MGNREGA ਨਾਲ ਛੇੜਛਾੜ ਗਰੀਬਾਂ ਦੇ ਹੱਕਾਂ ’ਤੇ ਹਮਲਾ, Congress ਸੜਕ ਤੋਂ ਸੰਸਦ ਤੱਕ ਲੜੇਗੀ: Sukhpal Khaira
ਅੰਮ੍ਰਿਤਸਰ ਦੇ ਦਿਹਾਤੀ ਕਾਂਗਰਸ ਦਫ਼ਤਰ ਵਿਖੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਇੱਕ ਅਹੰਕਾਰਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ।

By : Gurpiar Thind
ਅੰਮ੍ਰਿਤਸਰ : ਅੰਮ੍ਰਿਤਸਰ ਦੇ ਦਿਹਾਤੀ ਕਾਂਗਰਸ ਦਫ਼ਤਰ ਵਿਖੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਇੱਕ ਅਹੰਕਾਰਪੂਰਨ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਏਆਈਸੀਸੀ ਸਕੱਤਰ ਸੁਖਵਿੰਦਰ ਸਿੰਘ ਡੈਨੀ, ਡੀਸੀਸੀ ਪ੍ਰਧਾਨ ਮਿਠੂ ਮੈਦਾਨ, ਵਿਧਾਇਕ ਸੁਨੀਲ ਦੱਤੀ, ਜੁਗਲ ਕਿਸ਼ੋਰ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਮੌਜੂਦ ਸਨ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਪਾਲ ਖਹਿਰਾ ਨੇ ਕੇਂਦਰ ਦੀ ਭਾਜਪਾ ਸਰਕਾਰ ’ਤੇ ਮਨਰੇਗਾ (ਮਹਾਤਮਾ ਗਾਂਧੀ ਰਾਸ਼ਟਰੀ ਪਿੰਡ ਰੋਜ਼ਗਾਰ ਗਾਰੰਟੀ ਐਕਟ) ਨਾਲ ਛੇੜਛਾੜ ਕਰਨ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਮਨਰੇਗਾ 2005 ਵਿੱਚ ਕਾਂਗਰਸ ਸਰਕਾਰ ਵੱਲੋਂ ਗਰੀਬਾਂ, ਦਲਿਤਾਂ, ਪਛੜੇ ਵਰਗਾਂ, ਔਰਤਾਂ ਅਤੇ ਬੇਜ਼ਮੀਨ ਕਿਸਾਨਾਂ ਲਈ ਇੱਕ ਉਮੀਦ ਦੀ ਕਿਰਨ ਵਜੋਂ ਲਾਗੂ ਕੀਤੀ ਗਈ ਸੀ, ਜਿਸ ਨਾਲ ਕਰੋੜਾਂ ਪਰਿਵਾਰਾਂ ਨੂੰ ਰੋਜ਼ਗਾਰ ਮਿਲਿਆ।
ਖਹਿਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਬਿਨਾਂ ਸਟੇਕਹੋਲਡਰਾਂ ਅਤੇ ਰਾਜ ਸਰਕਾਰਾਂ ਨਾਲ ਸਲਾਹ ਕੀਤੇ ਇਸ ਸਕੀਮ ਦਾ ਮੂਲ ਕਿਰਦਾਰ ਬਦਲ ਦਿੱਤਾ ਹੈ। ਪਹਿਲਾਂ 100 ਫੀਸਦੀ ਕੇਂਦਰੀ ਫੰਡ ਵਾਲੀ ਇਸ ਸਕੀਮ ਨੂੰ ਹੁਣ 60:40 ਦੇ ਅਨੁਪਾਤ ਵਿੱਚ ਵੰਡ ਦਿੱਤਾ ਗਿਆ ਹੈ, ਜੋ ਰਾਜਾਂ ਲਈ ਅਸੰਭਵ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਰਗਾ ਕਰਜ਼ੇ ਵਿੱਚ ਡੁੱਬਿਆ ਸੂਬਾ 40 ਫੀਸਦੀ ਭਾਰ ਨਹੀਂ ਝੱਲ ਸਕਦਾ, ਜਿਸ ਨਾਲ ਮਨਰੇਗਾ ਹੌਲੀ-ਹੌਲੀ ਖਤਮ ਹੋ ਜਾਵੇਗੀ।
ਉਨ੍ਹਾਂ ਦੋਸ਼ ਲਗਾਇਆ ਕਿ ਮਨਰੇਗਾ ਦਾ ਡਿਮਾਂਡ ਬੇਸਡ ਕਰੈਕਟਰ ਖਤਮ ਕਰਕੇ ਇਸਨੂੰ ਬਜਟਰੀ ਸਕੀਮ ਬਣਾਇਆ ਗਿਆ ਹੈ, ਜਿਸ ਨਾਲ ਗਰੀਬਾਂ ਦੇ 100 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਖਤਰੇ ਵਿੱਚ ਪੈ ਗਈ ਹੈ। ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਮਸਲੇ ’ਤੇ ਸੰਸਦ ਤੋਂ ਲੈ ਕੇ ਸੜਕ ਤੱਕ ਸੰਘਰਸ਼ ਕਰੇਗੀ।
ਇਸ ਤੋਂ ਇਲਾਵਾ, ਸੁਖਪਾਲ ਖਹਿਰਾ ਨੇ ‘ਵੀਰ ਬਾਲ ਦਿਵਸ’ ਦੇ ਨਾਮ ’ਤੇ ਵੀ ਐਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦੇ ਕੋਈ ਸਧਾਰਣ ਬਾਲ ਨਹੀਂ ਸਨ, ਸਗੋਂ ਕੌਮੀ ਸ਼ਹੀਦ ਸਨ, ਜਿਨ੍ਹਾਂ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਅਤੇ ਧਰਮ ਦੀ ਰੱਖਿਆ ਲਈ ਸੀ। ਇਸ ਲਈ ‘ਵੀਰ ਬਾਲ ਦਿਵਸ’ ਦਾ ਨਾਮ ਬਦਲ ਕੇ ‘ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਵਸ’ ਕੀਤਾ ਜਾਣਾ ਚਾਹੀਦਾ ਹੈ।
ਖਹਿਰਾ ਨੇ ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਰੋਕੇ ਜਾਣ ’ਤੇ ਵੀ ਕੇਂਦਰ ਸਰਕਾਰ ਦੀ ਚੁੱਪੀ ’ਤੇ ਸਵਾਲ ਚੁੱਕੇ ਅਤੇ ਕਿਹਾ ਕਿ ਇਹ ਵਿਦੇਸ਼ਾਂ ਵਿੱਚ ਵੱਸਦੀ ਸਿੱਖ ਕਮਿਊਨਿਟੀ ਨਾਲ ਧੱਕਾ ਹੈ। ਆਖ਼ਰ ਵਿੱਚ, ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਪੰਜਾਬ ਦੇ ਹੱਕਾਂ ਦੀ ਰੱਖਿਆ ਕਰਨ ਵਿੱਚ ਨਾਕਾਮ ਰਹੀ ਹੈ, ਚਾਹੇ ਉਹ ਮਨਰੇਗਾ ਹੋਵੇ, ਕਿਸਾਨ ਅੰਦੋਲਨ, ਪੰਜਾਬ ਯੂਨੀਵਰਸਿਟੀ ਦਾ ਮਸਲਾ ਜਾਂ ਕਾਨੂੰਨ-ਵਿਵਸਥਾ।
ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਲਈ ਹਰ ਪੱਧਰ ’ਤੇ ਲੜਾਈ ਜਾਰੀ ਰੱਖੇਗੀ।


