Chandigarh to Dharamshala ਦਾ ਸਫ਼ਰ ਹੋਵੇਗਾ ਸੁਖਾਲਾ: ਹਾਈਵੇਅ ਨੂੰ ਚਾਰ-ਮਾਰਗੀ ਕਰਨ ਲਈ ਨੋਟੀਫਿਕੇਸ਼ਨ ਜਾਰੀ
ਇਹ ਸੜਕ ਮਾਰਗ ਧਾਰਮਿਕ ਅਤੇ ਰਣਨੀਤਕ ਪੱਖੋਂ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਸ੍ਰੀ ਕੀਰਤਪੁਰ ਸਾਹਿਬ,

By : Gill
ਮੋਹਾਲੀ/ਰੂਪਨਗਰ, 4 ਫਰਵਰੀ, 2026: ਚੰਡੀਗੜ੍ਹ ਤੋਂ ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਅਤੇ ਸੈਰ-ਸਪਾਟਾ ਕੇਂਦਰਾਂ ਜਿਵੇਂ ਕਿ ਚਿੰਤਪੁਰਨੀ, ਜਵਾਲਾਮੁਖੀ ਅਤੇ ਧਰਮਸ਼ਾਲਾ ਜਾਣ ਵਾਲੇ ਮੁਸਾਫ਼ਰਾਂ ਲਈ ਰਾਹਤ ਦੀ ਵੱਡੀ ਖ਼ਬਰ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਰਾਸ਼ਟਰੀ ਰਾਜਮਾਰਗ-503 (NH-503) ਨੂੰ ਚਾਰ-ਮਾਰਗੀ ਕਰਨ ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਪ੍ਰੋਜੈਕਟ ਤਹਿਤ ਰੂਪਨਗਰ ਜ਼ਿਲ੍ਹੇ ਵਿੱਚ ਹਾਈਵੇਅ ਦੇ 44.7 ਕਿਲੋਮੀਟਰ ਤੋਂ 61.7 ਕਿਲੋਮੀਟਰ ਤੱਕ ਦੇ ਹਿੱਸੇ ਨੂੰ ਚੌੜਾ ਕੀਤਾ ਜਾਵੇਗਾ, ਜਿਸ ਲਈ ਜ਼ਮੀਨ ਪ੍ਰਾਪਤੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਸੜਕ ਮਾਰਗ ਧਾਰਮਿਕ ਅਤੇ ਰਣਨੀਤਕ ਪੱਖੋਂ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਸ੍ਰੀ ਕੀਰਤਪੁਰ ਸਾਹਿਬ, ਮਾਤਾ ਨੈਣਾ ਦੇਵੀ, ਮਾਤਾ ਚਿੰਤਪੁਰਨੀ ਅਤੇ ਮਾਤਾ ਜਵਾਲਾ ਜੀ ਵਰਗੇ ਪਵਿੱਤਰ ਅਸਥਾਨਾਂ ਨੂੰ ਆਪਸ ਵਿੱਚ ਜੋੜਦਾ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਮਾਰਗ ਨੂੰ ਚਾਰ-ਮਾਰਗੀ ਕਰਨ ਦੀ ਮੰਗ ਲੰਬੇ ਸਮੇਂ ਤੋਂ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਦੇ ਬਣਨ ਨਾਲ ਨਾ ਸਿਰਫ਼ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਸਹੂਲਤ ਹੋਵੇਗੀ, ਸਗੋਂ ਇਸ ਖ਼ਤਰਨਾਕ ਮਾਰਗ 'ਤੇ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਵੀ ਵੱਡੀ ਕਮੀ ਆਵੇਗੀ।
ਜ਼ਿਕਰਯੋਗ ਹੈ ਕਿ ਆਨੰਦਪੁਰ ਸਾਹਿਬ ਤੋਂ ਨੰਗਲ ਤੱਕ ਦੀ ਸੜਕ ਦੀ ਹਾਲਤ ਕਾਫੀ ਖ਼ਰਾਬ ਸੀ, ਜਿਸ ਕਾਰਨ ਇੱਥੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਸਨ। ਇਸ ਪ੍ਰੋਜੈਕਟ ਲਈ ਜੁਲਾਈ 2022 ਵਿੱਚ ਸਰਵੇਖਣ ਕੀਤਾ ਗਿਆ ਸੀ ਅਤੇ 2023 ਵਿੱਚ ਇਸ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (DPR) ਤਿਆਰ ਕੀਤੀ ਗਈ ਸੀ। ਸਾਰੀਆਂ ਪ੍ਰਸ਼ਾਸਕੀ ਅਤੇ ਤਕਨੀਕੀ ਪ੍ਰਵਾਨਗੀਆਂ ਮਿਲਣ ਤੋਂ ਬਾਅਦ ਹੁਣ NHAI ਨੇ ਜ਼ਮੀਨ ਪ੍ਰਾਪਤੀ ਨੰਬਰ ਵੀ ਜਾਰੀ ਕਰ ਦਿੱਤੇ ਹਨ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ 'ਤੇ ਜਲਦੀ ਮੁਕੰਮਲ ਕੀਤਾ ਜਾਵੇ ਤਾਂ ਜੋ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ।


