'ਤੇ ਨਕਾਰਾਤਮਕ ਅਸਰ ਪਾ ਰਿਹਾ ਹੈ। ਬੱਚੇ ਛੋਟੀ ਉਮਰ ਵਿੱਚ ਹੀ ਵਿਅਕਤੀਗਤ ਸੰਬੰਧਾਂ ਦੀ ਥਾਂ ਡਿਜੀਟਲ ਦੁਨੀਆਂ ਨੂੰ ਵਧੀਕ ਤਰਜੀਹ ਦੇ ਰਹੇ ਹਨ।
ਤਕਨੀਕੀ ਨਸ਼ਾ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਬੱਚੇ ਖੇਡਣ, ਦੌੜਣ ਜਾਂ ਸਮਾਜਕ ਸੰਬੰਧ ਬਣਾਉਣ ਦੀ ਥਾਂ ਸਕਰੀਨ 'ਤੇ ਚੁੰਬਕ ਵਾਂਗ ਲੱਗੇ ਰਹਿੰਦੇ ਹਨ। ਹਾਲੀਆ ਮਨੋਵਿਗਿਆਨਕ ਅਧਿਐਨ ਦੱਸਦੇ ਹਨ ਕਿ ਸਕਰੀਨ 'ਤੇ ਲੰਮਾ ਸਮਾਂ ਬਿਤਾਉਣ ਵਾਲੇ ਬੱਚਿਆਂ ਵਿੱਚ ਧਿਆਨ ਦੀ ਘਾਟ, ਠੀਕ ਤਰੀਕੇ ਨਾਲ ਸੋਚਣ ਦੀ ਸਮਰਥਾ ਦੀ ਕਮੀ ਅਤੇ ਅਕਸਰ ਉੱਚੇ-ਚੜ੍ਹਾਅ ਵਾਲਾ ਵਿਵਹਾਰ ਦੇਖਿਆ ਜਾਂਦਾ ਹੈ। ਉਦਾਹਰਣ ਵਜੋਂ ਇੱਕੋ ਸਮੇਂ ਚੈਟ ਕਰਨਾ, ਵੀਡੀਓ ਵੇਖਣਾ ਅਤੇ ਹੋਮਵਰਕ ਕਰਨਾ ਬੱਚਿਆਂ ਦੇ ਦਿਮਾਗ ਨੂੰ ਇਕਾਗਰ ਕਰਨ ਦੀ ਆਦਤ 'ਚ ਰੁਕਾਵਟ ਪੈਦਾ ਕਰ ਰਹੀ ਹੈ। ਇਹ ਦਿਮਾਗੀ ਥਕਾਵਟ ਅਤੇ ਤਨਾਅ ਦਾ ਕਾਰਣ ਬਣਦੀ ਹੈ। ਸੋਸ਼ਲ ਮੀਡੀਆ ਅਤੇ ਯੂਟਿਊਬ ਜਿਹੇ ਪਲੇਟਫਾਰਮਾਂ 'ਤੇ ਮਿਲਣ ਵਾਲੀ ਸਮੱਗਰੀ ਹਮੇਸ਼ਾ ਉਚਿਤ ਨਹੀਂ ਹੁੰਦੀ। ਕਈ ਵਾਰ ਬੱਚੇ ਹਿੰਸਕ, ਗਲਤ ਜਾਂ ਉਚਿਤ ਨਾਹੁਣ ਵਾਲੀ ਸਮੱਗਰੀ ਨਾਲ ਵੀ ਸੰਪਰਕ 'ਚ ਆ ਜਾਂਦੇ ਹਨ, ਜੋ ਉਨ੍ਹਾਂ ਦੀ ਮਨੋਵ੍ਰਿਤੀ ਨੂੰ ਨਕਾਰਾਤਮਕ ਦਿਸ਼ਾ 'ਚ ਲੈ ਜਾਂਦੀ ਹੈ। ਮਾਨਸਿਕ ਤਣਾਅ, ਡਿਪ੍ਰੈਸ਼ਨ, ਆਤਮ-ਵਿਸ਼ਵਾਸ ਦੀ ਘਾਟ ਅਤੇ ਤਨਾਵ-ਭਰੇ ਸੰਕੇਤ ਅੱਜ ਦੇ ਨੌਜਵਾਨ ਬੱਚਿਆਂ ਵਿੱਚ ਵੱਧ ਰਹੇ ਹਨ। ਇਹ ਸਿਰਫ ਸਮਾਜਕ ਨਹੀਂ, ਸਿੱਧਾ ਦਿਮਾਗੀ ਰਚਨਾ 'ਤੇ ਅਸਰ ਪਾਉਂਦੇ ਹਨ।
ਡਿਜੀਟਲ ਉਪਕਰਨਾਂ ਨੇ ਬੱਚਿਆਂ ਦੀ ਯਾਦਦਾਸ਼ਤ ਦੇ ਢੰਗ ਨੂੰ ਵੀ ਬਦਲ ਦਿੱਤਾ ਹੈ। ਅੱਜ ਦਾ ਬੱਚਾ ਜਾਣਕਾਰੀ ਨੂੰ ਯਾਦ ਰੱਖਣ ਦੀ ਥਾਂ, ਗੂਗਲ 'ਤੇ ਲੱਭਣ ਦੀ ਆਦਤ 'ਚ ਹੈ। ਇਸ ਨਾਲ “ਕ੍ਰਮਿਕ ਯਾਦਦਾਸ਼ਤ” ਘਟਦੀ ਜਾ ਰਹੀ ਹੈ, ਅਤੇ “ਦਿਸ਼ਾ ਸੂਚਕ ਯਾਦਦਾਸ਼ਤ” ਵਧ ਰਹੀ ਹੈ। ਬੱਚਿਆਂ ਨੂੰ ਡਿਜੀਟਲ ਯੁੱਗ ਵਿੱਚ ਸਹੀ ਦਿਸ਼ਾ ਦਿਖਾਉਣ ਲਈ ਮਾਪਿਆਂ ਅਤੇ ਅਧਿਆਪਕਾਂ ਦੀ ਭੂਮਿਕਾ ਕੇਂਦਰੀ ਬਣ ਜਾਂਦੀ ਹੈ।
ਕੰਪਿਊਟਰ ਸਿਰਫ਼ ਨੁਕਸਾਨਦਾਇਕ ਨਹੀਂ, ਸਹੀ ਦਿਸ਼ਾ ਵਿੱਚ ਇਸ ਦੇ ਉਪਯੋਗ ਨਾਲ ਬੱਚੇ ਨਵੇਂ ਭਵਿੱਖ ਲਈ ਤਿਆਰ ਹੋ ਸਕਦੇ ਹਨ। ਡਿਜੀਟਲ ਯੁੱਗ ਅਟਲ ਹੈ, ਅਤੇ ਇਸ ਤੋਂ ਪਿੱਛੇ ਹਟਣ ਦੀ ਥਾਂ, ਇਹ ਸਮਝਣਾ ਵਧੀਕ ਜ਼ਰੂਰੀ ਹੈ ਕਿ ਅਸੀਂ ਇਸ ਨੂੰ ਕਿਵੇਂ ਸੰਤੁਲਿਤ ਢੰਗ ਨਾਲ ਆਪਣੇ ਬੱਚਿਆਂ ਦੀ ਵਧਤ ਵਿੱਚ ਸ਼ਾਮਿਲ ਕਰੀਏ। ਬਚਪਨ ਦੀ ਸੰਵੇਦਨਸ਼ੀਲ ਅਵਸਥਾ ਵਿੱਚ, ਉਨ੍ਹਾਂ ਦੇ ਦਿਮਾਗੀ ਢਾਂਚੇ ਨੂੰ ਰਚਣ ਵਾਲਾ ਹਰ ਤੱਤ, ਚਾਹੇ ਉਹ ਖੇਡ ਹੋਵੇ, ਗੱਲਬਾਤ ਹੋਵੇ ਜਾਂ ਸਕਰੀਨ, ਉਨ੍ਹਾਂ ਦੇ ਭਵਿੱਖ ਨੂੰ ਨਿਰਧਾਰਤ ਕਰਦਾ ਹੈ।
ਅੰਤ ਵਿੱਚ, ਡਿਜੀਟਲ ਯੁੱਗ ਵਿੱਚ ਬੱਚਿਆਂ ਦਾ ਦਿਮਾਗ ਇਕ ਨਵੇਂ ਪੈਟਰਨ ਅਨੁਸਾਰ ਅੱਗੇ ਵੱਧ ਰਿਹਾ ਹੈ। ਇਹ ਪੈਟਰਨ ਚੁਸਤ, ਤੀਬਰ ਪਰੰਤੂ ਅਕਸਰ ਤਣਾਅ ਭਰਿਆ ਵੀ ਹੋ ਸਕਦਾ ਹੈ। ਸਾਡਾ ਕੰਮ ਹੈ, ਇਸ ਪੈਟਰਨ ਨੂੰ ਰੂਚਿਕਰ, ਸੁਰੱਖਿਅਤ ਅਤੇ ਸੰਤੁਲਿਤ ਰੂਪ ਦੇਣਾ। ਤਬ ਹੀ ਅਸੀਂ ਕਹਿ ਸਕਾਂਗੇ ਕਿ “ਡਿਜੀਟਲ ਯੁੱਗ ਵਿੱਚ ਬੱਚਿਆਂ ਦੇ ਦਿਮਾਗ ਦੀ ਨਵੀ ਸੁਰਤ” ਸਿਰਫ਼ ਬਦਲਾਅ ਨਹੀਂ, ਇਕ ਨਵੀਂ ਇਨਸਾਨੀ ਉੱਡਾਨ ਹੈ।
-- ਜਸਵਿੰਦਰ ਸਿੰਘ
ਸਹਾਇਕ ਪ੍ਰੋਫੈਸਰ,
ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ
Email: [email protected]
Contact: 8146204545