ਅਕਾਲ ਤਖ਼ਤ ਵਲੋਂ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਦੀਆਂ ਪੰਥਕ ਸੇਵਾਵਾਂ 'ਤੇ ਪਾਬੰਦੀ
ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਅਤੇ ਪ੍ਰਚਾਰਕਾਂ ਨੂੰ ਅਗਲੇ ਚਾਰ ਮਹੀਨਿਆਂ ਲਈ ਪੰਜਾਬ ਦੇ ਪਿੰਡਾਂ 'ਚ ਧਰਮ ਪ੍ਰਚਾਰ ਕਰਨ ਦੀ ਅਪੀਲ।

ਅੰਮ੍ਰਿਤਸਰ, 8 ਅਪ੍ਰੈਲ 2025 – ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਬੈਠਕ ਦੌਰਾਨ ਕਈ ਅਹਿਮ ਫੈਸਲੇ ਲਏ ਗਏ, ਜਿਨ੍ਹਾਂ ਵਿੱਚ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ 'ਤੇ ਰੋਕ ਲਾਉਣ ਤੋਂ ਲੈ ਕੇ ਧਰਮ ਪ੍ਰਚਾਰ ਨੂੰ ਵਧਾਵਣ ਦੇ ਨਵੇਂ ਉਪਰਾਲੇ ਵੀ ਸ਼ਾਮਲ ਹਨ।
ਮੁੱਖ ਫੈਸਲੇ:
ਸਨਮਾਨ – ਗੁਰਬਾਣੀ ਸੰਥਿਆ ਸੇਵਾਵਾਂ ਲਈ ਗਿਆਨੀ ਮਲਕੀਤ ਸਿੰਘ (ਖੰਡੂਰ) ਦੀ ਸੰਘਣੀ ਸੇਵਾ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸਿੰਘਣੀ ਨੂੰ ਅਕਾਲ ਤਖਤ ਵਲੋਂ ਸਨਮਾਨਿਤ ਕੀਤਾ ਜਾਵੇਗਾ।
ਸ਼ਲਾਘਾ – ਦਸ਼ਮੇਸ਼ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ “ਸਫਰ-ਏ-ਸ਼ਹਾਦਤ” ਰਾਹੀਂ ਪ੍ਰਚਾਰ ਕਰਨ ਵਾਲੇ ਗਿਆਨੀ ਹਰਪਾਲ ਸਿੰਘ (ਫ਼ਤਹਿਗੜ੍ਹ ਸਾਹਿਬ) ਦੀ ਸੇਵਾ ਨੂੰ ਵੀ ਸਰਾਹਿਆ ਗਿਆ।
ਇਤਿਹਾਸਕ ਸਾਖੀਆਂ ਦੀ ਰਵਾਇਤ – ਹਰ ਸਿੱਖ ਘਰ ਵਿਚ ਰੋਜ਼ਾਨਾ ਨੀਂਦ ਤੋਂ ਪਹਿਲਾਂ ਸਿੱਖ ਇਤਿਹਾਸ ਦੀਆਂ ਸਾਖੀਆਂ ਸੁਣਾਉਣ ਦੀ ਪੁਰਾਣੀ ਰਵਾਇਤ ਮੁੜ ਜੀਵੰਤ ਕਰਨ ਦੀ ਅਪੀਲ।
ਲੰਗਰ ਰਵਾਇਤ – ਅੰਤਿਮ ਅਰਦਾਸ ਸਮੇਂ ਸਾਧਾਰਣ ਲੰਗਰ ਰਾਹੀਂ ਗੁਰੂ ਕੇ ਲੰਗਰ ਦੀ ਮੂਲ ਭਾਵਨਾ ਨੂੰ ਅੱਗੇ ਵਧਾਉਣ ਅਤੇ ਇਸ ਤਰ੍ਹਾਂ ਹੋਣ ਵਾਲੇ ਖਰਚ ਨੂੰ ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਵਰਤਣ ਦੀ ਸਿਫ਼ਾਰਸ਼।
ਰੋਕ – ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ 'ਤੇ ਪੰਥਕ ਸਰਗਰਮੀਆਂ ਤੇ ਰੋਕ ਲਾਈ ਗਈ ਹੈ। ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੀ ਹਦਾਇਤ ਦਿੱਤੀ ਗਈ ਹੈ।
ਪ੍ਰਚਾਰ ਲਹਿਰ – ਵਿਸ਼ਵ ਭਰ ਦੀਆਂ ਸਿੱਖ ਸੰਸਥਾਵਾਂ ਅਤੇ ਪ੍ਰਚਾਰਕਾਂ ਨੂੰ ਅਗਲੇ ਚਾਰ ਮਹੀਨਿਆਂ ਲਈ ਪੰਜਾਬ ਦੇ ਪਿੰਡਾਂ 'ਚ ਧਰਮ ਪ੍ਰਚਾਰ ਕਰਨ ਦੀ ਅਪੀਲ।
ਸੇਵਾਦਾਰ ਪਰਿਵਾਰਾਂ ਲਈ ਅਪੀਲ – ਗੁਰਦੁਆਰਿਆਂ ਦੇ ਗ੍ਰੰਥੀ, ਕੀਰਤਨੀਏ ਅਤੇ ਸੇਵਾਦਾਰਾਂ ਦੇ ਪਰਿਵਾਰਾਂ ਦੀ ਭਲਾਈ ਅਤੇ ਬੱਚਿਆਂ ਦੀ ਪੜ੍ਹਾਈ ਵੱਲ ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਨੂੰ ਖ਼ਾਸ ਧਿਆਨ ਦੇਣ ਦੀ ਅਪੀਲ।
ਵੈਸਾਖੀ ਸਮਾਗਮ – 13 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਖਾਲਸੇ ਸਾਜਨਾ ਦਿਵਸ ਲਈ ਵਿਸ਼ੇਸ਼ ਅੰਮ੍ਰਿਤ ਸੰਚਾਰ ਅਤੇ ਗੁਰਮਤਿ ਸਮਾਗਮਾਂ ਦੇ ਆਯੋਜਨ ਦੀ ਹਦਾਇਤ।