ਅਹਿਮਦਾਬਾਦ ਦੀ ਕੁੜੀ ਟ੍ਰੈਫਿਕ ਕਰਕੇ 5 ਮਿੰਟ ਹੋਈ ਲੇਟ, ਲੰਘ ਗਈ ਫਲਾਈਟ, ਬੱਚ ਗਈ ਜਾਨ
ਭੂਮੀ ਚੌਹਾਨ ਨੇ ਰੱਬ ਦਾ ਸ਼ੁਕਰੀਆ ਅਦਾ ਕੀਤਾ, ਕਿਹਾ ਪੈਸੇ ਗਏ ਪਰ ਜਾਨ ਬਚ ਗਈ
By : Sandeep Kaur
ਸਿਆਣੇ ਅਕਸਰ ਹੀ ਕਹਿੰਦੇ ਹਨ ਕਿ 'ਦੁਰਘਟਨਾ ਨਾਲੋਂ ਦੇਰ ਭਲੀ' ਅਤੇ ਇਹ ਦੇਰ ਹੀ ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚਣ ਵਾਲੀ ਭੂਮੀ ਚੌਹਾਨ ਲਈ ਵਰਦਾਨ ਸਾਬਤ ਹੋਈ। ਭੂਮੀ ਚੌਹਾਨ ਦੀ ਜਦੋਂ ਵੀਰਵਾਰ ਦੁਪਹਿਰੇ ਲੰਡਨ ਜਾਣ ਵਾਲੀ ਫਲਾਈਟ ਮਿਸ ਹੋ ਗਈ ਤਾਂ ਉਹ ਬਹੁਤ ਦੁਖੀ ਅਤੇ ਪਰੇਸ਼ਾਨ ਸਨ। ਹਾਲਾਂਕਿ, ਕੁਝ ਹੀ ਸਮੇਂ ਬਾਅਦ ਉਹ ਇਸ ਦੇ ਲਈ ਰੱਬ ਦਾ ਸ਼ੁਕਰੀਆ ਅਦਾ ਕਰ ਰਹੇ ਸਨ। ਦਰਅਸਲ 30 ਸਾਲਾ ਭੂਮੀ ਨੇ ਵੀ ਏਅਰ ਇੰਡੀਆ ਦੇ ਲੰਡਨ ਜਾਣ ਵਾਲੇ ਉਸੇ ਜਹਾਜ਼ ਰਾਹੀਂ ਜਾਣਾ ਸੀ ਜੋ ਗੁਜਰਾਤ ਦੇ ਅਹਿਮਦਾਬਾਦ ਤੋਂ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਭੂਮੀ ਚੌਹਾਨ ਆਪਣੇ ਜੱਦੀ ਸ਼ਹਿਰ ਗੁਜਰਾਤ ਦੇ ਅੰਕਲੇਸ਼ਵਰ ਤੋਂ ਸੜਕ ਰਾਹੀਂ ਯਾਤਰਾ ਕਰਕੇ ਫਲਾਈਟ ਫੜ੍ਹਨ ਲਈ ਅਹਿਮਦਾਬਾਦ ਜਾ ਰਹੇ ਸਨ। ਸ਼ਹਿਰ ਵਿੱਚ ਟ੍ਰੈਫਿਕ ਹੋਣ ਕਾਰਨ ਭੂਮੀ ਹਵਾਈ ਅੱਡੇ 'ਤੇ ਪੰਜ ਮਿੰਟ ਦੇਰੀ ਨਾਲ ਪਹੁੰਚੀ। ਉਸ ਨੂੰ ਹਵਾਈ ਅੱਡੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਭੂਮੀ ਚੌਹਾਨ ਪਹਿਲਾਂ ਤਾਂ ਬਹੁਤ ਪਰੇਸ਼ਾਨ ਸੀ ਕਿਉਂਕਿ ਉਸ ਦੇ ਟਿਕਟ ਦੇ ਪੈਸੇ ਬਰਬਾਦ ਹੋ ਗਏ ਸਨ ਅਤੇ ਉਹ ਸੋਚ ਰਹੀ ਸੀ ਕਿ ਸ਼ਾਇਦ ਉਸ ਦੀ ਨੌਕਰੀ ਵੀ ਚਲੀ ਜਾਵੇਗੀ। ਪਰ ਹੁਣ, ਉਹ ਸ਼ੁਕਰਗੁਜ਼ਾਰ ਹਾਂ! ਉਹ ਸੋਚਦੀ ਹੈ ਕਿ ਪੈਸੇ ਚਲੇ ਗਏ ਹਨ, ਪਰ ਜਾਨ ਬਚ ਗਈ। ਭੂਮੀ ਪਹਿਲਾਂ ਪੜ੍ਹਾਈ ਲਈ ਇੰਗਲੈਂਡ ਗਏ ਸਨ, ਜਿੱਥੇ ਉਨ੍ਹਾਂ ਨੇ ਦੋ ਸਾਲ ਪਹਿਲਾਂ ਕੇਵਲ ਚੌਹਾਨ ਨਾਲ ਵਿਆਹ ਕਰਵਾਇਆ ਸੀ। ਵਿਆਹ ਤੋਂ ਦੋ ਸਾਲ ਬਾਅਦ ਭੂਮੀ ਆਪਣੇ ਜੱਦੀ ਸ਼ਹਿਰ ਵਾਪਸ ਆਈ। ਡੇਢ ਮਹੀਨਾ ਗੁਜਰਾਤ ਰਹਿਣ ਤੋਂ ਬਾਅਦ ਭੂਮੀ ਇੰਗਲੈਂਡ ਵਾਪਸ ਜਾਣ ਲੱਗੀ ਸੀ। ਭੂਮੀ ਜਿਸ ਤਰ੍ਹਾਂ ਹੀ ਟ੍ਰੈਫਿਕ ਵਿੱਚ ਫਸੀ ਤਾਂ ਉਨਸ ਨੇ ਔਨਲਾਈਨ ਫਲਾਈਟ ਲਈ ਚੈੱਕ-ਇਨ ਕਰ ਲਿਆ ਸੀ ਪਰ ਉਨ੍ਹਾਂ ਨੂੰ ਫਲਾਈਟ ਵਿੱਚ ਚੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਏਅਰ ਇੰਡੀਆ ਦੇ ਸਟਾਫ ਨੇ ਉਸ ਨੂੰ ਕਿਹਾ ਕਿ ਉਹ ਲੇਟ ਹੋ ਗਈ ਹੈ, ਇਮੀਗ੍ਰੇਸ਼ਨ ਹੋ ਚੁੱਕਿਆ ਹੈ ਅਤੇ ਬੋਰਡਿੰਗ ਵੀ ਪੂਰੀ ਹੋ ਗਈ ਹੈ, ਇਸ ਲਈ ਉਹ ਹੁਣ ਫਲਾਈਟ ਵਿੱਚ ਚੜ੍ਹ ਨਹੀਂ ਸਕਦੀ।
ਭੂਮੀ ਨੇ ਉਨ੍ਹਾਂ ਦੀਆਂ ਬਹੁਤ ਮਿੰਨਤਾਂ ਕੀਤੀਆਂ, ਸਮਝਾਇਆ ਕਿ ਉਹ ਆਪਣੀ ਨੌਕਰੀ ਅਤੇ ਟਿਕਟ ਦੇ ਪੈਸੇ ਗੁਆ ਸਕਦੀ ਹਾਂ, ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਉਸ ਨੇ ਦੱਸਿਆ ਕਿ ਜਦੋਂ ਉਹ ਹਵਾਈ ਅੱਡੇ ਤੋਂ ਬਾਹਰ ਆਈ ਅਤੇ ਘਰ ਵਾਪਸੀ ਵੇਲੇ ਚਾਹ ਪੀਤੀ ਤਾਂ ਉਸੇ ਵੇਲੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਜਹਾਜ਼ ਕ੍ਰੈਸ਼ ਹੋ ਗਿਆ ਹੈ। ਇਸ ਸਦਮੇ ਕਾਰਨ ਭੂਮੀ ਦੀ ਆਵਾਜ਼ ਘੁਟ ਰਹੀ ਸੀ। ਉਸ ਨੇ ਕਿਹਾ ਕਿ ਉਹ ਤੁਰੰਤ ਇੱਕ ਮੰਦਰ ਗਏ ਅਤੇ ਰੱਬ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਹਿਮਦਾਬਾਦ ਦੀ ਟ੍ਰੈਫਿਕ ਨੇ ਮੇਰੀ ਜਾਨ ਬਚਾ ਲਈ ਹੈ। ਹਾਦਸੇ ਦੇ ਅਧਿਕਾਰਤ ਕਾਰਨਾਂ ਬਾਰੇ ਅਜੇ ਕੋਈ ਪੁਸ਼ਟੀ ਨਹੀਂ ਹੋਈ ਹੈ। ਏਅਰ ਇੰਡੀਆ ਨੇ ਜਹਾਜ਼ 'ਚ ਸਵਾਰ ਕੁੱਲ 242 ਲੋਕਾਂ ਵਿੱਚੋਂ 241 ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਜਹਾਜ਼ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਮੌਜੂਦ ਸਨ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਇੱਕ ਬ੍ਰਿਟਿਸ਼ ਨਾਗਰਿਕ ਹਾਦਸੇ ਵਿੱਚ ਬਚ ਗਿਆ ਹੈ।


