Government of Punjab ਨੇ ਔਰਤਾਂ ਲਈ ਕੀਤਾ ਵੱਡਾ ਐਲਾਨ

By : Gill
ਪੂਰੀ ਕਰੇਗੀ ਚੋਣ ਗਾਰੰਟੀ; ਅਗਲੇ ਬਜਟ ਤੋਂ ਮਹਿਲਾਵਾਂ ਨੂੰ ਮਿਲਣਗੇ ₹1,000 ਮਹੀਨਾ
ਚੰਡੀਗੜ੍ਹ/ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ (AAP) ਵੱਲੋਂ ਚੋਣਾਂ ਦੌਰਾਨ ਮਹਿਲਾਵਾਂ ਨਾਲ ਕੀਤਾ ਗਿਆ 1,000 ਰੁਪਏ ਮਹੀਨਾ ਸਹਾਇਤਾ ਰਾਸ਼ੀ ਦਾ ਵਾਅਦਾ ਅਗਲੇ ਬਜਟ ਵਿੱਚ ਪੂਰਾ ਕਰ ਦਿੱਤਾ ਜਾਵੇਗਾ। ਸ੍ਰੀ ਮੁਕਤਸਰ ਸਾਹਿਬ ਵਿਖੇ ਰਾਜ ਪੱਧਰੀ ਮਾਘੀ ਮੇਲੇ ਦੇ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਸਰਕਾਰ ਨੇ ਇਸ ਯੋਜਨਾ ਲਈ ਤਿਆਰੀ ਕਰ ਲਈ ਹੈ।
ਮੁੱਖ ਮੰਤਰੀ ਦੇ ਸੰਬੋਧਨ ਦੇ ਮੁੱਖ ਅੰਸ਼:
ਅਗਲੇ ਬਜਟ 'ਚ ਪ੍ਰਬੰਧ: ਭਗਵੰਤ ਮਾਨ ਨੇ ਕਿਹਾ, "ਅਸੀਂ ਜਨਤਾ ਨਾਲ ਕੀਤਾ ਹਰ ਵਾਅਦਾ ਨਿਭਾਇਆ ਹੈ। ਅਗਲੇ ਬਜਟ ਵਿੱਚ ਸੂਬੇ ਦੀ ਹਰ ਮਹਿਲਾ ਨੂੰ 1,000 ਰੁਪਏ ਮਾਸਿਕ ਸਹਾਇਤਾ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।"
ਵਿਰੋਧੀਆਂ 'ਤੇ ਨਿਸ਼ਾਨਾ: ਉਨ੍ਹਾਂ ਵਿਰੋਧੀ ਪਾਰਟੀਆਂ 'ਤੇ ਹਮਲਾ ਕਰਦਿਆਂ ਕਿਹਾ ਕਿ 'ਝਾੜੂ' ਨੇ ਸਿਆਸੀ ਸਿਸਟਮ ਦੀ ਸਫਾਈ ਕਰ ਦਿੱਤੀ ਹੈ, ਜਿਸ ਕਾਰਨ ਰਵਾਇਤੀ ਪਾਰਟੀਆਂ ਦੇ ਆਗੂ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਮੈਨੂੰ ਨਿਸ਼ਾਨਾ ਇਸ ਲਈ ਬਣਾਉਂਦੇ ਹਨ ਕਿਉਂਕਿ ਮੈਂ ਇੱਕ ਆਮ ਪਰਿਵਾਰ ਵਿੱਚੋਂ ਆਇਆ ਹਾਂ।
ਸੁਖਬੀਰ ਬਾਦਲ 'ਤੇ ਤੰਜ਼: ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰੈਲੀ 'ਤੇ ਤੰਜ਼ ਕਸਦਿਆਂ ਕਿਹਾ ਕਿ ਉੱਥੇ ਸ਼ਾਇਦ ਹੀ ਕੋਈ ਪਹੁੰਚਿਆ ਹੋਵੇ, ਜਦਕਿ ਲੋਕਾਂ ਦਾ ਉਤਸ਼ਾਹ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ ਲਗਾ ਰਿਹਾ ਹੈ।
ਸਰਕਾਰ ਦੀਆਂ ਪ੍ਰਾਪਤੀਆਂ ਦਾ ਦਿੱਤਾ ਵੇਰਵਾ
ਮਾਨ ਸਰਕਾਰ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਸਿਸਟਮ ਨੂੰ ਦਰੁਸਤ ਕਰਨ ਲਈ ਕਈ ਅਹਿਮ ਕਦਮ ਚੁੱਕੇ ਗਏ ਹਨ:
ਨੌਕਰੀਆਂ: 63,000 ਤੋਂ ਵੱਧ ਨੌਜਵਾਨਾਂ ਨੂੰ ਮੈਰਿਟ ਦੇ ਅਧਾਰ 'ਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
ਪੁਲਿਸ ਭਰਤੀ: 10,000 ਨਵੇਂ ਪੁਲਿਸ ਮੁਲਾਜ਼ਮਾਂ ਦੀ ਭਰਤੀ ਦੀ ਪ੍ਰਕਿਰਿਆ ਜਾਰੀ ਹੈ।
ਬਿਜਲੀ ਸਹੂਲਤ: ਸੂਬੇ ਦੇ 90% ਘਰਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਅਤੇ ਬਿਜਲੀ ਦੀ ਸਪਲਾਈ ਨਿਰਵਿਘਨ ਜਾਰੀ ਹੈ।
ਬੁਨਿਆਦੀ ਢਾਂਚਾ: 49,000 ਕਿਲੋਮੀਟਰ ਸੜਕਾਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਦੂਰ-ਦਰਾਡੇ ਦੇ ਪਿੰਡਾਂ ਤੱਕ ਪਹਿਲੀ ਵਾਰ ਪੀਣ ਵਾਲਾ ਪਾਣੀ ਪਹੁੰਚਾਇਆ ਗਿਆ ਹੈ।
ਮੁੱਖ ਮੰਤਰੀ ਦਾ ਦਾਅਵਾ: "ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਸਰਮਾਇਆ (ਬ੍ਰੇਨ ਡਰੇਨ) ਬਾਹਰ ਜਾ ਰਿਹਾ ਸੀ, ਪਰ ਹੁਣ ਸਾਡੀ ਸਰਕਾਰ ਦੇ ਯਤਨਾਂ ਸਦਕਾ ਨੌਜਵਾਨ ਵਾਪਸ ਮੁੜ ਰਹੇ ਹਨ।"


