ਦਿੱਲੀ 'ਚ ਪੁਲਿਸ ਮੁਲਾਜ਼ਮ ਨੂੰ ਮਾਰ-ਨ ਵਾਲੇ ਰੌਕੀ ਦਾ ਐਨ-ਕਾਊਂਟਰ
By : BikramjeetSingh Gill
ਨਵੀਂ ਦਿੱਲੀ : ਦਿੱਲੀ ਪੁਲਿਸ ਨੇ 24 ਘੰਟਿਆਂ ਦੇ ਅੰਦਰ ਕਾਂਸਟੇਬਲ ਕਿਰਨਪਾਲ ਦੇ ਕਾਤਲਾਂ ਦਾ ਹਿਸਾਬ ਲਿਆ ਹੈ। ਦੋ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਦੇਰ ਰਾਤ ਹੋਏ ਮੁਕਾਬਲੇ 'ਚ ਮੁੱਖ ਦੋਸ਼ੀ ਰਾਘਵ ਉਰਫ ਰੌਕੀ ਮਾਰਿਆ ਗਿਆ। ਤਿੰਨ ਬਦਮਾਸ਼ਾਂ ਨੇ ਸ਼ਨੀਵਾਰ ਤੜਕੇ ਕਿਰਨਪਾਲ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਸੀ। ਪੁਲਿਸ ਮੁਲਾਜ਼ਮ ਦੀ ਹੱਤਿਆ ਨੂੰ ਲੈ ਕੇ ਰਾਜਧਾਨੀ 'ਚ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਉਠਾਏ ਜਾ ਰਹੇ ਹਨ।
ਦਿੱਲੀ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਦੱਖਣੀ ਦਿੱਲੀ ਦੇ ਸੰਗਮ ਵਿਹਾਰ ਇਲਾਕੇ 'ਚ ਅੱਧੀ ਰਾਤ ਨੂੰ ਪੁਲਸ ਨੇ ਰੌਕੀ ਦੀ ਪਛਾਣ ਕੀਤੀ ਤਾਂ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ। ਪਰ ਉਸ ਨੇ ਨੇੜੇ ਤੋਂ ਪੁਲਿਸ ਪਾਰਟੀ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੇ ਬਚਾਅ ਵਿਚ ਪੁਲਿਸ ਟੀਮ ਨੇ ਵੀ ਜਵਾਬੀ ਕਾਰਵਾਈ ਕੀਤੀ। ਗੋਲੀ ਲੱਗਣ ਨਾਲ ਰੌਕੀ ਜ਼ਖ਼ਮੀ ਹੋ ਗਿਆ। ਪੁਲਿਸ ਉਸਨੂੰ ਓਖਲਾ ਦੇ ਈਐਸਆਈਸੀ ਹਸਪਤਾਲ ਲੈ ਗਈ, ਜਿੱਥੇ ਉਸਦੀ ਮੌਤ ਹੋ ਗਈ। ਇਹ ਮੁਕਾਬਲਾ ਸਥਾਨਕ ਪੁਲਿਸ ਅਤੇ ਸਪੈਸ਼ਲ ਸੈੱਲ ਨੇ ਸਾਂਝੇ ਤੌਰ 'ਤੇ ਕੀਤਾ ਸੀ।
ਯੂਪੀ ਦੇ ਬੁਲੰਦਸ਼ਹਿਰ ਦਾ ਰਹਿਣ ਵਾਲਾ ਕਿਰਨ ਪਾਲ ਗੋਵਿੰਦਪੁਰੀ ਥਾਣੇ ਵਿੱਚ ਤਾਇਨਾਤ ਸੀ। ਉਹ ਸ਼ਨੀਵਾਰ ਤੜਕੇ ਗਸ਼ਤ 'ਤੇ ਨਿਕਲਿਆ ਸੀ। ਇਸ ਦੌਰਾਨ ਜਦੋਂ ਉਸ ਨੇ ਤਿੰਨ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਤਾਂ ਝਗੜਾ ਹੋ ਗਿਆ। ਮੁਲਜ਼ਮਾਂ ਨੇ ਕਾਂਸਟੇਬਲ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਸਵੇਰੇ ਜਦੋਂ ਲੋਕ ਜਾਗ ਪਏ ਤਾਂ ਉਨ੍ਹਾਂ ਗਲੀ ਨੰਬਰ 13 ਦੇ ਮੁੱਖ ਚੌਰਾਹੇ ਕੋਲ ਕਾਂਸਟੇਬਲ ਨੂੰ ਖੂਨ ਨਾਲ ਲੱਥਪੱਥ ਦੇਖਿਆ। ਲੋਕ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਨੇ ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰਨ ਤੋਂ ਬਾਅਦ ਤਿੰਨ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ।