ਗਾਜ਼ਾ ਦਾ ਆਖਰੀ ਹਸਪਤਾਲ ਵੀ ਬੰਦ, ਸਟਰੈਚਰ 'ਤੇ ਪਏ ਮਰੀਜ਼ ਬਾਹਰ ਕੱਢੇ
By : BikramjeetSingh Gill
ਤੇਲ ਅਵੀਵ : ਫਲਸਤੀਨ ਦੇ ਗਾਜ਼ਾ ਪੱਟੀ ਖੇਤਰ ਵਿੱਚ ਚੱਲ ਰਿਹਾ ਆਖਰੀ ਹਸਪਤਾਲ ਵੀ ਹੁਣ ਬੰਦ ਕਰ ਦਿੱਤਾ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਹਸਪਤਾਲ ਨੂੰ ਬੰਦ ਕਰਕੇ ਇੱਥੇ ਦਾਖਲ ਸਾਰੇ ਮਰੀਜ਼ਾਂ ਨੂੰ ਬਾਹਰ ਭੇਜਿਆ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਇਜ਼ਰਾਈਲ ਨੇ ਇਲਾਕਾ ਖਾਲੀ ਕਰਨ ਦਾ ਹੁਕਮ ਦਿੱਤਾ ਹੈ ਅਤੇ ਉਦੋਂ ਤੋਂ ਹੀ ਲੋਕ ਉੱਥੋਂ ਨਿਕਲ ਰਹੇ ਹਨ।
ਇਜ਼ਰਾਈਲ ਦੇ ਇਸ ਹੁਕਮ ਨਾਲ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਨਵੀਂ ਜ਼ਮੀਨੀ ਕਾਰਵਾਈ ਸ਼ੁਰੂ ਕਰ ਸਕਦਾ ਹੈ। ਇਸ ਦੇ ਨਾਲ ਹੀ ਗਾਜ਼ਾ ਪੱਟੀ 'ਤੇ ਚੱਲ ਰਹੇ ਆਖਰੀ ਹਸਪਤਾਲ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਅਲ-ਅਕਸਾ ਸ਼ਹੀਦਾਂ ਦਾ ਹਸਪਤਾਲ ਕੇਂਦਰੀ ਗਾਜ਼ਾ ਵਿੱਚ ਮੁੱਖ ਮੈਡੀਕਲ ਕੇਂਦਰਾਂ ਵਿੱਚੋਂ ਇੱਕ ਸੀ।
ਇਜ਼ਰਾਇਲੀ ਫੌਜ ਨੇ ਅਜੇ ਤੱਕ ਹਮਲਾ ਸ਼ੁਰੂ ਨਹੀਂ ਕੀਤਾ ਹੈ ਪਰ ਸਥਾਨਕ ਲੋਕਾਂ ਨੂੰ ਡਰ ਹੈ ਕਿ ਕਿਸੇ ਵੀ ਸਮੇਂ ਹਮਲਾ ਹੋ ਸਕਦਾ ਹੈ। ਜੇਕਰ ਅਜਿਹੀ ਸਥਿਤੀ ਬਣੀ ਤਾਂ ਬਚਣਾ ਮੁਸ਼ਕਲ ਹੋ ਜਾਵੇਗਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਇਜ਼ਰਾਈਲ ਨੇ ਗਾਜ਼ਾ ਅਤੇ ਖਾਨ ਯੂਨਿਸ 'ਤੇ ਹਮਲਾ ਕੀਤਾ ਸੀ, ਜਿਸ 'ਚ ਘੱਟੋ-ਘੱਟ 19 ਲੋਕ ਮਾਰੇ ਗਏ ਸਨ। ਲੇਬਨਾਨ ਦੀ ਸਰਹੱਦ 'ਤੇ ਵੱਖਰੀ ਜੰਗ ਚੱਲ ਰਹੀ ਹੈ। ਜਿੱਥੇ ਹਿਜ਼ਬੁੱਲਾ ਨੇ ਇਜ਼ਰਾਈਲ 'ਤੇ ਰਾਕੇਟ ਅਤੇ ਮਿਜ਼ਾਈਲਾਂ ਨਾਲ ਹਮਲਾ ਕੀਤਾ, ਉੱਥੇ ਹੀ ਇਜ਼ਰਾਈਲ ਨੇ ਲੇਬਨਾਨ ਨੂੰ ਵੀ ਨਿਸ਼ਾਨਾ ਬਣਾਇਆ। ਪਿਛਲੇ 10 ਮਹੀਨਿਆਂ ਤੋਂ ਚੱਲ ਰਹੀ ਜੰਗ ਵਿੱਚ ਇਜ਼ਰਾਈਲ ਨੇ ਗਾਜ਼ਾ ਦੇ ਕਈ ਹਸਪਤਾਲਾਂ 'ਤੇ ਕਬਜ਼ਾ ਕਰ ਲਿਆ ਹੈ।
ਇਜ਼ਰਾਈਲ ਦਾ ਦੋਸ਼ ਹੈ ਕਿ ਇਨ੍ਹਾਂ ਹਸਪਤਾਲਾਂ ਨੂੰ ਹਮਾਸ ਨੇ ਪਨਾਹਗਾਹ ਵਜੋਂ ਵਰਤਿਆ ਹੈ। ਇਜ਼ਰਾਇਲੀ ਫੌਜ ਨੇ ਅਚਾਨਕ ਕਈ ਹਸਪਤਾਲਾਂ 'ਤੇ ਛਾਪੇਮਾਰੀ ਕੀਤੀ। ਕਈ ਥਾਵਾਂ 'ਤੇ ਹਮਾਸ ਦੇ ਕਮਾਂਡਰ ਵੀ ਮਿਲੇ ਹਨ। ਅਜਿਹੇ 'ਚ ਉਨ੍ਹਾਂ ਨੇ ਇਸ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਮੁਤਾਬਕ ਗਾਜ਼ਾ ਦਾ ਲਗਭਗ 84 ਫੀਸਦੀ ਹਿੱਸਾ ਯੁੱਧ ਤੋਂ ਪ੍ਰਭਾਵਿਤ ਹੈ ਅਤੇ ਇਨ੍ਹਾਂ ਇਲਾਕਿਆਂ ਤੋਂ ਹਿਜਰਤ ਹੋਈ ਹੈ। ਗਾਜ਼ਾ ਦੀ 90 ਫੀਸਦੀ ਆਬਾਦੀ ਯਾਨੀ 23 ਲੱਖ ਲੋਕਾਂ ਨੂੰ ਆਪਣੇ ਘਰ ਛੱਡ ਕੇ ਭੱਜਣਾ ਪਿਆ ਹੈ। ਹਜ਼ਾਰਾਂ ਲੋਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਕਈ ਵਾਰ ਪਰਵਾਸ ਕਰਨਾ ਪਿਆ ਹੈ।