ਟੀਮ ਇੰਡੀਆ ਕੋਲ ਚੈਂਪੀਅਨ ਬਣਨ ਦਾ ਸੁਨਹਿਰੀ ਮੌਕਾ
ਇਸ ਆਈਸੀਸੀ ਟੂਰਨਾਮੈਂਟ ਵਿੱਚ ਭਾਰਤ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗਾ। ਇੱਥੋਂ ਦੀਆਂ ਪਿੱਚਾਂ ਸਪਿਨ ਗੇਂਦਬਾਜ਼ਾਂ ਲਈ ਮਦਦਗਾਰ ਹਨ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ

By : Gill
ਮੁੰਬਈ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਪਾਕਿਸਤਾਨ ਦੀ ਮੇਜ਼ਬਾਨੀ ਹੇਠ ਹਾਈਬ੍ਰਿਡ ਮਾਡਲ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ 2025 ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਇੰਡੀਆ ਦੀ ਕਮਾਨ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ। ਸ਼ੁਭਮਨ ਗਿੱਲ ਟੀਮ ਦੇ ਉਪ ਕਪਤਾਨ ਹੋਣਗੇ। ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵੀ ਟੀਮ ’ਚ ਥਾਂ ਮਿਲੀ ਹੈ।
ਇਸ ਆਈਸੀਸੀ ਟੂਰਨਾਮੈਂਟ ਵਿੱਚ ਭਾਰਤ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗਾ। ਇੱਥੋਂ ਦੀਆਂ ਪਿੱਚਾਂ ਸਪਿਨ ਗੇਂਦਬਾਜ਼ਾਂ ਲਈ ਮਦਦਗਾਰ ਹਨ, ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਟੀਮ ਵਿੱਚ 4 ਸਪਿਨਰਾਂ ਨੂੰ ਜਗ੍ਹਾ ਦਿੱਤੀ ਗਈ ਹੈ। ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਸਪਿਨ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰਨਗੇ, ਉਨ੍ਹਾਂ ਦੇ ਨਾਲ ਸਟਾਰ ਸਪਿਨਰ ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ ਅਤੇ ਅਕਸ਼ਰ ਪਟੇਲ ਵੀ ਹੋਣਗੇ।
ਟੀਮ ਇੰਡੀਆ ਚੈਂਪੀਅਨਜ਼ ਟਰਾਫੀ ਦੇ 12 ਸਾਲਾਂ ਦੇ ਸੋਕੇ ਨੂੰ ਖਤਮ ਕਰਨ ਲਈ ਮੈਦਾਨ 'ਤੇ ਉਤਰੇਗੀ। ਟੀਮ ਵਿੱਚ ਤਜਰਬੇਕਾਰ ਅਤੇ ਨੌਜਵਾਨ ਖਿਡਾਰੀਆਂ ਦਾ ਮਿਸ਼ਰਣ ਹੈ। ਟੀਮ ਕੋਲ ਸਟਾਰ ਬੱਲੇਬਾਜ਼ਾਂ ਦੇ ਨਾਲ-ਨਾਲ ਘਾਤਕ ਗੇਂਦਬਾਜ਼ਾਂ ਦਾ ਸੰਪੂਰਨ ਸੁਮੇਲ ਹੈ। ਟੀਮ ਵਿੱਚ ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ ਅਤੇ ਰਵਿੰਦਰ ਜਡੇਜਾ ਵਰਗੇ 4 ਸਟਾਰ ਆਲਰਾਊਂਡਰ ਹੋਣ ਨਾਲ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਡੂੰਘਾਈ ਮਿਲੇਗੀ।
ਘਰੇਲੂ ਕ੍ਰਿਕਟ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਹੇ ਤਜਰਬੇਕਾਰ ਸੱਜੇ ਹੱਥ ਦੇ ਬੱਲੇਬਾਜ਼ ਕਰੁਣ ਨਾਇਰ ਨੂੰ ਰਾਸ਼ਟਰੀ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ। ਇਨ੍ਹਾਂ ਤੋਂ ਇਲਾਵਾ ਨਿਤੀਸ਼ ਕੁਮਾਰ ਰੈੱਡੀ, ਸੰਜੂ ਸੈਮਸਨ, ਯੁਜਵੇਂਦਰ ਚਾਹਲ, ਮੁਹੰਮਦ ਸਿਰਾਜ, ਰਵੀ ਬਿਸ਼ਨੋਈ ਅਤੇ ਸੂਰਿਆਕੁਮਾਰ ਯਾਦਵ ਵਰਗੇ ਖਿਡਾਰੀਆਂ ਨੂੰ ਚੈਂਪੀਅਨਜ਼ ਟਰਾਫੀ ਲਈ ਐਲਾਨੀ ਗਈ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
ਇਸ ਮੌਕੇ ਮੁੱਖ ਚੋਣਕਾਰ ਅਗਰਕਰ ਨੇ ਬੀ.ਸੀ.ਸੀ.ਆਈ. ਵਲੋਂ ਖਿਡਾਰੀਆਂ ਲਈ ਜਾਰੀ ਬੋਰਡ ਦੇ 10 ਨੁਕਾਤੀ ਹਦਾਇਤਾਂ ਬਾਰੇ ਕਿਹਾ, ‘‘ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਹੁਕਮ ਹੈ, ਇਹ ਉਨ੍ਹਾਂ ਚੀਜ਼ਾਂ ਵਿਚੋਂ ਇਕ ਹੈ ਜਿਸ 'ਤੇ ਬੀ.ਸੀ.ਸੀ.ਆਈ. ਨੇ ਆਪਣਾ ਨਜ਼ਰੀਆ ਰੱਖਿਆ ਹੈ।’’ ਉਨ੍ਹਾਂ ਕਿਹਾ ਕਿ ਜ਼ਿਆਦਾਤਰ ਖਿਡਾਰੀ ਜਲਦੀ ਹੀ ਰਣਜੀ ਟਰਾਫੀ ਖੇਡਣਗੇ, ਬਸ਼ਰਤੇ ਉਹ ਜ਼ਖਮੀ ਨਾ ਹੋਣ।
ਟੀਮ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪਾਂਡਿਆ, ਅਕਸ਼ਰ ਪਟੇਲ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ।
ਦਿਲੀਪ ਵੈਂਗਸਰਕਰ ਦਾ ਮੰਨਣਾ ਹੈ ਕਿ ਰੋਹਿਤ ਅਤੇ ਕੋਹਲੀ ਵੱਡੇ ਮੈਚ ਖਿਡਾਰੀ ਹਨ ਅਤੇ ਉਹ ਵੱਡੇ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਟੀਮ ਇੰਡੀਆ ਕੋਲ ਇਸ ਵਾਰ ਚੈਂਪੀਅਨ ਬਣਨ ਦਾ ਸੁਨਹਿਰੀ ਮੌਕਾ ਹੈ।


