ਅਸਾਮ ਗੈਂ-ਗਰੇਪ ਦਾ ਮੁੱਖ ਦੋਸ਼ੀ ਤਫਾਜੁਲ ਫ਼ਰਾਰ, ਨਾਲ ਹੀ ਹੋ ਗਈ ਮੌ-ਤ
ਛੱਪੜ 'ਚ ਡੁੱਬ ਕੇ ਮੌਤ
By : BikramjeetSingh Gill
ਆਸਾਮ : ਆਸਾਮ ਦੇ ਢਿੰਗ ਵਿੱਚ 14 ਸਾਲਾ ਲੜਕੀ ਨਾਲ ਸਮੂਹਿਕ ਬਲਾਤਕਾਰ ਦੇ ਤਿੰਨ ਮੁਲਜ਼ਮਾਂ ਵਿੱਚੋਂ ਇੱਕ ਦੀ ਸ਼ਨੀਵਾਰ ਤੜਕੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪੁਲੀਸ ਟੀਮ ਉਸ ਨੂੰ ਕ੍ਰਾਈਮ ਸੀਨ ਲਈ ਲੈ ਕੇ ਗਈ ਤਾਂ ਉਸ ਨੇ ਛੱਪੜ ਵਿੱਚ ਛਾਲ ਮਾਰ ਦਿੱਤੀ। ਇੱਥੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਉਸ ਦੇ ਹੱਥਾਂ 'ਤੇ ਹੱਥਕੜੀਆਂ ਬੰਨ੍ਹੀਆਂ ਹੋਈਆਂ ਸਨ। ਨਿਊਜ਼ ਏਜੰਸੀ ਪੀਟੀਆਈ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਤਫਜੁਲ ਇਸਲਾਮ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸ਼ਨੀਵਾਰ ਨੂੰ ਉਸ ਨੂੰ ਮੌਕੇ 'ਤੇ ਲਿਜਾਇਆ ਗਿਆ। ਪੁਲਿਸ ਨੇ ਕਿਹਾ, "ਮੁਲਜ਼ਮ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋ ਗਿਆ ਅਤੇ ਛੱਪੜ ਵਿੱਚ ਛਾਲ ਮਾਰ ਗਿਆ। ਤੁਰੰਤ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਲਗਭਗ ਦੋ ਘੰਟੇ ਬਾਅਦ ਉਸਦੀ ਲਾਸ਼ ਬਰਾਮਦ ਕੀਤੀ ਗਈ।"
ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ 14 ਸਾਲ ਦੀ ਲੜਕੀ ਨਾਲ ਕਥਿਤ ਸਮੂਹਿਕ ਬਲਾਤਕਾਰ ਤੋਂ ਬਾਅਦ ਅਸਾਮ ਦੇ ਨਗਾਓਂ ਜ਼ਿਲੇ 'ਚ ਹੰਗਾਮਾ ਅਤੇ ਗੁੱਸਾ ਹੈ। ਇਸ ਘਟਨਾ ਤੋਂ ਬਾਅਦ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਵਿਦਿਆਰਥੀ ਯੂਨੀਅਨ ਅਤੇ ਵੱਖ-ਵੱਖ ਜਥੇਬੰਦੀਆਂ ਨੇ ਇਲਾਕੇ ਵਿੱਚ ਬੰਦ ਦਾ ਸੱਦਾ ਦਿੱਤਾ ਹੈ। ਰਿਪੋਰਟ ਮੁਤਾਬਕ ਨਾਬਾਲਗ ਲੜਕੀ ਅਰਧ ਬੇਹੋਸ਼ੀ ਦੀ ਹਾਲਤ 'ਚ ਛੱਪੜ ਨੇੜੇ ਪਈ ਮਿਲੀ, ਉਸ ਦਾ ਸਾਈਕਲ ਵੀ ਛੱਪੜ ਦੇ ਨੇੜੇ ਹੀ ਸੀ। ਕੁਝ ਸਥਾਨਕ ਲੋਕਾਂ ਨੇ ਬੱਚੀ ਨੂੰ ਦੇਖਿਆ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।